ਬਠਿੰਡਾ: ਸੂਬੇ ਵਿੱਚ ਬਠਿੰਡਾ ਨੂੰ ਬੇਸ਼ੱਕ ਮੈਡੀਕਲ ਹੱਬ ਦੇ ਤੌਰ ਉੱਤੇ ਜਾਣਿਆ ਜਾਂਦਾ ਹੈ, ਪਰ ਸਰਕਾਰ ਵੱਲੋਂ ਦਿੱਤੀ ਜਾ ਰਹੀ ਸਿਹਤ ਸੁਵਿਧਾਵਾਂ ਦਾ ਵੀ ਹਾਲ ਬੁਰਾ ਹੀ ਹੈ। ਬਠਿੰਡਾ ਜ਼ਿਲ੍ਹੇ ਵਿੱਚ ਕੁੱਲ 13 ਸਰਕਾਰੀ ਹਸਪਤਾਲ ਹਨ, ਜੋ ਕਿ ਪੰਜਾਬ ਸਰਕਾਰ ਦੁਆਰਾ ਚਲਾਏ ਜਾ ਰਹੇ ਹਨ।
ਬਠਿੰਡਾ ਦੇ ਵਿੱਚ ਗਰਭਵਤੀ ਔਰਤਾਂ ਲਈ ਮੌਜੂਦ ਸਹੂਲਤਾਂ ਨੂੰ ਈਟੀਵੀ ਭਾਰਤ ਨੇ ਬਠਿੰਡਾ ਦੇ ਮਹਿਰਾਜ ਦੇ ਸਰਕਾਰੀ ਹਸਪਤਾਲ ਦਾ ਦੌਰਾ ਕੀਤਾ।
ਮਹਿਰਾਜ ਹੈ ਮੁੱਖ ਮੰਤਰੀ ਕੈਪਟਨ ਦਾ ਜੱਦੀ ਪਿੰਡ
ਬਠਿੰਡਾ ਜ਼ਿਲ੍ਹੇ ਦਾ ਮਹਿਰਾਜ ਪਿੰਡ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਪਿੰਡ ਹੈ, ਜਿਸ ਦੇ ਸਿਵਲ ਹਸਪਤਾਲ ਦਾ ਕੈਪਟਨ ਅਮਰਿੰਦਰ ਸਿੰਘ ਵੱਲੋਂ 2005 ਵਿੱਚ ਉਦਘਾਟਨ ਕੀਤਾ ਗਿਆ ਸੀ। ਹਾਲਾਂਕਿ ਇਥੇ 19 ਬੈੱਡਾਂ ਦੀ ਇਨਡੋਰ ਸਰਵਿਸ ਉਪਲੱਭਧ ਹੈ।
ਹਸਪਤਾਲ 'ਚ ਨਹੀਂ ਹੈ ਮਹਿਲਾ ਡਾਕਟਰ
ਜਦੋਂ ਇਸ ਹਸਪਤਾਲ ਦਾ ਦੌਰਾ ਕੀਤਾ ਗਿਆ ਤਾਂ ਪਤਾ ਲੱਗਿਆ ਕਿ ਇੱਥੇ ਕੋਈ ਵੀ ਮਹਿਲਾ ਡਾਕਟਰ ਨਹੀਂ ਹੈ, ਕੇਵਲ ਇੱਕ ਹੀ ਐੱਮ.ਬੀ.ਬੀ.ਐੱਸ ਡਾਕਟਰ ਦੇ ਸਹਾਰੇ ਇਹ ਸਰਕਾਰੀ ਹਸਪਤਾਲ ਚੱਲ ਰਿਹਾ ਹੈ। ਪਰ ਓਪੀਡੀ ਸਮੇਂ ਵਿੱਚ ਹੀ ਇਨ੍ਹਾਂ ਬੈਡਾਂ ਦੀ ਵਰਤੋਂ ਮਰੀਜ਼ ਦੇ ਇਲਾਜ ਲਈ ਕੀਤੀ ਜਾਂਦੀ ਹੈ। ਇਸ ਹਸਪਤਾਲ ਦੇ ਮੈਡੀਕਲ ਅਫ਼ਸਰ ਡਾ ਲਵਦੀਪ ਸਿੰਘ ਨੇ ਦੱਸਿਆ ਕਿ ਉਹ ਹੀ ਇਕੱਲੇ ਇਸ ਹਸਪਤਾਲ ਵਿੱਚ ਤਾਇਨਾਤ ਹਨ।
ਹਸਪਤਾਲ 'ਚ ਕੇਵਲ ਦੋ ਸਟਾਫ਼ ਨਰਸਾਂ
ਡਾਕਟਰ ਲਵਦੀਪ ਸਿੰਘ ਨੇ ਦੱਸਿਆ ਕਿ 24 ਘੰਟੇ ਮੈਡੀਕਲ ਸਰਵਿਸ ਦੇਣੀ ਉਨ੍ਹਾਂ ਦੀ ਡਿਊਟੀ ਹੈ। ਇਸ ਤੋਂ ਇਲਾਵਾ ਦੋ ਸਟਾਫ਼ ਨਰਸਾਂ ਹਨ ਜੋ ਕਿ ਦਿਨ ਦੇ ਵੇਲੇ ਨਾਰਮਲ ਡਿਲੀਵਰੀ ਦਾ ਕੇਸ ਆਉਂਦਾ ਹੈ ਤਾਂ ਉਹ ਕਰ ਦਿੰਦੀਆਂ ਹਨ।
