ਬਠਿੰਡਾ: ਦੌੜ ਭੱਜ ਵਾਲੀ ਜਿੰਦਗੀ 'ਚ ਸਮੇਂ ਦੇ ਰੁਝੇਵਿਆਂ ਦੇ ਚੱਲਦਿਆਂ ਲੋਕਾਂ ਨੂੰ ਆਪਣੇ ਬੈਂਕਾਂ ਨਾਲ ਸਬੰਧਿਤ ਕੰਮਾਂ ਨੂੰ ਨਿਪਟਾਉਣ ਲਈ ਵਰਕਿੰਗ ਦੇ ਦਿਨਾਂ ਵਿੱਚ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਦੇ ਚੱਲਦਿਆਂ ਬਠਿੰਡਾ ਵਿੱਚ ਸਟੇਟ ਬੈਂਕ ਆਫ਼ ਇੰਡੀਆ ਵੱਲੋਂ ਦੋ ਬ੍ਰਾਂਚਾਂ ਦੇ ਸਮੇਂ ਦੀ ਤਬਦੀਲੀ ਕੀਤੀ ਗਈ ਹੈ ਜਿਸ ਵਿੱਚ ਹੁਣ ਸ਼ੁੱਕਰਵਾਰ ਦੇ ਦਿਨ ਸਟੇਟ ਬੈਂਕ ਆਫ਼ ਇੰਡੀਆ ਦੀ 100 ਫੁੱਟੀ ਰੋਡ ਦੇ ਉੱਤੇ ਇੰਟਰ ਬ੍ਰਾਂਚ ਅਤੇ ਬਿੱਲ ਪਲਾਂਟ ਸਟੇਟ ਬੈਂਕ ਆਫ਼ ਇੰਡੀਆ ਬ੍ਰਾਂਚ ਬੰਦ ਰਹਿਣਗੀਆਂ ਅਤੇ ਐਤਵਾਰ ਦੇ ਦਿਨ ਇਹ ਬ੍ਰਾਂਚਾਂ ਖੁੱਲ੍ਹੀਆਂ ਰਹਿਣਗੀਆਂ।
ਸਟੇਟ ਬੈਂਕ ਆਫ਼ ਇੰਡੀਆ ਦੀ ਮੁਲਾਜ਼ਮ ਸਪੈਸ਼ਲ ਐਸੋਸੀਏਟ ਗੀਤਾ ਬਾਂਸਲ ਨੇ ਜਾਣਕਾਰੀ ਦਿੰਦਿਆਂ ਹੋਇਆ ਦੱਸਿਆ ਕਿ ਇਹ ਸਿਰਫ਼ ਸਟੇਟ ਬੈਂਕ ਆਫ਼ ਇੰਡੀਆ ਦੀਆਂ ਬਠਿੰਡਾ ਵਿੱਚ ਦੋ ਬ੍ਰਾਂਚਾਂ ਵਿੱਚ ਹੀ ਕੀਤਾ ਗਿਆ ਹੈ। ਬੀਤੇ ਐਤਵਾਰ ਦੇ ਦਿਨ ਜਦੋਂ ਇਹ ਬ੍ਰਾਂਚ ਖੁੱਲ੍ਹੀ ਰੱਖੀ ਗਈ ਸੀ ਤਾਂ ਕਾਫੀ ਲੋਕਾਂ ਨੂੰ ਇਸ ਦੀ ਸੁਵਿਧਾ ਮਿਲੀ।
ਇਹ ਵੀ ਪੜ੍ਹੋ: ਏਟੀਐਮ ਦਾ ਇਸਤੇਮਾਲ ਕਰਦੇ ਸਮੇਂ ਰਹੋ ਸਾਵਧਾਨ!
ਦੂਜੇ ਪਾਸੇ, ਸਟੇਟ ਬੈਂਕ ਆਫ਼ ਇੰਡੀਆ ਦੇ ਖਾਤਾ ਧਾਰਕਾਂ ਦਾ ਵੀ ਕਹਿਣਾ ਹੈ ਕਿ ਇਹ ਸਟੇਟ ਬੈਂਕ ਆਫ਼ ਇੰਡੀਆ ਦਾ ਕਾਫੀ ਸ਼ਲਾਘਾਂਯੋਗ ਕਦਮ ਹੈ ਤੇ ਰੋਜ਼ਮਰਾ ਦੀ ਜ਼ਿੰਦਗੀ ਵਿੱਚੋਂ ਵਿਅਸਤ ਜੀਵਨ ਵਾਲੇ ਲੋਕਾਂ ਲਈ ਇਹ ਕਾਫੀ ਫਾਇਦੇਮੰਦ ਸਾਬਿਤ ਹੋਵੇਗਾ। ਦੂਜੇ ਪਾਸੇ ਲੋਕਾਂ ਨੂੰ ਇਸ ਬਾਰੇ ਅਜੇ ਜਾਣਕਾਰੀ ਨਾ ਹੋਣ ਕਾਰਨ ਉਹ ਸ਼ੁੱਕਰਵਾਰ ਨੂੰ ਆਪਣਾ ਕੰਮ ਕਰਵਾਉਣ ਲਈ ਆਉਂਦੇ ਹਨ, ਤਾਂ ਉਨ੍ਹਾਂ ਨੂੰ ਨਿਰਾਸ਼ਾ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਬੈਂਕ ਦੇ ਇਸ ਫ਼ੈਸਲੇ ਵਿੱਚ ਜਦੋਂ ਜਾਗਰੂਕ ਹੋ ਜਾਣਗੇ ਤਾਂ ਹੀ ਫਾਇਦੇਮੰਦ ਸਾਬਤ ਹੋਵੇਗਾ।