ਬਠਿੰਡਾ: ਵਿਧਾਨ ਸਭਾ ਹਲਕਾ ਤਲਵੰਡੀ ਸਾਬੋ ਤੋਂ ਆਪ ਵਿਧਾਇਕਾ ਬਲਜਿੰਦਰ ਕੌਰ ਦੇ ਪਿੰਡ ਵਿੱਚ ਬੀਤੇ ਦਿਨ ਸਰਕਾਰੀ ਸਕੂਲ ਵਿੱਚੋਂ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ ਨਾਲ ਮੌਤ ਹੋਣ ਤੋਂ ਬਾਅਦ ਲਾਸ਼ ਮਿਲੀ ਸੀ। ਇਸ ਤੋਂ ਇਲਾਵਾ ਪਿਛਲੇ ਕੁਝ ਸਮੇਂ ਵਿਚ ਇਸ ਪਿੰਡ ਵਿੱਚ ਨਸ਼ੇ ਨਾਲ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ।
ਸਮੁੱਚੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਵੱਲੋਂ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਸੀ। ਇਸ ਚਾਰ ਮੈਂਬਰੀ ਕਮੇਟੀ 'ਚ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ, ਭਾਜਪਾ ਦੇ ਸੂਬਾ ਜਨਰਲ ਸਕੱਤਰ ਦਿਆਲ ਸਿੰਘ ਸੋਢੀ, ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਅਤੇ ਭਾਜਪਾ ਦੇ ਹਲਕਾ ਤਲਵੰਡੀ ਸਾਬੋ ਇੰਚਾਰਜ ਰਵੀਪ੍ਰੀਤ ਸਿੰਘ ਸਿੰਘ ਸਿੱਧੂ ਸ਼ਾਮਲ ਹਨ।
ਭਾਜਪਾ ਵਲੋਂ ਬਣਾਈ ਇਹ ਚਾਰ ਮੈਂਬਰੀ ਟੀਮ ਸਭ ਤੋਂ ਪਹਿਲਾਂ ਬੀਤੇ ਕੱਲ੍ਹ ਮਰੇ ਨੌਜਵਾਨ ਮਨਪ੍ਰੀਤ ਸਿੰਘ ਗੋਸ਼ਾ ਦੇ ਘਰ ਪਹੁੰਚੀ। ਜਿਥੇ ਨੌਜਵਾਨ ਦੇ ਮੌਤ ਦੇ ਕਾਰਨਾਂ ਸਮੇਤ ਪਰਿਵਾਰ ਤੋਂ ਸਮੁੱਚੇ ਹਾਲਾਤ ਬਾਬਤ ਜਾਣਕਾਰੀ ਲਈ ਗਈ ਅਤੇ ਨਾਲ ਹੀ ਪਰਿਵਾਰ ਨਾਲ ਦੁੱਖ ਵੀ ਸਾਂਝਾ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਸਮੁੱਚੇ ਮਾਮਲੇ ਦੀ ਰਿਪੋਰਟ ਪੰਜਾਬ ਪ੍ਰਧਾਨ ਦੇ ਨਾਲ-ਨਾਲ ਕੇਂਦਰ ਸਰਕਾਰ ਨੂੰ ਭੇਜ ਕੇ ਪੰਜਾਬ ਵਿੱਚ ਨਸ਼ੇ ਦਾ ਹੱਲ ਕਰਨ ਦਾ ਦਾਅਵਾ ਵੀ ਕੀਤਾ।