ਨਰਸਾਂ ਨਾ ਹੋਣ ਕਰ ਕੇ ਜ਼ਿਆਦਾਤਰ ਗਰਭਵਤੀ ਔਰਤਾਂ ਨੂੰ ਕੀਤਾ ਜਾਂਦੈ ਰੈਫ਼ਰ
ਸਟਾਫ਼ ਨਰਸ ਅਤੇ ਮੈਡੀਕਲ ਅਫ਼ਸਰ ਨੇ ਦੱਸਿਆ ਕਿ ਜੇ ਉਨ੍ਹਾਂ ਕੋਲ ਕੋਈ ਗੰਭੀਰ ਡਿਲੀਵਰੀ ਦਾ ਕੇਸ ਆਉਂਦਾ ਹੈ ਤਾਂ ਉਸ ਨੂੰ ਰਾਮਪੁਰਾ ਫੂਲ ਰੈਫਰ ਕਰ ਦਿੱਤਾ ਜਾਂਦਾ ਹੈ, ਕਿਉਂਕਿ ਉਨ੍ਹਾਂ ਦੇ ਕੋਲ ਮੈਨ ਪਾਵਰ ਨਹੀਂ ਹੈ। ਕੁੱਲ ਮਿਲਾ ਕੇ ਕਹੀਏ ਤਾਂ ਇਸ ਹਸਪਤਾਲ ਵਿੱਚ ਗਰਭਵਤੀ ਮਹਿਲਾਵਾਂ ਨੂੰ ਖੱਜਲ ਹੀ ਹੋਣਾ ਪੈਂਦਾ ਹੈ।
ਮਹਿਰਾਜ ਹੈ ਪੰਜਾਬ ਦਾ ਸਭ ਤੋਂ ਵੱਡਾ ਪਿੰਡ
ਇੱਥੇ ਦੱਸਣਾ ਲਾਜ਼ਮੀ ਹੈ ਕਿ ਮਹਿਰਾਜ ਪੰਜਾਬ ਦਾ ਸਭ ਤੋਂ ਵੱਡਾ ਪਿੰਡ ਹੈ। ਕੈਪਟਨ ਅਮਰਿੰਦਰ ਸਿੰਘ ਦੇ ਜੱਦੀ ਪਿੰਡ ਹੋਣ ਦੇ ਕਾਰਨ ਬੇਸ਼ੱਕ ਇੱਥੇ ਹਸਪਤਾਲ ਦੀ ਵਧੀਆ ਇਮਾਰਤ ਬਣੀ ਹੈ, ਪਰ ਡਾਕਟਰੀ ਸੇਵਾਵਾਂ ਨਹੀਂ ਹਨ। ਇਸ ਹਸਪਤਾਲ ਵਿੱਚ ਹਰ ਮਹੀਨੇ ਦੋ ਜਾਂ ਫਿਰ ਚਾਰ ਹੀ ਨਾਰਮਲ ਡਿਲੀਵਰੀਆਂ ਹੁੰਦੀਆਂ ਹਨ। ਮੈਡੀਕਲ ਅਫ਼ਸਰ ਦਾ ਕਹਿਣਾ ਹੈ ਇਸ ਹਸਪਤਾਲ ਦੇ ਵਿੱਚ ਕੋਈ ਵੀ ਐਂਬੂਲੈਂਸ ਨਹੀਂ ਹੈ, ਮਰੀਜ਼ਾਂ ਨੂੰ 108 ਵਾਲੀ ਐਂਬੂਲੈਂਸ ਉੱਤੇ ਹੀ ਲਿਜਾਉਣਾ ਪੈਂਦਾ ਹੈ।
ਇੱਕ ਡਿਲੀਵਰੀ ਦੇ ਮਿਲਦੇ ਹਨ 100 ਰੁਪਏ
ਪਿੰਡ ਦੀ ਆਸ਼ਾ ਵਰਕਰ ਕਰਮਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਗਰਭਵਤੀ ਮਹਿਲਾ ਦੀ ਸਿਹਤ ਦਾ ਸਾਰਾ ਰਿਕਾਰਡ ਰੱਖਣਾ ਪੈਂਦਾ ਹੈ। ਮਹਿਰਾਜ ਵਿੱਚ ਮਹਿਲਾ ਡਾਕਟਰ ਵੀ ਨਹੀਂ ਹੈ, ਇਸ ਲਈ ਉਹ ਡਿਲੀਵਰੀ ਕਰਨ ਵਾਸਤੇ ਗਰਭਵਤੀ ਮਹਿਲਾ ਨੂੰ ਸਿਵਲ ਹਸਪਤਾਲ ਰਾਮਪੁਰਾ ਜਾਂ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲੈ ਕੇ ਜਾਂਦੇ ਹਨ। ਉਨ੍ਹਾਂ ਨੂੰ 150 ਰੁਪਏ ਤੋਂ ਲੈ ਕੇ 200 ਰੁਪਏ ਮਿਲਦੇ ਹਨ।