ਬਠਿੰਡਾ: ਸ਼ਹਿਰ ਦੇ ਰਾਮਪੁਰਾ ਵਿੱਚ ਸਥਿਤ ਕੈਨਾਲ ਕਲੱਬ ਵਿਖੇ ਡਿਪਟੀ ਕਮਿਸ਼ਨਰ ਬੀ. ਸ੍ਰੀਨਿਵਾਸਨ ਤੇ ਐਸ.ਐਸ.ਪੀ. ਡਾ. ਨਾਨਕ ਸਿੰਘ ਤੋਂ ਇਲਾਵਾ ਉੱਚ ਅਧਿਕਾਰੀਆਂ ਨੇ ਕੋਰੋਨਾ ਵਾਇਰਸ ਲਈ ਕੀਤੇ ਪ੍ਰਬੰਧਾਂ ਦੀ ਸਮੀਖਿਆ ਕੀਤੀ। ਇਸ ਮੌਕੇ ਕਾਂਗੜ ਨੇ 200 ਗਰੀਬ ਤੇ ਲੋੜਵੰਦ ਪਰਿਵਾਰਾਂ ਨੂੰ ਫੂਡ ਪੈਕੇਟ ਜਿਸ ਵਿਚ ਆਟਾ, ਖ਼ੰਡ, ਚਾਹ ਪੱਤੀ, ਸਰ੍ਹੋਂ ਦਾ ਤੇਲ, ਹਲਦੀ, ਮਿਰਚ ਮਸਾਲਾ, ਦਾਲ ਆਦਿ ਮੁੁਹੱਈਆ ਕਰਵਾਇਆ। ਉਨ੍ਹਾਂ ਕਿਹਾ ਕਿ ਮੁਸ਼ਕਿਲ ਦੀ ਘੜੀ ਵਿਚ ਸਰਕਾਰ ਕਿਸੇ ਵੀ ਲੋੜਵੰਦ ਤੇ ਗ਼ਰੀਬ ਨਾਗਰਿਕ ਨੂੰ ਭੁੱਖਾ ਨਹੀਂ ਰਹਿਣ ਦੇਵੇਗੀ।
ਕੈਬਿਨੇਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਨੇ ਕਿਹਾ ਕਿ ਸੂਬਾ ਸਰਕਾਰ ਵਲੋਂ ਲੋਕਾਂ ਦੀ ਸਿਹਤ ਦਾ ਖ਼ਾਸ ਖਿਆਲ ਰੱਖਦਿਆਂ ਲਗਾਏ ਗਏ ਕਰਫ਼ਿਊ ਦੌਰਾਨ ਲੋੜਵੰਦ ਨਾਗਰਿਕਾਂ ਦੇ ਲਈ ਉਨ੍ਹਾਂ ਦੇ ਦਰਵਾਜ਼ਿਆਂ ਤੱਕ ਖ਼ਾਣ-ਪੀਣ ਦੀਆਂ ਘਰੇਲੂ ਵਸਤਾਂ, ਦਵਾਈਆਂ ਤੇ ਹੋਰ ਲੋੜੀਂਦਾ ਸਮਾਨ ਪਹੁੰਚਾਇਆ ਜਾ ਰਿਹਾ ਹੈ। ਕਾਂਗੜ ਨੇ ਜ਼ਿਲਾ ਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਹਾਮਾਰੀ ਤੋਂ ਬਚਾਅ ਲਈ ਆਪਣੇ ਘਰ ਵਿਚ ਰਹਿਣ ਨੂੰ ਹੀ ਤਰਜੀਹ ਦੇਣ ਅਤੇ ਜੋ ਵੀ ਸਰਕਾਰ ਵਲੋਂ ਹਦਾਇਤਾਂ ਕੀਤੀਆਂ ਜਾ ਗਈਆਂ ਹਨ ਉਨਾਂ ਦੀ ਪਾਲਣਾ ਕਰਨੀ ਯਕੀਨੀ ਬਣਾਉਣ।
ਕਾਂਗੜ ਨੇ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਉਹ ਇਸ ਸੰਕਟ ਦੀ ਘੜੀ ਵਿਚ ਘਬਰਾਉਣ ਨਾ ਸਗੋਂ ਇਸ ਮਹਾਮਾਰੀ ਤੋਂ ਬਚਾਅ ਲਈ ਸਮਾਜਿਕ ਦੂਰੀ ਨੂੰ ਬਣਾ ਕੇ ਰੱਖਣਾ ਲਾਜ਼ਮੀ ਸਮਝਣ। ਉਨ੍ਹਾਂ ਲੋਕਾਂ ਨੂੰ ਇਹ ਵੀ ਅਪੀਲ ਕੀਤੀ ਕਿ ਰੋਜ਼ਾਨਾ ਵਰਤੋਂ ਵਿੱਚ ਆਉਣ ਵਾਲੀਆਂ ਘਰੇਲੂ ਵਸਤਾਂ ਨੂੰ ਘਰਾਂ ਵਿਚ ਨਾ ਜਮਾਂ ਕਰਨ ਤੇ ਜ਼ਰੂਰਤ ਅਨੁਸਾਰ ਹੀ ਖ਼ਾਣ-ਪੀਣ ਦੀਆਂ ਚੀਜ਼ਾਂ ਖ਼ਰੀਦਦਾਰੀ ਕਰਨ। ਇਸ ਤੋਂ ਇਲਾਵਾ ਉਨਾਂ ਖ਼ਾਸ ਕਰ ਨੌਜਵਾਨ ਪੀੜੀ ਨੂੰ ਅਪੀਲ ਕਰਦਿਆਂ ਕਿਹਾ ਕਿ ਫਾਲਤੂ ਸ਼ਹਿਰ ਤੇ ਕਸਬਿਆਂ ਅੰਦਰ ਨਾ ਘੁੰਮਣ ਸਗੋਂ ਘਰ ਵਿਚ ਰਹਿ ਕੇ ਸਰਕਾਰ ਵਲੋਂ ਦਿੱਤੀਆਂ ਹਦਾਇਤਾਂ ਦੀ ਪਾਲਣਾ ਕਰਨ।