ਬਠਿੰਡਾ : ਪੰਜਾਬ ਵਿੱਚ ਗੈਂਗਸਟਰਵਾਦ ਲਗਾਤਾਰ ਪੈਰ ਪਸਾਰਦਾ ਜਾ ਰਿਹਾ ਹੈ। ਗੈਂਗਸਟਰਾਂ ਤੇ ਸਮਾਜ ਵਿਰੋਧੀ ਲੋਕਾਂ ਵੱਲੋਂ ਕਾਰੋਬਾਰੀਆਂ ਨੂੰ ਵਟਸਐਪ ਕਾਲ ਰਾਹੀਂ ਫੋਨ ਕਰਕੇ ਫਿਰੌਤੀਆਂ ਮੰਗ ਕੇ ਡਰਾਇਆ ਧਮਕਾਇਆ ਜਾ ਰਿਹਾ ਹੈ। ਜਾਣਕਾਰੀ ਮੁਤਾਬਿਕ ਕਸਬਾ ਮੌੜ ਮੰਡੀ ਵਿੱਚ ਪਿਛਲੇ ਇਕ ਹਫਤੇ ਦਰਮਿਆਨ ਸੁਨਿਆਰੇ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਨੂੰ ਫਿਰੌਤੀ ਲਈ ਵਟਸਐਪ ਫੋਨ ਆ ਰਹੇ ਹਨ ਅਤੇ ਫਿਰੌਤੀਆਂ ਦੀ ਮੰਗ ਕੀਤੀ ਜਾ ਰਹੀ ਹੈ। ਬੇਸ਼ੱਕ ਪੁਲਿਸ ਵੱਲੋਂ ਸੁਨਿਆਰੇ ਦੀ ਬੰਦ ਪਈ ਦੁਕਾਨ ਉੱਪਰ ਗੋਲੀਆਂ ਚਲਾਉਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਪਰ ਉਸ ਤੋਂ ਬਾਅਦ ਵੀ ਮੌੜ ਮੰਡੀ ਵਿੱਚ ਸੁਨਿਆਰੇ ਦਾ ਕੰਮ ਕਰਨ ਵਾਲੇ ਕਾਰੋਬਾਰੀਆਂ ਨੂੰ ਧਮਕਾਉਣ ਵਾਲੇ ਫੋਨ ਆ ਰਹੇ ਹਨ।
ਬਠਿੰਡਾ ਦੇ ਐੱਸਐੱਸਪੀ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਮੌੜ ਮੰਡੀ ਵਿੱਚ ਇਕ ਜਵੈਲਰਸ ਦੀ ਦੁਕਾਨ ਉੱਤੇ ਗੋਲੀ ਚਲਾਉਣ ਵਾਲੇ ਤਿੰਨ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਸਾਰੇ ਇੱਕੋ ਹੀ ਗੈਂਗਸਟਰ ਗਰੁੱਪ ਨਾਲ ਸੰਬੰਧਿਤ ਹਨ। ਗੈਂਗਸਟਾਰ ਅਰਸ਼ਦੀਪ ਡੱਲਾ ਵੱਲੋਂ ਵਿਦੇਸ਼ੀ ਨੰਬਰਾਂ ਤੋਂ ਕਾਲ ਕਰਕੇ ਮੌੜ ਮੰਡੀ ਦੇ ਜਵੈਲਰਸ ਦੇ ਕਾਰੋਬਾਰੀਆਂ ਤੋਂ ਫਿਰੌਤੀ ਦੀ ਮੰਗ ਕੀਤੀ ਜਾ ਰਹੀ ਹੈ। ਬੀਤੇ ਦਿਨੀ ਵੀ ਜਵੈਲਰ ਕਾਰੋਬਾਰੀਆਂ ਨੂੰ ਅਰਸ਼ਦੀਪ ਡੱਲਾ ਵੱਲੋਂ ਵਟਸਐਪ ਕਾਲ ਕਰਕੇ 15-15 ਲੱਖ ਰੁਪਏ ਦੀ ਮੰਗੀ ਗਈ ਹੈ।
ਦੁਕਾਨਾਂ ਬਾਹਰ ਨਾ ਲਿਖਣ ਫੋਨ ਨੰਬਰ : ਉਨ੍ਹਾਂ ਦੱਸਿਆ ਕਿ ਵਟਸਐਪ ਕਾਲ ਤੋਂ ਬਾਅਦ ਉਨ੍ਹਾਂ ਵੱਲੋਂ ਦੋਵੇਂ ਹੀ ਕਾਰੋਬਾਰੀਆਂ ਦੀ ਸੁਰੱਖਿਆ ਵੀ ਵਧਾ ਦਿੱਤੀ ਗਈ ਹੈ। ਉਹਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਆਪਣੀਆਂ ਦੁਕਾਨਾਂ ਦੇ ਬਾਹਰ ਲੱਗੇ ਹੋਏ ਬੋਰਡ ਦੇ ਉੱਪਰ ਉਹ ਨੰਬਰ ਨਾ ਲਿਖਣ, ਜਿਸ ਉੱਪਰ ਵਟਸਐਪ ਚੱਲਦਾ ਹੋਵੇ ਕਿਉਂਕਿ ਕਈ ਸਮਾਜ ਵਿਰੋਧੀ ਲੋਕੀ ਇਨ੍ਹਾਂ ਚੀਜ਼ਾਂ ਦਾ ਨਾਜਾਇਜ ਫਾਇਦਾ ਚੁੱਕਦੇ ਹਨ। ਦੋਵੇਂ ਕਾਰੋਬਾਰੀਆਂ ਵਲੋਂ ਹਾਲੇ ਤੱਕ ਪੁਲਿਸ ਨੂੰ ਸ਼ਿਕਾਇਤ ਨਹੀਂ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਅਜਿਹੇ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।