ਇਸ ਮੌਕੇ ਮ੍ਰਿਤਕ ਦੇ ਪਿਤਾ ਮੇਜਰ ਸਿੰਘ ਉਰਫ ਕਾਲੂ ਨੇ ਕਥਿਤ ਦੋਸ਼ ਲਾਏ ਕਿ ਉਸਦੇ ਮੁੰਡੇ ਨੂੰ ਕਿਸੇ ਵੱਲੋਂ ‘ਚਿੱਟੇ’ ਦੀ ਓਵਰਡੋਜ਼ ਦਿੱਤੀ ਗਈ ਹੈ। ਟੀਮ ਨੇ ਪਿੰਡ ਵਾਸੀਆਂ ਨਾਲ ਗੱਲਬਾਤ ਦੌਰਾਨ ਪਿੰਡ ਵਿੱਚ ਪਿਛਲੇ ਕੁਝ ਦਿਨਾਂ 'ਚ ਨਸ਼ੇ ਕਾਰਨ ਨੌਜਵਾਨਾਂ ਦੀਆਂ ਮੌਤਾਂ ਬਾਬਤ ਚੱਲ ਰਹੀ ਚਰਚਾ ਬਾਰੇ ਜਾਣਕਾਰੀ ਹਾਸਿਲ ਕੀਤੀ।
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਭਾਜਪਾ ਆਗੂ ਦਿਆਲ ਸੋਢੀ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਇਕੱਤਰ ਜਾਣਕਾਰੀ ਮੁਤਾਬਿਕ ਇਸ ਪਿੰਡ ਵਿੱਚ ‘ਚਿੱਟੇ’ ਦੀ ਸ਼ਰੇਆਮ ਵਿਕਰੀ ਹੁੰਦੀ ਹੈ ਅਤੇ ਵੱਡੀ ਗਿਣਤੀ ਪਿੰਡ ਦੇ ਨੌਜਵਾਨ ਇਸਦਾ ਸ਼ਿਕਾਰ ਹੋਏ ਹਨ।
ਉਨਾਂ ਕਿਹਾ ਕਿ ਮ੍ਰਿਤਕ ਨੌਜਵਾਨ ਗੁਰਪ੍ਰੀਤ ਸਿੰਘ ਦੇ ਗਰੀਬ ਪਰਿਵਾਰ ਨੇ ਉਸਦਾ ਨਸ਼ਾ ਛੁਡਾਉਣ ਲਈ ਘਰ ਬਾਰ ਵੇਚਕੇ ਵੀ ਇਲਾਜ਼ ਕਰਵਾਇਆ ਪਰ ‘ਚਿੱਟੇ’ ਦੀ ਸੌਖਾਲੀ ਪਹੁੰਚ ਕਾਰਨ ਆਖਿਰ ਉਹ ਮੌਤ ਦੇ ਮੂੰਹ ਜਾ ਪਿਆ। ਉਨਾਂ ਦੋਸ਼ ਲਾਇਆ ਕਿ ਹਲਕਾ ਵਿਧਾਇਕਾ ਬਲਜਿੰਦਰ ਕੌਰ ਦਾ ਪਿੰਡ ਹੋਣ ਦੇ ਬਾਵਜ਼ੂਦ ਉਨਾਂ ਨੇ ਨਸ਼ਾ ਰੋਕਣ ਲਈ ਕੋਈ ਕਦਮ ਨਹੀ ਚੁੱਕਿਆ।
ਉਨਾਂ ਦੱਸਿਆ ਕਿ ਉਕਤ ਜਾਂਚ ਟੀਮ ਭਾਜਪਾ ਸੂਬਾ ਪ੍ਰਧਾਨ ਅਤੇ ਕੇਂਦਰ ਸਰਕਾਰ ਨੂੰ ਹਲਕੇ ਅਤੇ ਉਕਤ ਪਿੰਡ ਵਿੱਚ ਨਸ਼ਿਆਂ ਦੇ ਪਸਾਰ ਸਬੰਧੀ ਆਪਣੀ ਰਿਪੋਰਟ ਭੇਜ ਕੇ ਗੁਜਾਰਿਸ਼ ਕਰੇਗੀ ਕਿ ਨਸ਼ਿਆਂ ਨੂੰ ਨੱਥ ਪਾਈ ਜਾਵੇ। ਇਸ ਦੇ ਨਾਲ ਹੀ ਆਗੂਆਂ ਨੇ ਕਿਹਾ ਕਿ ਮ੍ਰਿਤਕ ਮਨਪ੍ਰੀਤ ਸਿੰਘ ਦੇ ਛੋਟੇ ਭਰਾ ਨੂੰ ਕੋਈ ਰੁਜ਼ਗਾਰ ਦਵਾਉਣ ਸਬੰਧੀ ਵੀ ਕੇਂਦਰ ਨੂੰ ਸਿਫਾਰਿਸ਼ ਭੇਜੀ ਜਾਵੇਗੀ।
ਇਹ ਵੀ ਪੜ੍ਹੋ: ਸੋਲਰ ਲਾਈਟ ਘੁਟਾਲਾ ਮਾਮਲਾ: ਕੈਪਟਨ ਸੰਦੀਪ ਸੰਧੂ 'ਤੇ ਕਾਰਵਾਈ ਕਰਨ ਦੀ ਤਿਆਰੀ 'ਚ ਵਿਜੀਲੈਂਸ