ਬਠਿੰਡਾ: ਪੰਜਾਬ ਵਿਧਾਨ ਸਭਾ 2022 ਦੀਆਂ ਚੋਣਾਂ (Assembly elections 2022) ਨੂੰ ਲੈ ਕੇ ਕਾਂਗਰਸ ਵੱਲੋਂ ਆਪਣੀ ਪਹਿਲੀ ਉਮੀਦਵਾਰਾਂ ਦੀ ਲਿਸਟ ਜਾਰੀ ਕੀਤੀ ਗਈ। ਬਠਿੰਡਾ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕਿਆਂ ਵਿਚੋਂ 5 ਸੀਟਾਂ ਉੱਪਰ ਕਾਂਗਰਸ ਨੇ ਆਪਣੇ ਪੁਰਾਣੇ ਉਮੀਦਵਾਰਾਂ ਨੂੰ ਮੈਦਾਨ ਵਿੱਚ ਉਤਾਰਿਆ ਹੈ, ਜਦੋਂ ਕਿ ਬਠਿੰਡਾ ਤੇ ਮੌੜ ਮੰਡੀ ਹਲਕੇ ਤੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਡਾ. ਮੰਜੂ ਬਾਂਸਲ (Dr. Manju Bansal) ਨੂੰ ਟਿਕਟ ਦਿੱਤੀ ਗਈ ਹੈ।
ਬਠਿੰਡਾ ਦਿਹਾਤੀ ਹਲਕਾ ਵਿਧਾਨ ਸਭਾ ਚੋਣਾਂ
ਬਠਿੰਡਾ ਦਿਹਾਤੀ ਹਲਕਾ ਵਿਧਾਨ ਸਭਾ ਚੋਣਾਂ (Assembly elections) ਦੇ ਐਲਾਨ ਤੋਂ ਪਹਿਲਾਂ ਹੀ ਸੁਰਖੀਆਂ 'ਚ ਬਣਿਆ ਹੋਇਆ ਸੀ ਕਿਉਂਕਿ ਇੱਥੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਆਪਣੇ ਨਜ਼ਦੀਕੀ ਗੁਰਜੰਟ ਸਿੰਘ ਕੁੱਤੀਵਾਲ ਨੂੰ ਟਿਕਟ ਦਿਵਾਉਣਾ ਚਾਹੁੰਦੇ ਸਨ ਜਦੋਂਕਿ ਨਵਜੋਤ ਸਿੰਘ ਸਿੱਧੂ ਵੱਲੋਂ ਦਿਹਾਤੀ ਹਲਕੇ ਵਿਚ ਰੈਲੀ ਕਰ ਫਿਰ ਤੋਂ ਹਰਵਿੰਦਰ ਸਿੰਘ ਲਾਡੀ ਨੂੰ ਚੋਣ ਮੈਦਾਨ ਵਿੱਚ ਉਤਾਰਨ ਦਾ ਐਲਾਨ ਕੀਤਾ ਗਿਆ ਸੀ।
ਹਰਵਿੰਦਰ ਸਿੰਘ ਲਾਡੀ ਜੋ ਕਿਸੇ ਸਮੇਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਦੇ ਕਾਫੀ ਨਜ਼ਦੀਕੀ ਸਨ ਪਰ ਵਿੱਤ ਮੰਤਰੀ ਵੱਲੋਂ ਹਲਕਾ ਦਿਹਾਤੀ ਵਿੱਚ ਦਖ਼ਲ ਦਿੱਤੇ ਜਾਣ ਤੋਂ ਬਾਅਦ ਇਨ੍ਹਾਂ ਵਿਚਕਾਰ ਸਿਆਸੀ ਖਿੱਚੋਤਾਣ ਸ਼ੁਰੂ ਹੋਗੀ ਸੀ ਅਤੇ ਹਰਵਿੰਦਰ ਸਿੰਘ ਲਾਡੀ ਵੱਲੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਉਨ੍ਹਾਂ ਦੇ ਹਲਕੇ ਵਿਚ ਨਸ਼ਾ ਵਿਕਾਉਣ ਦੇ ਗੰਭੀਰ ਦੋਸ਼ ਵੀ ਲਾਏ ਗਏ ਸਨ। ਇੱਥੇ ਦੱਸਣਯੋਗ ਹੈ ਕਿ ਹਰਵਿੰਦਰ ਸਿੰਘ ਲਾਡੀ ਆਮ ਆਦਮੀ ਪਾਰਟੀ (Aam Aadmi Party) ਦੀ ਉਮੀਦਵਾਰ ਰੁਪਿੰਦਰ ਕੌਰ ਰੂਬੀ ਤੋਂ ਚੋਣ ਹਾਰ ਗਏ ਸਨ ਪਰ ਫਿਰ ਵੀ ਉਨ੍ਹਾਂ ਵੱਲੋਂ ਆਪਣੇ ਹਲਕੇ ਵਿੱਚ ਸਿਆਸੀ ਸਰਗਰਮੀਆਂ ਜਾਰੀ ਰੱਖੀਆਂ ਗਈਆਂ।
