ਬਠਿੰਡਾ: ਬਠਿੰਡਾ ਦੇ ਪੌਸ਼ ਇਲਾਕੇ ਵਿਚ ਦਿਨ ਚੜ੍ਹਦੇ ਹੀ ਲੁਟੇਰਿਆਂ ਵੱਲੋਂ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਬਠਿੰਡਾ ਗੋਨਿਆਣਾ ਹਾਈਵੇ 'ਤੇ ਸਥਿਤ ਵਾਦੀ ਹਾਸਪਿਟਲ ਦੀ ਬੈਕ ਸਾਈਡ ਮਾਲਵੀਆ ਨਗਰ ਵਿੱਚ ਔਰਤ ਸਵੇਰ ਦੀ ਸੈਰ ਕਰ ਰਹੀ ਸੀ। ਦੋ ਮੋਟਰਸਾਈਕਲ ਸਵਾਰਾਂ ਚੋਰ ਸੋਨੇ ਦੀ ਚੇਨ ਅਤੇ ਮੋਬਾਈਲ ਖੋਹ ਕੇ ਲੈ ਗਏ। ਲੁਟੇਰੇ ਜਦੋਂ ਭੱਜ ਰਹੇ ਸੀ ਤਾਂ ਉਨ੍ਹਾਂ ਨੇ ਗੋਲੀ ਵੀ ਚਲਾਈ। ਪੁਲਿਸ ਨੂੰ ਜਦੋਂ ਇਸ ਘਟਨਾ ਦਾ ਪਤਾ ਲੱਗਿਆ ਤਾਂ ਉਹ ਮੌਕੇ ਉਤੇ ਪਹੁੰਚੀ। ਬਠਿੰਡਾ ਪੁਲੀਸ ਨੇ ਇਸ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਦੋਵੇ ਨੌਜਵਾਨਾਂ ਦੀ 24 ਘੰਟਿਆਂ ਵਿਚ ਹੀ ਪਹਿਚਾਣ ਕਰ ਲਈ ਹੈ। ਇਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਹੋਰ ਲੁੱਟ ਖੋਹ ਦੇ ਮਾਮਲੇ: ਜਾਣਕਾਰੀ ਦਿੰਦੇ ਹੋਏ ਐਸਐਸਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਇਸ ਵਾਰਦਾਤ ਨੂੰ ਬੱਬਲੂ ਸ਼ਰਮਾ ਅਤੇ ਮੋਨੂੰ ਸ਼ਰਮਾ ਵੱਲੋਂ ਅੰਜਾਮ ਦਿੱਤਾ ਗਿਆ ਸੀ। ਦੋਵੇਂ ਨੌਜਵਾਨ ਇਕ ਦੂਸਰੇ ਦੇ ਰਿਸ਼ਤੇਦਾਰ ਹਨ ਅਤੇ ਇਹਨਾਂ ਵੱਲੋਂ ਦੋਵਾਂ ਨੇ ਘਟਨਾ ਨੂੰ ਅੰਜਾਮ ਦਿੱਤਾ ਸੀ। 7 ਜੂਨ ਨੂੰ ਇਨ੍ਹਾਂ ਦੋਵਾਂ ਵੱਲੋਂ ਬਠਿੰਡਾ ਦੇ ਅਜੀਤ ਰੋੜ ਤੇ ਆਇਸਕਰੀਮ ਦਾ ਕੰਮ ਕਰਨ ਵਾਲੇ ਤੋਂ ਚਾਰ ਹਜ਼ਾਰ ਰੁਪਏ ਖੋਹੇ ਸਨ। ਬੀਤੇ ਦਿਨੀਂ ਇਹਨਾਂ ਵੱਲੋਂ ਪਿਸਤੌਲ ਦੀ ਨੋਕ 'ਤੇ ਮਾਲਵੀਆ ਨਗਰ ਵਿਚ ਸਵੇਰ ਦੀ ਸੈਰ ਕਰ ਰਹੀ ਔਰਤ ਦੀ ਸੋਨੇ ਦੀ ਚੇਨ ਅਤੇ ਮੋਬਾਇਲ ਖੋਹ ਲਿਆ।
1 ਮੁਲਜ਼ਮ ਗ੍ਰਿਫਤਾਰ: ਪੁਲਿਸ ਵੱਲੋਂ ਇਸ ਮਾਮਲੇ ਵਿੱਚ ਮੁਲਜ਼ਮ ਸ਼ਰਮਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਉਸ ਕੋਲੋਂ ਇਕ ਦੇਸ਼ੀ ਪਿਸਟਲ ਬਰਾਮਦ ਕੀਤਾ ਗਿਆ ਹੈ, ਜੋ ਮੱਧ ਪ੍ਰਦੇਸ਼ ਤੋਂ ਲੈ ਕੇ ਆਏ ਸਨ। ਇਸ ਤੋਂ ਇਲਾਵਾ ਇੱਕ ਆਈਫੋਨ ਅਤੇ ਸੋਨੇ ਦੀ ਚੇਨ ਬਰਾਮਦ ਕਰ ਲਈ ਹੈ ਉਨ੍ਹਾਂ ਦੱਸਿਆ ਕਿ ਇਹ ਨੌਜਵਾਨ ਲੁੱਟ-ਖੋਹ ਨਸ਼ੇ ਦੀ ਪੂਰਤੀ ਲਈ ਕਰਦੇ ਸਨ ਅਤੇ ਬੱਬਲੂ ਸ਼ਰਮਾ ਖਿਲਾਫ ਪਹਿਲਾਂ ਵੀ ਥਾਣਾ ਜੀਆਰਪੀ ਵਿਖੇ ਮਾਮਲਾ ਦਰਜ ਹੈ। ਪੁਲਿਸ ਵੱਲੋਂ ਮੋਨੂੰ ਸ਼ਰਮਾ ਨੂੰ ਗ੍ਰਿਫਤਾਰ ਕਰਕੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਜਦੋਂ ਕਿ ਉਸਦੇ ਸਾਥੀ ਬੱਬਲੂ ਦੀ ਭਾਲ ਕੀਤੀ ਜਾ ਰਹੀ ਹੈ।