ਬਠਿੰਡਾ: ਪੰਜਾਬ ਵਿੱਚ ਵੱਧ ਰਹੇ ਪ੍ਰਦੂਸ਼ਣ ਨੂੰ ਠੱਲ੍ਹ ਪਾਉਣ ਲਈ ਭਾਵੇਂ ਪੰਜਾਬ ਸਰਕਾਰ ਵੱੱਲੋਂ ਬਣਦੇ ਕਦਮ ਚੁੱਕੇ ਜਾ ਰਹੇ ਹਨ ਪਰ ਬਠਿੰਡਾ ਦੇ ਪਿੰਡ ਬੱਲ੍ਹੋ ਦੀ ਪੰਚਾਇਤ ਵੱਲੋਂ ਆਪਣੇ ਆਲੇ ਦੁਆਲੇ ਨੂੰ ਸ਼ੁੱਧ ਰੱਖਣ ਲਈ ਕੀਤੇ ਗਏ ਉਪਰਾਲਿਆਂ ਦੀ ਪੂਰੇ ਪੰਜਾਬ ਵਿੱਚ ਚਰਚਾ ਹੋ ਰਹੀ ਹੈ।ਪਿੰਡ ਵੱਲੋਂ ਦੀ ਪੰਚਾਇਤ ਵੱਲੋਂ ਗੁਰਬਚਨ ਸਿੰਘ ਸੇਵਾ ਸੰਮਤੀ ਸੁਸਾਇਟੀ ਦੇ ਸਹਿਯੋਗ ਨਾਲ ਵਾਤਾਵਰਨ ਨੂੰ ਸ਼ੁੱਧ ਰੱਖਣ ਲਈ ਕੀਤੇ ਗਏ ਕਾਰਜਾਂ ਦੇ ਚੱਲਦੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵ ਵਾਤਾਵਰਣ ਦਿਵਸ ਅਤੇ ਪੰਜਾਬ ਦੇ ਇੱਕੋ-ਇੱਕ ਪਿੰਡ ਬੱਲ੍ਹੋ ਨੂੰ ਸ਼ਹੀਦ ਭਗਤ ਸਿੰਘ ਵਾਤਾਵਰਨ ਅਵਾਰਡ ਨਾਲ ਸਨਮਾਨਿਤ ਕੀਤਾ ਹੈ। ਸਾਇੰਸ ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਪੰਜਾਬ ਵੱਲੋਂ ਪੰਜਾਬ ਦੀ ਇਕਲੌਤੀ ਗ੍ਰਾਮ ਪੰਚਾਇਤ ਬੱਲੋ੍ਹ ਨੂੰ ਇਹ ਐਵਾਰਡ ਦਿੱਤਾ ਗਿਆ ਹੈ। ਜਿਸ ਤਹਿਤ ਪੰਚਾਇਤ ਨੂੰ ਇੱਕ ਲੱਖ ਰੁਪਏ ਅਤੇ ਸਰਟੀਫਿਕੇਟ ਨਾਲ ਨਿਵਾਜਿਆ ਗਿਆ ਹੈ।
ਪਿੰਡ ਦੇ ਵਿਕਾਸ 'ਚ ਯੋਗਦਾਨ: ਸਰਪੰਚ ਪ੍ਰੀਤਮ ਕੌਰ ਪਿੰਡ ਬੱਲ੍ਹੋ ਦੀ ਅਗਵਾਈ ਹੇਠ ਗ੍ਰਾਮ ਸਭਾ ਨੇ ਆਮ ਇਜਲਾਸ ਦੌਰਾਨ ਪਿੰਡ ਦੇ ਚੌਗਿਰਦਾ ਨੂੰ ਸ਼ੁੱਧ ਰੱਖਣ ਲਈ ਕਈ ਅਹਿਮ ਫੈਸਲੇ ਲਏ। ਆਮ ਇਜਲਾਸ ਦੌਰਾਨ ਲਏ ਗਏ ਫੈਸਲਿਆਂ ਦਾ ਸੁਆਗਤ ਕਰਦੇ ਹੋਏ 2018 ਵਿਚ ਬਣਾਈ ਗਈ ਗੁਰਬਚਨ ਸਿੰਘ ਸੇਵਾ ਸਮਤੀ ਸੁਸਾਇਟੀ ਵੱਲੋਂ ਵਿੱਤੀ ਸਹਿਯੋਗ ਗਰਮੀਤ ਸਿੰਘ ਮਾਨ ਅਤੇ ਦਵਿੰਦਰ ਸਿੰਘ ਫਰਾਂਸ ਵੱਲੋਂ ਦਿੱਤਾ ਗਿਆ।
