ਬਠਿੰਡਾ: ਸ਼ਹਿਰ ਵਿੱਚ ਵਾਪਰ ਰਹੀਆਂ ਆਏ ਦਿਨ ਲੁੱਟ ਖੋਹ ਦੀਆਂ ਵਾਰਦਾਤਾਂ ਤੋਂ ਪ੍ਰੇਸ਼ਾਨ ਲੋਕਾਂ ਵੱਲੋਂ ਆਪਣੀਆਂ ਦੁਕਾਨਾਂ ਬੰਦ ਕਰਕੇ ਪੰਜਾਬ ਪੁਲਿਸ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਦਿਨੀਂ ਦਾਣਾ ਮੰਡੀ ਵਿੱਚ ਮੋਬਾਈਲ ਦਾ ਕਾਰੋਬਾਰ ਕਰਨ ਵਾਲੇ ਕਾਰੋਬਾਰੀ ਤੂੰ ਉਸ ਸਮੇਂ ਲੱਖਾਂ ਰੁਪਏ ਦੀ ਲੁੱਟ ਅਤੇ ਮੋਬਾਈਲ ਖੋਹ ਹੋਈ ਜਦੋਂ ਉਹ ਆਪਣੇ ਘਰ ਜਾਣ ਦੀ ਤਿਆਰੀ ਕਰ ਰਿਹਾ ਸੀ। ਲੁੱਟ ਦਾ ਸ਼ਿਕਾਰ ਹੋਏ ਵਪਾਰੀ ਦੀਪਕ ਨੇ ਦੱਸਿਆ ਕਿ ਉਹ ਰਾਤ ਨੂੰ ਆਪਣਾ ਕਾਰੋਬਾਰ ਵਧਾ ਕੇ ਘਰ ਨੂੰ ਜਾਣ ਦੀ ਤਿਆਰੀ ਕਰ ਰਿਹਾ ਸੀ ਅਤੇ ਮੈਂ ਆਪਣਾ ਬੈਗ ਸਕੂਟੀ ਦੇ ਅੱਗੇ ਰੱਖਿਆ ਹੋਇਆ ਸੀ, ਜਿਸ ਵਿੱਚ ਲੱਖਾਂ ਰੁਪਏ ਅਤੇ ਮੋਬਾਇਲ ਸਨ ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਉਸ ਦੀ ਸਕੂਟਰੀ ਅੱਗੇ ਰੱਖੇ ਬੈਗ ਨੂੰ ਚੁੱਕ ਕੇ ਫਰਾਰ ਹੋ ਗਿਆ। ਲੁੱਟ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿਚ ਕੈਦ ਹੋ ਗਈ।
ਪਰੇਸ਼ਾਨ ਹੋਏ ਵਪਾਰੀ: ਪੀੜਤ ਦਾ ਕਹਿਣਾ ਹੈ ਕਿ ਮਾਮਲੇ ਸਬੰਧੀ ਪੁਲਿਸ ਨੂੰ ਸ਼ਿਕਾਇਤ ਕੀਤੇ ਜਾਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਹੁੰਦੀ ਵੇਖ ਅੱਜ ਪਰੇਸ਼ਾਨ ਹੋਏ ਵਪਾਰੀਆਂ ਵੱਲੋਂ ਦਾਣਾ ਮੰਡੀ ਵਿਚਲੀਆਂ ਆਪਣੀਆਂ ਦੁਕਾਨਾਂ ਬੰਦ ਕਰ ਕੇ ਪੰਜਾਬ ਸਰਕਾਰ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਪੁਲਸ ਪ੍ਰਸ਼ਾਸਨ ਨੂੰ ਸ਼ਿਕਾਇਤ ਕਰਨ ਦੇ ਬਾਵਜੂਦ ਉਹ ਕੁੰਭਕਰਨੀ ਨੀਂਦ ਤੋਂ ਨਹੀਂ ਜਾਗੇ। ਪ੍ਰਦਰਸ਼ਨਕਾਰੀਆਂ ਮੁਤਾਬਿਕ ਲਗਾਤਾਰ ਇਲਾਕੇ ਵਿੱਚ ਘਟਨਾਵਾਂ ਵਾਪਰ ਰਹੀਆਂ ਹਨ ਪਰ ਪੁਲਿਸ ਕੋਈ ਵੀ ਕਾਰਵਾਈ ਨਹੀਂ ਕਰ ਰਹੀ।
ਸੜਕ ਜਾਮ ਕਰਕੇ ਪ੍ਰਦਰਸ਼ਨ: ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਦਾਣਾ ਮੰਡੀ ਵਿਚ ਹਰ ਰੋਜ਼ ਲੱਖਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ ਅਤੇ ਆਏ ਦਿਨ ਨਸ਼ੇ ਲੁੱਟਖੋਹ ਦੀਆਂ ਵਾਰਦਾਤਾਂ ਵਾਪਰਦੀਆਂ ਹਨ, ਪਰ ਪੁਲੀਸ ਵੱਲੋਂ ਫੇਰ ਵੀ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਾ ਰਹੇ ਜਿਸ ਕਾਰਨ ਅੱਜ ਉਹਨਾਂ ਵੱਲੋਂ ਇਹ ਸੜਕ ਜਾਮ ਕਰਕੇ ਅਤੇ ਆਪਣੇ ਕਾਰੋਬਾਰ ਬੰਦ ਕਰਕੇ ਪੰਜਾਬ ਪੁਲਿਸ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਖ਼ਤ ਸੁਰੱਖਿਆ ਪ੍ਰਬੰਧ ਨਾ ਕੀਤੇ ਤਾਂ ਆਉਂਦੇ ਦਿਨਾਂ ਵਿਚ ਉਹ ਹੋਰ ਤਿੱਖਾ ਸੰਘਰਸ਼ ਕਰਨਗੇ।
ਇਹ ਵੀ ਪੜ੍ਹੋ: Sukhpal Khaira Tweet to CM Maan: ਸੁਖਪਾਲ ਖਹਿਰਾ ਵੱਲੋਂ CM Maan ਦੇ ਨਾਂ ਵੀਡੀਓ, ਕਿਹਾ- ਪੰਜਾਬ 'ਚ ਤਾਲਿਬਾਨ ਰਾਜ
ਪੁਲਿਸ ਨੇ ਦਿੱਤਾ ਕਾਰਵਾਈ ਦਾ ਭਰੋਸਾ: ਦੂਜੇ ਪਾਸੇ ਪੁਲਿਸ ਦਾ ਕਹਿਣਾ ਹੈ ਕਿ ਪ੍ਰਦਰਸ਼ਨਕਾਰੀਆਂ ਦੇ ਇਲਜ਼ਾਮ ਬੇਬੁਨਿਆਦ ਨੇ ਅਤੇ ਉਹ ਪਹਿਲੇ ਦਿਨ ਤੋਂ ਬੜੀ ਸੰਜੀਦਗੀ ਨਾਲ ਲੁਟੇਰਿਆਂ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਲੁੱਟ ਦੀ ਵਾਰਦਾਤ ਦੀਆਂ ਸੀਸੀਟੀਵੀ ਤਸਵੀਰਾਂ ਜੋ ਸਾਹਮਣੇ ਆਈਆਂ ਹਨ। ਉਨ੍ਹਾਂ ਨੂੰ ਖੰਗਾਲਿਆ ਜਾ ਰਿਹਾ ਹੈ ਅਤੇ ਜਲਦ ਹੀ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।