ਪਟਿਆਲਾ: ਬੀਤੀ ਰਾਤ ਅਮਰੀਕਾ ਤੋਂ ਡਿਪੋਰਟ ਕੀਤੇ ਗਏ ਭਾਰਤੀਆਂ ਦਾ ਇੱਕ ਹੋਰ ਜਹਾਜ਼ ਅੰਮ੍ਰਿਤਸਰ ਹਵਾਏ ਅੱਡੇ ਪਹੁੰਚਿਆ। ਇਸ ਜਹਾਜ਼ ਵਿੱਚ 67 ਪੰਜਾਬੀ ਸ਼ਾਮਲ ਸਨ। ਦੱਸ ਦਈਏ ਕਿ ਇਸ ਜਹਾਜ਼ ਵਿੱਚ ਸੰਦੀਪ ਅਤੇ ਪ੍ਰਦੀਪ ਵੀ ਸ਼ਾਮਲ ਸਨ। ਜਿਨ੍ਹਾਂ ਨੂੰ ਪਟਿਆਲਾ ਪੁਲਿਸ ਨੇ ਅੰਮ੍ਰਿਤਸਰ ਏਅਰਪੋਰਟ ਤੋਂ ਹੀ ਗ੍ਰਿਫ਼ਤਾਰ ਕਰ ਲਿਆ ਹੈ।
ਕਤਲ ਕੇਸ ’ਚ ਸਨ ਭਗੌੜੇ
ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਰਾਜਪੁਰਾ ਵਿੱਚ ਐਫਆਈਆਰ ਨੰਬਰ 175/2023 ਤਹਿਤ ਦਰਜ ਇੱਕ ਕਤਲ ਕੇਸ ਵਿੱਚ ਭਗੌੜੇ ਸਨ। ਜਿਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮਾਮਲੇ ਸਬੰਧੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਦੋਵੇਂ ਚਚੇਰੇ ਭਰਾ ਸਾਲ 2023 ਵਿੱਚ ਰਾਜਪੁਰਾ ਵਿੱਚ ਵਾਪਰੇ ਦੋਹਰੇ ਕਤਲ ਕੇਸ ਵਿੱਚ ਲੋੜੀਂਦੇ ਸਨ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਨੂੰ ਅਦਾਲਤ ਨੇ ਕਤਲ ਕੇਸ ਵਿੱਚ ਭਗੌੜਾ ਵੀ ਐਲਾਨਿਆ ਹੋਇਆ ਹੈ।

ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦੇ ਪਰਿਵਾਰ ਦਾ ਬਿਆਨ ਆਇਆ ਸਾਹਮਣੇ
ਦੱਸ ਦਈਏ ਕਿ ਗ੍ਰਿਫ਼ਤਾਰ ਕੀਤੇ ਗਏ ਨੌਜਵਾਨਾਂ ਦਾ ਪਰਿਵਾਰ ਦਾ ਬਿਆਨ ਸਾਹਮਣੇ ਆਇਆ ਹੈ। ਪਰਿਵਾਰ ਨੇ ਕਿਹਾ ਕਿ ਉਨ੍ਹਾਂ ਨੇ ਜ਼ਮੀਨ ਵੇਚ ਆਪਣੇ ਪੁੱਤ ਵਿਦੇਸ਼ ਭੇਜੇ ਸਨ, ਪਰ ਹੁਣ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਹੈ ਅਤੇ ਡਿਪੋਰਟ ਹੁੰਦੇ ਹੀ ਉਨ੍ਹਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਪਰਿਵਾਰ ਨੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤ ਉਨ੍ਹਾਂ ਨੂੰ ਸੌਪ ਦਿੱਤੇ ਜਾਣ।

‘ਝੂਠੇ ਕੇਸ ’ਚ ਫਸਾਇਆ’
ਸਤਨਾਮ ਸਿੰਘ ਨੇ ਦੱਸਿਆ ਕਿ 2023 ਵਿੱਚ ਲੜਾਈ ਹੋਈ ਸੀ। ਜਿਸ ਵਿੱਚ ਦੋਵੇਂ ਫਸੇ ਹੋਏ ਸਨ। ਇਸ ਮਾਮਲੇ ਵਿੱਚ ਗੱਡੀ ਕਾਰਨ ਦੋਵਾਂ ਦੇ ਨਾਂ ਸਾਹਮਣੇ ਆਏ ਸਨ। ਪੁਲਿਸ ਨੇ ਸਾਡੇ ਘਰੋਂ ਕਾਰ ਬਰਾਮਦ ਕਰ ਲਈ ਸੀ। ਸਤਨਾਮ ਨੇ ਅਪੀਲ ਕੀਤੀ ਹੈ ਕਿ ਉਸ ਦੇ ਬੱਚਿਆਂ ਨੂੰ ਝੂਠੇ ਕੇਸ ਵਿੱਚੋਂ ਕੱਢ ਕੇ ਬਾਹਰ ਭੇਜਣ ਵਾਲੇ ਏਜੰਟਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਉਨ੍ਹਾਂ ਸਥਿਤੀ ਬਿਆਨ ਕਰਦਿਆਂ ਦੱਸਿਆ ਕਿ 8-10 ਹਜ਼ਾਰ ਰੁਪਏ ਵਿੱਚ ਗੱਡੀ ਚਲਾ ਕੇ ਉਨ੍ਹਾਂ ਦੇ ਪਰਿਵਾਰ ਦਾ ਗੁਜ਼ਾਰਾ ਚੱਲ ਰਿਹਾ ਹੈ।
1.20 ਕਰੋੜ ਰੁਪਏ ਖਰਚ ਕਰਕੇ ਭੇਜਿਆ ਸੀ ਵਿਦੇਸ਼
ਦੋਵਾਂ ਦੇ ਪਰਿਵਾਰਕ ਮੈਂਬਰ ਨੇ ਦੱਸਿਆ ਕਿ ਸਵੇਰੇ ਹੀ ਪ੍ਰਦੀਪ ਅਤੇ ਸੰਦੀਪ ਦੇ ਘਰ ਨਾ ਆਉਣ ਦੀ ਸੂਚਨਾ ਮਿਲੀ ਸੀ। ਦੋਵਾਂ ਨੂੰ ਬਾਹਰ ਭੇਜਣ ਲਈ 1.20 ਕਰੋੜ ਰੁਪਏ ਖਰਚ ਕੀਤੇ ਗਏ। ਪੈਸੇ ਲੈਣ ਤੋਂ ਪਹਿਲਾਂ ਏਜੰਟ ਨੇ ਸਾਫ਼ ਰਸਤੇ ਰਾਹੀਂ ਭੇਜਣ ਲਈ ਕਿਹਾ ਸੀ। ਪਰ, ਦੋਵਾਂ ਬੱਚਿਆਂ ਨੂੰ ਡੰਕੀ ਲਵਾ ਵਿਦੇਸ਼ ਭੇਜਿਆ ਸੀ।