ਲੋਕਾਂ ਦੀ ਮਦਦ: ਸੰਸਥਾ ਦੇ ਆਗੂ ਭੁਪਿੰਦਰ ਸਿੰਘ ਵਾਸੀ ਪਿੰਡ ਬੱਲੋ੍ਹ ਨੇ ਦੱਸਿਆ ਸਭ ਤੋਂ ਪਹਿਲਾਂ ਉਨ੍ਹਾਂ ਵੱਲੋਂ ਪੰਚਾਇਤ ਦੇ ਸਹਿਯੋਗ ਨਾਲ ਐਲਾਨ ਕੀਤਾ ਗਿਆ ਕਿ ਜੋ ਵੀ ਕਿਸਾਨ ਝੋਨੇ ਦੀ ਸਿੱਧੀ ਬਿਜਾਈ ਕਰੇਗਾ, ਉਸ ਨੂੰ 700 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ। ਇਸ ਤੋਂ ਇਲਾਵਾ ਪਰਾਲੀ ਨੂੰ ਅੱਗ ਨਾ ਲਾਉਣ ਵਾਲੇ ਕਿਸਾਨ ਨੂੰ 500 ਰੁਪਏ ਪ੍ਰਤੀ ਏਕੜ ਦਿੱਤਾ ਜਾਵੇਗਾ ਅਤੇ ਪਿੰਡ ਦੇ ਢਾਈ ਸੋ ਅਜਿਹੇ ਕਿਸਾਨਾਂ ਨੂੰ 500 ਰੁਪਏ ਪ੍ਰਤੀ ਏਕੜ ਦਿੱਤਾ ਗਿਆ। ਜਿਨ੍ਹਾਂ ਵੱਲੋਂ ਝੋਨੇ ਦੀ ਪਰਾਲੀ ਨੂੰ ਅੱਗ ਨਹੀਂ ਲਗਾਈ ਗਈ। ਇਸ ਤੋਂ ਇਲਾਵਾ ਪੰਚਾਇਤ ਵੱਲੋਂ ਸੰਸਥਾ ਦੇ ਸਹਿਯੋਗ ਨਾਲ ਨਾਅਰਾ ਦਿੱਤਾ ਗਿਆ ਪਲਾਸਟਿਕ ਲਿਆਓ ਖੰਡ/ ਗੁੜ ਲੈ ਜਾਓ ਤਾਂ ਜੋ ਪਿੰਡ ਨੂੰ ਪਲਾਸਟਿਕ ਤੋਂ ਮੁਕਤ ਕੀਤਾ ਜਾ ਸਕੇ। ਲੋਕਾਂ ਵੱਲੋਂ ਲਿਆਂਦੀ ਕਿ ਵੇਸਟ ਪਲਾਸਟਿਕ ਦੇ ਵਜ਼ਨ ਦੇ ਬਰਾਬਰ ਗੁੜ ਜਾਂ ਖੰਡ ਦਿੱਤੀ ਜਾਂਦੀ ਹੈ। ਪੰਚਾਇਤ ਅਤੇ ਸੰਸਥਾ ਵੱਲੋਂ ਇੱਕੋ ਹੀ ਮਿਸ਼ਨ ਬਣਾਇਆ ਗਿਆ ਕਿ ਪਿੰਡ ਤਾਂ ਵਿਅਕਤੀ ਕੋਈ ਵੀ ਅਨਪੜ੍ਹ ਨਾ ਰਹੇ। ਸ਼ੁੱਧ ਵਾਤਾਵਰਨ ਦੇ ਨਾਲ-ਨਾਲ ਚੰਗੀਆਂ ਸਿਹਤ ਸਹੂਲਤਾਂ ਲਈ ਹਸਪਤਾਲ ਦਾ ਨਿਰਮਾਣ ਕਰਵਾਇਆ ਗਿਆ।
ਪਿੰਡ 'ਚ ਹਰ ਸਹੂਲਤ: ਸੰਸਥਾ ਵੱਲੋਂ ਆਪਣੇ ਖਰਚੇ ਉਪਰ ਸਕੂਲ ਵਿੱਚ ਅਧਿਆਪਕ ਰੱਖੇ ਗਏ ਹਨ। ਇਸ ਤੋ ਇਲਾਵਾ ਪਹਿਲਾ ਅਤੇ ਦੂਜਾ ਸਥਾਨ ਹਾਸਲ ਕਰਨ ਵਾਲੇ ਵਿਿਦਆਰਥੀਆਂ ਨੂੰ 21 ਹਜ਼ਾਰ ਅਤੇ 11 ਹਜ਼ਾਰ ਰੁਪਏ ਦਾ ਇਨਾਮ ਦਿੱਤਾ ਜਾਂਦਾ ਹੈ । ਫੀਸਾਂ ਭਰਨ ਤੋਂ ਅਸਮਰੱਥ ਬੱਚਿਆਂ ਦੀ ਫੀਸ ਵੀ ਸੰਸਥਾ ਵੱਲੋਂ ਭਰੀ ਜਾਂਦੀ ਹੈ । ਸਕੂਲ ਵਿੱਚ ਡਾਈਟ ਪਲਾਇਨ ਜਾਂਦੇ ਹਨ ਤਾਂ ਜੋ ਬੱਚਿਆਂ ਨੂੰ ਸਿੱਖਿਆ ਪ੍ਰਤੀ ਹੋਰ ਜਾਗਰੂਕ ਕੀਤਾ ਜਾ ਸਕੇ। ਉਹਨਾਂ ਦੇ ਪਿੰਡ ਦੀ ਇਕ ਬੱਚੀ ਜੋ ਕੇ ਯੂ.ਪੀ.ਐਸ.ਸੀ. ਦੀ ਪੜ੍ਹਾਈ ਕਰਨਾ ਚਾਹੁੰਦੀ ਸੀ ਉਸ ਦਾ ਖਰਚਾ ਵੀ ਸੰਸਥਾ ਵੱਲੋਂ ਕੀਤਾ ਜਾ ਰਿਹਾ ਹੈ ਅਤੇ ਬੱਚੀ ਦਿੱਲੀ ਤੋਂ ਕੋਚਿੰਗ ਲੈ ਰਹੀ ਹੈ।ਇਸ ਤੋਂ ਇਲਾਵਾ ਬੱਚਿਆਂ ਨੂੰ ਕੰਪਿਊਟਰ ਦੀ ਕੋਚਿੰਗ ਦੇਣ ਲਈ ਕੰਪਿਊਟਰ ਸੈਂਟਰ ਖੋਲ੍ਹਿਆ ਗਿਆ ਹੈ ਅਤੇ ਇੱਕ ਵੱਡੀ ਲਾਇਬ੍ਰੇਰੀ ਸਥਾਪਤ ਕੀਤੀ ਗਈ ਹੈ ।ਜਿੱਥੇ ਬੱਚੇ ਆਪਣੀ ਲੋੜ ਅਨੁਸਾਰ ਕਿਤਾਬਾਂ ਪੜ ਸਕਦੇ ਹਨ ।ਪੰਚਾਇਤ ਅਤੇ ਸੰਸਥਾ ਦੇ ਸਹਿਯੋਗ ਨਾਲ ਨਵੇਂ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਹੈ ਤਾਂ ਜੋ ਪਿੰਡ ਵਿੱਚੋਂ ਕਿਸੇ ਨੂੰ ਵੀ ਐਮਰਜੈਂਸੀ ਲੋੜ ਪੈਣ 'ਤੇ ਮੈਡੀਕਲ ਸਹਾਇਤਾ ਦਿੱਤੀ ਜਾ ਸਕੇ। ਇਸ ਤੋਂ ਇਲਾਵਾ ਪਿੰਡ ਵਿੱਚ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਵੱਡੀ ਪੱਧਰ 'ਤੇ ਬੂਟੇ ਲਗਾਏ ਗਏ ਅਤੇ ਮੀਂਹ ਦੇ ਪਾਣੀ ਨੂੰ ਧਰਤੀ ਵਿੱਚ ਰੀਚਾਰਜ ਕਰਨ ਲਈ ਰੇਨ ਵਾਟਰ ਪਿਟ ਲਗਾਏ ਗਏ ਹਨ।