ਬਠਿੰਡਾ ਸ਼ਹਿਰੀ ਤੋਂ ਕਾਂਗਰਸ ਵੱਲੋਂ ਫਿਰ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ
ਬਠਿੰਡਾ ਸ਼ਹਿਰੀ ਤੋਂ ਕਾਂਗਰਸ ਵੱਲੋਂ ਫਿਰ ਤੋਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Manpreet Singh Badal) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ, ਬਠਿੰਡਾ ਸ਼ਹਿਰੀ ਤੋਂ ਹੋਣ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਖ਼ਿਲਾਫ਼ ਬਠਿੰਡਾ ਵਿੱਚ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ ਧਰਨੇ ਪ੍ਰਦਰਸ਼ਨ ਜਾਰੀ ਸਨ। ਜਿਸ ਕਾਰਨ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਹਲਕਾ ਬਦਲਣ ਦੀਆਂ ਚਰਚਾਵਾਂ ਪੂਰੇ ਜ਼ੋਰਾਂ ਸ਼ੋਰਾਂ ਨਾਲ ਚੱਲੀਆਂ ਪਰ ਕਿਤੇ ਨਾ ਕਿਤੇ ਅੱਜ ਇਨ੍ਹਾਂ ਚਰਚਾਵਾਂ ਨੂੰ ਵਿਰਾਮ ਲੱਗ ਗਿਆ ਜਦੋਂ ਕਾਂਗਰਸ ਵੱਲੋਂ ਮੁੜ ਤੋਂ ਮਨਪ੍ਰੀਤ ਸਿੰਘ ਬਾਦਲ ਨੂੰ ਬਠਿੰਡਾ ਤੋਂ ਉਮੀਦਵਾਰ ਵਜੋਂ ਉਤਾਰਿਆ ਗਿਆ।
ਗੁਰਪ੍ਰੀਤ ਸਿੰਘ ਕਾਂਗੜ ਨੂੰ ਕਾਂਗਰਸ ਵੱਲੋਂ ਮੁੜ ਟਿਕਟ ਦੇ ਕੇ ਨਿਵਾਜਿਆ ਗਿਆ
ਹਲਕਾ ਰਾਮਪੁਰਾ ਫੂਲ ਤੋਂ ਕਿਸੇ ਸਮੇਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੇ ਨਜ਼ਦੀਕੀ ਰਹੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਕਾਂਗਰਸ ਵੱਲੋਂ ਮੁੜ ਟਿਕਟ ਦੇ ਕੇ ਨਿਵਾਜਿਆ ਗਿਆ ਹੈ, ਕੈਪਟਨ ਅਮਰਿੰਦਰ ਸਿੰਘ ਵੱਲੋਂ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਤੋਂ ਬਾਅਦ ਚਰਨਜੀਤ ਸਿੰਘ ਚੰਨੀ (Charanjit Singh Channi) ਦੇ ਮੁੱਖ ਮੰਤਰੀ ਬਣਦਿਆਂ ਹੀ ਗੁਰਪ੍ਰੀਤ ਸਿੰਘ ਕਾਂਗੜ ਨੂੰ ਵੀ ਆਪਣੀ ਕੈਬਨਿਟ ਦਾ ਅਹੁਦਾ ਗਵਾਉਣਾ ਪਿਆ ਸੀ ਅਤੇ ਚਰਚਾਵਾਂ ਇਹ ਵੀ ਚੱਲਿਆ ਕਿ ਗੁਰਪ੍ਰੀਤ ਕਾਂਗੜ ਦੀਆਂ ਕੈਪਟਨ ਅਮਰਿੰਦਰ ਸਿੰਘ ਨਾਲ ਨਜ਼ਦੀਕੀਆਂ ਕਾਰਨ ਮੁੜ ਰਾਮਪੁਰਾ ਫੂਲ ਤੋਂ ਉਮੀਦਵਾਰ ਵਜੋਂ ਨਹੀਂ ਉਤਾਰਿਆ ਜਾਵੇਗਾ ਪਰ ਕਾਂਗਰਸੀ ਪਹਿਲੀ ਲਿਸਟ ਵਿੱਚ ਨਾਮ ਆਉਣ ਤੋਂ ਬਾਅਦ ਗੁਰਪ੍ਰੀਤ ਸਿੰਘ ਕਾਂਗੜ ਦੀਆ ਕੈਪਟਨ ਨਾਲ ਨਜ਼ਦੀਕੀਆਂ ਦੀਆਂ ਚਲ ਰਹੀਆਂ ਅਫ਼ਵਾਹਾਂ ਨੂੰ ਕਾਫ਼ੀ ਹੱਦ ਤਕ ਠੱਲ੍ਹ ਪੈ ਗਈ ਹੈ।
ਪ੍ਰੀਤਮ ਸਿੰਘ ਕੋਟਭਾਈ ਨੂੰ ਮੁੜ ਚੋਣ ਮੈਦਾਨ 'ਚ ਉਤਾਰਿਆ
ਪਹਿਲੀ ਵਾਰ ਵਿਧਾਇਕ ਬਣੇ ਬਠਿੰਡਾ ਦੇ ਹਲਕਾ ਭੁੱਚੋ ਤੋਂ ਪ੍ਰੀਤਮ ਸਿੰਘ ਕੋਟਭਾਈ ਨੂੰ ਮੁੜ ਕਾਂਗਰਸ ਦੀ ਟਿਕਟ ਦੇ ਕੇ ਮੈਦਾਨ ਵਿੱਚ ਉਤਾਰਿਆ ਹੈ ਪ੍ਰੀਤਮ ਸਿੰਘ ਕੋਟਭਾਈ ਵੱਲੋਂ ਪਹਿਲੀ ਆਪਣੀ ਪਹਿਲੀ ਚੋਣ 2012 ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਲੜੀ ਗਈ ਸੀ ਅਤੇ ਉਹ ਚੋਣ ਹਾਰ ਗਏ ਸਨ ਪ੍ਰੀਤਮ ਸਿੰਘ ਕੋਟਭਾਈ ਵੱਲੋਂ 2017 ਵਿਚ ਕਾਂਗਰਸ ਦੇ ਚੋਣ ਨਿਸ਼ਾਨ ਤੇ ਚੋਣ ਲੜੀ ਗਈ ਅਤੇ ਸਫ਼ਲਤਾ ਹਾਸਲ ਕੀਤੀ ਅਤੇ ਹੁਣ 2022 ਦੀਆਂ ਚੋਣਾਂ ਵਿੱਚ ਕਾਂਗਰਸ ਵੱਲੋਂ ਫਿਰ ਤੋਂ ਪ੍ਰੀਤਮ ਸਿੰਘ ਕੋਟਭਾਈ ਨੂੰ ਟਿਕਟ ਦੇ ਕੇ ਨਿਵਾਜਿਆ ਹੈ।
ਤਲਵੰਡੀ ਸਾਬੋ ਤੋਂ 2017 ਵਿੱਚ ਕਾਂਗਰਸ ਦੀ ਸੀਟ ਤੇ ਖੁਸ਼ਬਾਜ ਸਿੰਘ ਜਟਾਣਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ
ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਤੋਂ 2017 ਵਿੱਚ ਕਾਂਗਰਸ ਦੀ ਸੀਟ ਤੇ ਚੋਣ ਲੜਨ ਵਾਲੇ ਖੁਸ਼ਬਾਜ ਸਿੰਘ ਜਟਾਣਾ ਨੂੰ ਮੁੜ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਹੈ। ਤਲਵੰਡੀ ਸਾਬੋ ਤੋਂ ਸਾਬਕਾ ਕੈਬਨਿਟ ਮੰਤਰੀ ਹਰਮੰਦਰ ਸਿੰਘ ਜੱਸੀ ਵੱਲੋਂ ਵੀ ਦਾਅਵੇਦਾਰੀ ਜਤਾਈ ਜਾ ਰਹੀ ਸੀ ਇਸ ਦਾਅਵੇਦਾਰੀ ਕਾਰਨ ਰਾਮਾ ਮੰਡੀ ਵਿਖੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ (Charanjit Singh Channi) ਦੀ ਚੋਣ ਰੈਲੀ ਤੋਂ ਪਹਿਲਾਂ ਖੁਸ਼ਬਾਜ ਸਿੰਘ ਜਟਾਣਾ ਅਤੇ ਹਰਿਮੰਦਰ ਸਿੰਘ ਜੱਸੀ ਵਿਚਕਾਰ ਤਿੱਖੀ ਝੜਪ ਹੋਈ ਸੀ, ਕਾਂਗਰਸ ਵੱਲੋਂ ਜਾਰੀ ਪਹਿਲੀ ਲਿਸਟ ਵਿੱਚ ਖੁਸ਼ਬਾਜ ਸਿੰਘ ਜਟਾਣਾ ਨੂੰ ਮੁੜ ਤਲਵੰਡੀ ਸਾਬੋ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ 2017 ਵਿਧਾਨ ਸਭਾ ਚੋਣਾਂ ਦੌਰਾਨ ਖੁਸ਼ਬਾਜ ਸਿੰਘ ਜਟਾਣਾ ਆਮ ਆਦਮੀ ਪਾਰਟੀ ਦੀ ਉਮੀਦਵਾਰ ਪ੍ਰੋ. ਬਲਜਿੰਦਰ ਕੌਰ ਤੋਂ ਚੋਣ ਹਾਰ ਗਏ ਸਨ।
ਹਲਕਾ ਮੌੜ ਤੋਂ ਵੱਧ ਉਮੀਦਵਾਰਾਂ ਵੱਲੋਂ ਕਾਂਗਰਸ ਵੱਲੋਂ ਡਾ. ਮੰਜੂ ਬਾਂਸਲ ਨੂੰ ਚੋਣ ਮੈਦਾਨ ਵਿੱਚ ਉਤਾਰਿਆ
ਬਠਿੰਡਾ ਦਾ ਹਲਕਾ ਮੌੜ ਜਿੱਥੇ ਸਭ ਤੋਂ ਵੱਧ ਕਾਂਗਰਸੀ ਉਮੀਦਵਾਰਾਂ ਵੱਲੋਂ ਆਪਣੀ ਦਾਅਵੇਦਾਰੀ ਜਤਾਈ ਜਾ ਰਹੀ ਸੀ ਤੋਂ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਡਾ. ਮੰਜੂ ਬਾਂਸਲ (Dr. Manju Bansal) ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਹੈ। ਇੱਥੇ ਦੱਸਣਯੋਗ ਹੈ ਕਿ ਆਮ ਆਦਮੀ ਪਾਰਟੀ ਦੀ ਟਿਕਟ ਤੇ ਚੋਣ ਲੜ ਕੇ ਵਿਧਾਇਕ ਬਣੇ ਜਗਦੇਵ ਸਿੰਘ ਕਮਾਲੂ ਵੱਲੋਂ ਕੈਪਟਨ ਅਮਰਿੰਦਰ ਸਿੰਘ (Capt. Amarinder Singh) ਦੀ ਅਗਵਾਈ ਵਿਚ ਕਾਂਗਰਸ ਪਾਰਟੀ ਦਾ ਪੱਲਾ ਫੜ ਲਿਆ ਗਿਆ ਸੀ ਅਤੇ ਜਗਦੇਵ ਸਿੰਘ ਕਮਾਲੂ ਵੱਲੋਂ ਲਗਾਤਾਰ ਸਰਕਾਰ ਦੇ ਵਿਕਾਸ ਕਾਰਜਾਂ ਲਈ ਆਈਆਂ ਗਰਾਂਟਾਂ ਵੀ ਆਪਣੇ ਹਲਕੇ ਵਿੱਚ ਵੰਡੀਆਂ ਜਾ ਰਹੀਆਂ ਸਨ। ਜਿਸ ਕਾਰਨ ਚਰਚਾਵਾਂ ਵੀ ਚਲਦੀਆਂ ਸਨ ਕਿ ਜਗਦੇਵ ਸਿੰਘ ਕਮਾਲੂ ਕਾਂਗਰਸ ਦੀ ਟਿਕਟ ਤੋਂ ਮੌੜ ਮੰਡੀ ਹਲਕੇ ਤੋਂ ਚੋਣ ਲੜਨਗੇ ਪਰ ਕਾਂਗਰਸ ਵੱਲੋਂ ਸਾਬਕਾ ਵਿਧਾਇਕ ਮੰਗਤ ਰਾਏ ਬਾਂਸਲ ਦੀ ਪਤਨੀ ਡਾ. ਮੰਜੂ ਬਾਂਸਲ ਨੂੰ ਮੌੜ ਮੰਡੀ ਤੋਂ ਚੋਣ ਮੈਦਾਨ ਵਿੱਚ ਉਤਾਰਿਆ ਗਿਆ।
ਇਹ ਵੀ ਪੜ੍ਹੋ: ਪੰਜਾਬ ਚੋਣਾਂ ਨੂੰ ਲੈਕੇ ਕੀ ਹੈ ਜਨਤਾ ਦਾ ਮੂਡ ?