ਬਠਿੰਡਾ: ਭਾਰਤੀ ਜਨਤਾ ਪਾਰਟੀ ਵੱਲੋਂ ਪੰਜਾਬ ਭਾਜਪਾ ਦਾ ਸੁਨੀਲ ਜਾਖੜ ਨੂੰ ਪ੍ਰਧਾਨ ਨਿਯੁਕਤ ਕੀਤੇ ਜਾਣ ਉਤੇ ਦਲਿਤ ਮਹਾਂਪੰਚਾਇਤ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦਲਿਤ ਮਹਾਂਪੰਚਾਇਤ ਦੇ ਚੇਅਰਮੈਨ ਕਿਰਨਜੀਤ ਸਿੰਘ ਗੈਰੀ ਨੇ ਅੱਜ ਸਰਕਟ ਹਾਊਸ ਵਿਖੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਭਾਜਪਾ ਵੱਲੋਂ ਕਾਂਗਰਸ ਵਿਚੋਂ ਕੱਢੇ ਗਏ ਜਾਖੜ ਨੂੰ ਪ੍ਰਧਾਨ ਬਣਾਏ ਜਾਣ ਦਾ ਉਹ ਸਖਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ, ਕਿਉਂਕਿ ਸੁਨੀਲ ਜਾਖੜ ਨੇ ਆਪਣਾ ਦਲਿਤ ਵਿਰੋਧੀ ਚਿਹਰਾ ਉਸ ਸਮੇਂ ਸਾਹਮਣੇ ਲਿਆਂਦਾ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਬਣਾਇਆ ਗਿਆ ਸੀ।
ਜੇਕਰ ਸੁਨੀਲ ਜਾਖੜ ਦੀ ਪ੍ਰਧਾਨਗੀ ਉਤੇ ਮੁੜ ਵਿਚਾਰ ਨਾ ਹੋਇਆ ਤਾਂ ਕਰਾਂਗੇ ਅੰਦੋਲਨ : ਉਸ ਸਮੇਂ ਸੁਨੀਲ ਜਾਖੜ ਵੱਲੋਂ ਕਿਹਾ ਗਿਆ ਸੀ ਕਿ ਜਿਨ੍ਹਾਂ ਦੀ ਜਗ੍ਹਾ ਪੈਰਾਂ ਵਿਚ ਹੈ ਉਨ੍ਹਾਂ ਨੂੰ ਸਿਰ ਉਤੇ ਬਿਠਾਇਆ ਜਾ ਰਿਹਾ ਹੈ ਜਿਸ ਦੇ ਚਲਦੇ ਕਾਂਗਰਸ ਵੱਲੋਂ ਸੁਨੀਲ ਜਾਖੜ ਨੂੰ ਬਾਹਰ ਦਾ ਰਸਤਾ ਦਿਖਾਇਆ ਗਿਆ ਸੀ, ਪਰ ਭਾਜਪਾ ਵੱਲੋਂ ਹੁਣ ਮੁੜ ਤੋਂ ਸੁਨੀਲ ਜਾਖੜ ਨੂੰ ਪੰਜਾਬ ਦਾ ਪ੍ਰਧਾਨ ਥਾਪਿਆ ਗਿਆ ਹੈ, ਜਿਸ ਤੋਂ ਸਾਫ ਜ਼ਾਹਰ ਹੁੰਦਾ ਹੈ ਕਿ ਭਾਜਪਾ ਅਜਿਹੇ ਲੋਕਾਂ ਨੂੰ ਅਹੁਦੇਦਾਰੀਆਂ ਬਖ਼ਸ਼ ਰਹੀ ਹੈ ਜੋ ਦਲਿਤ-ਵਿਰੋਧੀ ਹਨ। ਜੇਕਰ ਭਾਜਪਾ ਵੱਲੋਂ ਸੁਨੀਲ ਜਾਖੜ ਨੂੰ ਪ੍ਰਧਾਨ ਬਣਾਏ ਜਾਣ ਦਾ ਫੈਸਲਾ ਮੁੜ ਨਾ ਵਿਚਾਰਿਆ ਤਾਂ ਦਲਿਤ ਮਹਾਂ ਪੰਚਾਇਤ ਵੱਲੋਂ ਵੱਡੀ ਪੱਧਰ ਉਤੇ ਅੰਦੋਲਨ ਕੀਤਾ ਜਾਵੇਗਾ ਅਤੇ ਹਰ ਹਾਲਤ ਵਿਚ ਸੁਨੀਲ ਜਾਖੜ ਤੋਂ ਭਾਜਪਾ ਦੇ ਅਹੁਦੇਦਾਰੀ ਤੋਂ ਹਟਵਾਈਆ ਜਾਵੇਗਾ। ਦਲਿੱਤ ਮਹਾ ਪੰਚਾਇਤ ਵੱਲੋਂ ਇਹ ਹਰਗਿਜ਼ ਬਰਦਾਸ਼ ਨਹੀਂ ਕੀਤਾ ਜਾਵੇਗਾ ਕਿ ਉਹਨਾਂ ਦੇ ਸਮਾਜ ਪ੍ਰਤੀ ਕੋਈ ਵਿਅਕਤੀ ਅਪਮਾਨਜਨਕ ਸ਼ਬਦ ਬੋਲੇ।
ਭਾਜਪਾ ਵਿੱਚ ਵੀ ਪਈ ਫੁੱਟ : ਪੰਜਾਬ ਭਾਜਪਾ ਵਿਚ ਬਗਾਵਤੀ ਸੁਰਾਂ ਬੁਲੰਦ ਹੋ ਰਹੀਆਂ ਹਨ। ਬੀਤੇ ਦਿਨੀਂ ਸਾਬਕਾ ਵਿਧਾਇਕ ਅਰੁਣ ਨਾਰੰਗ ਨੇ ਅਸਤੀਫ਼ਾ ਦਿੱਤਾ ਅਤੇ ਇਥੇ ਤੱਕ ਆਖ ਦਿੱਤਾ ਕਿ ਉਹਨਾਂ ਨੂੰ ਇਹ ਫ਼ੈਸਲਾ ਮਨਜ਼ੂਰ ਨਹੀਂ। ਉਥੇ ਹੀ ਭਾਜਪਾ ਵਰਕਰਾਂ ਵਿਚ ਵੀ ਰੋਸ ਪਾਇਆ ਜਾ ਰਿਹਾ ਹੈ। ਇਸ ਵਿਰੋਧ ਵਿਚ ਪੰਜਾਬ ਭਾਜਪਾ ਦੇ ਚੰਡੀਗੜ੍ਹ ਸਥਿਤ ਦਫ਼ਤਰ ਦੇ ਬਾਹਰ ਪਾਰਟੀ ਵਰਕਰ ਬੌਬੀ ਕੰਬੋਜ ਵੱਲੋਂ ਕੱਪੜੇ ਪਾੜ ਕੇ ਆਪਣਾ ਰੋਸ ਜਤਾਇਆ ਗਿਆ।
ਰੋਸ ਪ੍ਰਗਟ ਕਰਦੇ ਹੋਏ ਬੌਬੀ ਕੰਬੋਜ਼ ਭਾਵੁਕ ਹੁੰਦੇ ਵਿਖਾਈ ਦਿੱਤੇ। ਉਨ੍ਹਾਂ ਕਿਹਾ ਕਿ ਉਹਨਾਂ ਦੀ ਦੋ ਪੀੜ੍ਹੀਆਂ ਭਾਜਪਾ ਨੂੰ ਸਮਰਪਿਤ ਰਹੀਆਂ। ਆਪਣੇ ਖੂਨ ਪਸੀਨੇ ਨਾਲ ਉਹਨਾਂ ਭਾਜਪਾ ਨੂੰ ਪੰਜਾਬ ਵਿਚ ਪੈਰਾਂ ਸਿਰ ਕੀਤਾ। ਪੰਜਾਬ ਵਿਚ ਭਾਜਪਾ ਦਾ ਕੋਈ ਨਾਮ ਤੱਕ ਨਹੀਂ ਸੀ ਲੈਂਦਾ। ਪਾਰਟੀ ਵਰਕਰਾਂ ਨੇ ਸਾਲਾਂ ਦੀ ਮਿਹਨਤ ਤੋਂ ਬਾਅਦ ਪਾਰਟੀ ਦਾ ਝੰਡਾ ਘਰ-ਘਰ ਪਹੁੰਚਾਇਆ। ਵਰਕਰਾਂ ਨੇ ਆਪਣੇ ਪਰਿਵਾਰ ਦੀ ਥਾਂ ਪਾਰਟੀ ਨੂੰ ਪਹਿਲ ਦਿੱਤੀ।