ਬਠਿੰਡਾ: ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਬਠਿੰਡਾ ਸ਼ਹਿਰ ਨੂੰ ਹੁਣ ਜਲਦ ਹੀ ਰਾਹਤ ਮਿਲੇਗੀ। ਦੱਸਣਯੋਗ ਹੈ ਕਿ ਬਠਿੰਡਾ ਦੇ ਲਾਈਨ ਪਾਰ ਇਲਾਕੇ ਦੇ ਮੇਨ ਰੋਡ ਦੇ ਨੇੜਲੇ ਇਲਾਕਿਆਂ, ਜੋ ਸਭ ਤੋਂ ਵੱਧ ਬਰਸਾਤੀ ਪਾਣੀ ਦੀ ਮਾਰ ਝੱਲ ਰਹੇ ਹਨ, ਨੂੰ ਹੁਣ ਜਲਦੀ ਹੀ ਰਾਹਤ ਦਿੱਤੀ ਜਾਵੇਗੀ।
ਜਾਣਕਾਰੀ ਦਿੰਦਿਆਂ ਕਾਂਗਰਸ ਪਾਰਟੀ ਦੇ ਕੌਂਸਲਰ ਜਗਰੂਪ ਸਿੰਘ ਨੇ ਦੱਸਿਆ ਕਿ ਬਰਸਾਤ ਦੀ ਮਾਰ ਝੱਲਣ ਵਾਲੇ ਲਾਈਨ ਪਾਰ ਇਲਾਕਿਆਂ ਦਾ ਸਾਰਾ ਪਾਣੀ ਬਠਿੰਡਾ ਥਰਮਲ ਦੀ ਵਾਧੂ ਪਈ ਥਾਂ 'ਤੇ ਲਿਜਾਇਆ ਜਾਵੇਗਾ । ਜਗਰੂਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਬਹੁਤ ਵਾਰ ਇਸ ਪਾਣੀ ਦੇ ਨਿਕਾਸ ਲਈ ਕਈ ਸਾਲਾਂ ਤੋਂ ਦਬੀ ਹੋਈ ਪਾਈਪ ਨੂੰ ਖੋਲ੍ਹਣ ਬਾਰੇ ਕਿਹਾ ਹੈ ਤਾਂ ਜੋ ਪਾਣੀ ਦੇ ਓਵਰਫਲੋ ਨੂੰ ਰਾਹ ਦਿੱਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਪ੍ਰੋਜੈਕਟ ਪਾਸ ਕਰਵਾ ਕੇ ਜਲਦ ਹੀ ਸ਼ਹਿਰਵਾਸੀਆਂ ਨੂੰ ਬਰਸਾਤੀ ਪਾਣੀ ਤੋਂ ਰਾਹਤ ਦਿੱਤਾ ਜਾਵੇਗੀ।
ਜਗਰੂਪ ਸਿੰਘ ਦੇ ਕਹਿਣ ਅਨੁਸਾਰ ਇਸ ਪ੍ਰੋਜੈਕਟ ਦਾ ਲਾਭ ਮਹਿਜ਼ ਕੁੱਝ ਇਲਾਕਿਆਂ ਨੂੰ ਹੀ ਨਹੀਂ ਸਗੋਂ ਪੂਰੇ ਬਠਿੰਡਾ ਸ਼ਹਿਰ ਨੂੰ ਹੋਵੇਗਾ ਕਿਉਂਕਿ ਇਸ ਨਾਲ ਸ਼ਹਿਰ ਦੇ ਸਿਵਰੇਜ ਦੇ ਪਾਣੀ ਦਾ ਬੋਝ ਘਟੇਗਾ ਜਿਸ ਨਾਲ ਸ਼ਹਿਰ ਦੇ ਪਾਣੀ ਦਾ ਨਿਕਾਸ ਜਲਦ ਹੋ ਸਕੇਗਾ।
ਇਹ ਵੀ ਪੜ੍ਹੋ: ਪੰਜਾਬ ਦੇ ਵੱਖ-ਵੱਖ ਸੂਬਿਆਂ 'ਚ ਮੀਂਹ ਨੇ ਕੱਢੇ ਵੱਟ, ਸੜਕਾਂ ਹੋਈਆਂ ਪਾਣੀ-ਪਾਣੀ
ਇਸ ਮੌਕੇ ਤੇ ਕਾਂਗਰਸ ਪਾਰਟੀ ਦੀ ਟੀਮ ਦੀ ਅਗਵਾਈ ਕਰ ਰਹੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਕਰੀਬੀ ਰਿਸ਼ਤੇਦਾਰ ਜੈ ਜੀਤ ਸਿੰਘ ਜੌਹਲ ਨੇ ਕਿਹਾ ਕਿ ਜਿੱਥੇ ਇਸ ਕੰਮ ਲਈ ਮਨਪ੍ਰੀਤ ਬਾਦਲ ਨੇ 10 ਲੱਖ ਦੀ ਗ੍ਰਾਂਟ ਭੇਜੀ ਹੈ ਉੱਥੇ ਹੀ ਮੇਅਰ, ਫ਼ੰਡ ਦੀ ਘਾਟ ਦੱਸ ਸਿਆਸਤ ਖੇਡ ਰਿਹਾ ਹੈ। ਉਨ੍ਹਾਂ ਕਿਹ ਕਿ ਉਹ ਮੇਅਰ ਦੀ ਇਸ ਲਾਪਰਵਾਹੀ ਤੋਂ ਉੱਪਰ ਉੱਠ ਇਸ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ ਅਤੇ ਜਲਦ ਹੀ ਇਸ ਦਾ ਕਾਰਜ ਮੁਕੰਮਲ ਕਰਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇਗੀ ।