ਬਠਿੰਡਾ: ਬੀਤੇ ਸ਼ਨੀਵਾਰ ਦੇਰ ਸ਼ਾਮ ਨੂੰ ਕਲੀਨਿਕ ਵਿੱਚ ਬੈਠੇ ਡਾਕਟਰ ਦੇ ਗੋਲੀਆਂ ਮਾਰਨ ਵਾਲੇ ਗੈਂਗਸਟਰਾਂ ਵਿਚੋਂ ਇੱਕ ਦਾ ਇਨਕਾਊਂਟਰ ਕਰਨ ਤੋਂ ਬਾਅਦ 6 ਹੋਰ ਮੁਲਜ਼ਮਾਂ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਜਾਣਕਾਰੀ ਦਿੰਦੇ ਹੋਏ ਬਠਿੰਡਾ ਰੇਂਜ ਦੇ ਆਈਜੀ ਐਸ ਪੀ ਐਸ ਪਰਮਾਰ ਨੇ ਦੱਸਿਆ ਕਿ ਤਲਵੰਡੀ ਸਾਬੋ ਵਿਖੇ ਕਲੀਨਿਕ ਵਿੱਚ ਬੈਠੇ ਡਾਕਟਰ ਦਿਨੇਸ਼ ਬਾਂਸਲ ਤੋਂ 3 ਲੱਖ ਦੀ ਫਰੌਤੀ ਲੈਣ ਲਈ ਕਲਿਨਿਕ ਵਿੱਚ ਆਏ ਦੋ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਸਨ।
ਤਲਵੰਡੀ ਸਾਬੋ 'ਚ ਨਾਮੀ ਡਾਕਟਰ 'ਤੇ ਕੀਤਾ ਗਿਆ ਸੀ ਹਮਲਾ: ਇਸ ਗੋਲੀ ਕਾਂਡ ਵਿੱਚ ਡਾਕਟਰ ਦਨੇਸ਼ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਪੁਲਿਸ ਵੱਲੋਂ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ ਸੀ। ਇਸ ਦੌਰਾਨ ਹੀ ਐਤਵਾਰ ਸ਼ਾਮ ਨੂੰ ਪੁਲਿਸ ਵੱਲੋਂ ਮੁਲਜ਼ਮਾਂ ਦਾ ਪਿੱਛਾ ਕਰਨ ਦੌਰਾਨ ਇਨਕਾਉਂਟਰ ਕੀਤਾ ਗਿਆ ਅਤੇ ਇਸ ਇਨਕਾਊਂਟਰ ਦੌਰਾਨ ਇੱਕ ਮੁਜ਼ਰਮ ਬਿੰਨੂੰ ਸਿੰਘ ਗੰਭੀਰ ਜ਼ਖਮੀ ਹੋ ਗਿਆ ਹੈ। ਪੁਲਿਸ ਵੱਲੋਂ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਅਤੇ ਉਸ ਦੇ 6 ਹੋਰ ਸਾਥੀਆਂ ਨੂੰ ਵੱਖ ਵੱਖ ਥਾਵਾਂ ਤੋਂ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ 2 ਦੇਸੀ ਕੱਟੇ ਅਤੇ 9 ਕਾਰਤੂਸ ਵੀ ਬਰਾਮਦ ਕੀਤੇ ਹਨ।
ਫੜ੍ਹੇ ਗਏ ਮੁਲਜ਼ਮ ਜੇਲ੍ਹ 'ਚ ਬੰਦ ਮਨਪ੍ਰੀਤ ਮੰਨਾ ਦੇ ਕਰੀਬੀ: ਆਈ ਜੀ ਬਠਿੰਡਾ ਦਾ ਕਹਿਣਾ ਹੈ ਕਿ ਮਨਪ੍ਰੀਤ ਮੰਨਾ ਬਠਿੰਡਾ ਜੇਲ੍ਹ ਵਿੱਚ ਬੰਦ ਹੈ ਅਤੇ ਬਠਿੰਡਾ ਜੇਲ ਵਿੱਚ ਮੋਬਾਈਲ ਫੋਨ ਨਹੀਂ ਚੱਲਦੇ,ਪਰ ਦੂਜੇ ਪਾਸੇ ਲਗਾਤਾਰ ਮਨਪ੍ਰੀਤ ਮੰਨਾ ਵੱਲੋਂ ਤਲਵੰਡੀ ਸਾਬੋ ਹਲਕੇ ਵਿੱਚ ਫਿਰੌਤੀਆਂ ਮੰਗੀਆਂ ਜਾ ਰਹੀਆਂ ਹਨ। ਪੁਲਿਸ ਅਧਿਕਾਰੀਆਂ ਨੇ ਫਿਲਹਾਲ ਇਸ ਮਾਮਲੇ ਵਿੱਚ ਛੇ ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅਤੇ ਇੱਕ ਮੁਲਜ਼ਮ ਇਲਾਜ ਅਧੀਨ ਹੈ।
ਮਰੀਜ਼ ਬਣ ਕੇ ਆਏ ਸੀ ਹਮਲਾਵਰ: ਡਾਕਟਰ ਦਿਨੇਸ਼ ਬਾਂਸਲ ਦੇ ਨਰਸਿੰਗ ਹੋਮ ਵਿੱਚ ਕੰਮ ਕਰਦੀ ਰਮਨਦੀਪ ਕੌਰ ਨੇ ਦੱਸਿਆ ਕਿ 2 ਵਿਅਕਤੀ ਆਏ ਸੀ। ਉਨ੍ਹਾਂ ਨੇ ਆਪਣੇ ਆਪ ਨੂੰ ਮਰੀਜ਼ ਦੱਸ ਕੇ ਪਰਚੀ ਕਟਵਾਈ। ਇਸ ਤੋਂ ਬਾਅਦ ਉਹ ਡਾਕਟਰ ਦਿਨੇਸ਼ ਕੋਲ ਅੰਦਰ ਚੈਕ ਕਰਵਾ ਕੇ ਦਵਾਈ ਲੈਣ ਗਏ। ਥੋੜੀ ਦੇਰ ਬਾਅਦ ਜਦੋਂ ਰੌਲਾ ਪੈਣ ਉੱਤੇ ਸਟਾਫ ਇੱਕਠਾ ਹੋਇਆ, ਤਾਂ ਉਹ ਮੁਲਜ਼ਮ ਉੱਥੋ ਫ਼ਰਾਰ ਹੋ ਗਏ। ਮੁਲਜ਼ਮਾਂ ਨਾਲ ਹੱਥੋਪਾਈ ਦੌਰਾਨ ਡਾਕਟਰ ਦਿਨੇਸ਼ ਦੇ ਪੱਟ ਉੱਤੇ ਗੋਲੀ ਲੱਗ ਗਈ। ਉਨ੍ਹਾਂ ਨੂੰ ਬਠਿੰਡਾ ਵਿਖੇ ਮੈਕਸ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਫਿਲਹਾਲ ਉਨ੍ਹਾਂ ਦੀ ਹਾਲਤ ਵਿੱਚ ਕਾਫ਼ੀ ਸੁਧਾਰ ਹੈ।
ਇਹ ਵੀ ਪੜ੍ਹੋ: ਸੀਐਮ ਮਾਨ ਵੱਲੋਂ ਕਪੂਰਥਲਾ ਜੇਲ੍ਹ ਦਾ ਅਚਨਚੇਤ ਦੌਰਾ, ਕਿਹਾ- ਜੇਲ੍ਹਾਂ 'ਚ ਸੁਰੱਖਿਆ ਦੇ ਪੁਖ਼ਤਾ ਪ੍ਰਬੰਧਾਂ ਲਈ ਰੂਪ-ਰੇਖਾ ਦੀ ਚੱਲ ਰਹੀ ਤਿਆਰ