ਬਠਿੰਡਾ: ਪੰਜਾਬ ਵਿੱਚ ਕਰਫਿਊ ਖ਼ਤਮ ਕਰ ਦਿੱਤਾ ਗਿਆ ਹੈ ਪਰ ਲੌਕਡਾਊਨ ਅਜੇ ਵੀ ਜਾਰੀ ਹੈ। ਕਰਫ਼ਿਊ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਵਿੱਚ ਚਹਿਲ-ਪਹਿਲ ਕਾਫ਼ੀ ਵਧ ਚੁੱਕੀ ਹੈ। ਬਠਿੰਡਾ ਪੁਲਿਸ ਨੇ ਬੁੱਧਵਾਰ ਨੂੰ ਸ਼ਹਿਰ ਵਿੱਚ ਨਾਕਾਬੰਦੀ ਕੀਤੀ ਅਤੇ ਹਰ ਆਉਣ-ਜਾਣ ਵਾਲੀ ਗੱਡੀਆਂ ਦੀ ਜਾਂਚ ਕੀਤੀ।
ਇਸ ਮੌਕੇ ਜਿਨ੍ਹਾਂ ਦੇ ਕਾਗਜ਼ ਪੂਰੇ ਨਹੀਂ ਸਨ ਉਨਾਂ ਦਾ ਚਲਾਨ ਕੀਤਾ ਗਿਆ। ਜਿਨ੍ਹਾਂ ਲੋਕਾਂ ਨੇ ਮਾਸਕ ਨਹੀਂ ਪਾਏ ਸਨ ਉਨ੍ਹਾਂ ਦਾ ਵੀ ਚਲਾਨ ਪੁਲਿਸ ਵੱਲੋਂ ਮੌਕੇ ਉੱਤੇ ਹੀ ਕਰ ਦਿੱਤਾ ਗਿਆ। ਡੀਐੱਸਪੀ ਗੁਰਜੀਤ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਪੰਜਾਬ ਦੇ ਡੀਜੀਪੀ ਸਾਹਿਬ ਨੇ ਇਹ ਹੁਕਮ ਜਾਰੀ ਕੀਤੇ ਸਨ।
ਐਸਐਸਪੀ ਡਾ. ਨਾਨਕ ਸਿੰਘ ਦੇ ਹੁਕਮਾਂ ਮੁਤਾਬਕ ਅੱਜ 27 ਥਾਵਾਂ ਉੱਤੇ ਨਾਕੇ ਲਗਾ ਕੇ ਗੱਡੀਆਂ ਦੀ ਜਾਂਚ ਕੀਤੀ ਗਈ। ਲੋਕ ਸਮਝ ਰਹੇ ਹਨ ਕਿ ਕੋਰੋਨਾ ਵਾਇਰਸ ਖ਼ਤਮ ਹੋ ਗਿਆ ਪਰ ਇਸ ਨੂੰ ਅਜੇ ਵੀ ਹਲਕੇ ਵਿੱਚ ਲੈਣ ਦੀ ਲੋੜ ਨਹੀਂ ਹੈ। ਇਸ ਕਰਕੇ ਬਠਿੰਡਾ ਪੁਲਿਸ ਸ਼ਹਿਰ ਵਿੱਚ ਨਾਕੇ ਲਗਾ ਕੇ ਲੋਕਾਂ ਨੂੰ ਇਸ ਬਾਰੇ ਜਾਗਰੂਕ ਕਰਦੀ ਨਜ਼ਰ ਆਈ ਅਤੇ ਜਿਨ੍ਹਾਂ ਨੇ ਨਿਯਮਾਂ ਦੀ ਅਣਦੇਖੀ ਕੀਤੀ ਉਹਦਾ ਚਲਾਨ ਵੀ ਕੀਤਾ ਗਿਆ।
ਉਨ੍ਹਾਂ ਨੇ ਦੱਸਿਆ ਕਿ ਆਉਣ ਵਾਲੇ ਸਮੇਂ ਦੇ ਦੌਰਾਨ ਇਸ ਤਰ੍ਹਾਂ ਦੇ ਨਾਕੇ ਸ਼ਹਿਰ ਵਿੱਚ ਲੱਗਦੇ ਰਹਿਣਗੇ। ਡੀਐੱਸਪੀ ਨੇ ਦੱਸਿਆ ਕਿ ਕੋਰੋਨਾ ਅਜੇ ਵੀ ਐਕਟਿਵ ਹੈ ਅਤੇ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਹੈ, ਜੇਕਰ ਅਸੀਂ ਸੁਚੇਤ ਰਹੇ ਤਾਂ ਕੋਰੋਨਾ ਵਾਇਰਸ ਉੱਤੇ ਜਿੱਤ ਹਾਸਲ ਕਰ ਲਵਾਂਗੇ।
ਇਸ ਲਈ ਪੁਲਿਸ ਦਿਨ-ਰਾਤ ਸ਼ਹਿਰ ਵਿੱਚ ਗਸ਼ਤ ਲਗਾ ਰਹੀ ਹੈ ਅਤੇ ਲੋਕਾਂ ਨੂੰ ਮਾਸਕ ਸੈਨੇਟਾਈਜ਼ਰ ਰੱਖਣ ਦੀ ਸਲਾਹ ਦੇ ਰਹੀ ਹੈ।