ਬਠਿੰਡਾ : ਖੇਤੀਬਾੜੀ ਵਿਭਾਗ ਵੱਲੋਂ ਵੱਡਾ ਐਕਸ਼ਨ ਕਰਦੇ ਹੋਏ ਗੁਦਾਮਾਂ ਵਿੱਚ ਬਿਨਾਂ ਮਨਜ਼ੂਰੀ ਰੱਖੇ ਪੈਸਟੀਸਾਈਡ ਖਾਦਾਂ 'ਤੇ ਵੱਡਾ ਖੁਲਾਸਾ ਕੀਤਾ ਗਿਆ, ਇੱਥੋਂ ਤੱਕ ਕਿ ਦੇਰ ਸ਼ਾਮ ਤੱਕ ਬਰਾਮਦ ਪੈਸਟੀਸਾਈਡ ਦੀ ਸੈਂਪਲਿੰਗ ਅਤੇ ਗਿਣਤੀ ਕਰਨ ਦੀ ਕਾਰਵਾਈ ਚਲਦੀ ਰਹੀ, ਛਾਪਾਮਾਰੀ ਟੀਮ ਵੱਲੋਂ ਇੱਸ ਗੁਦਾਮ ਨੂੰ ਸੀਲ ਵੀ ਕਰ ਦਿੱਤਾ ਹੈ। ਜਾਣਕਾਰੀ ਅਨੁਸਾਰ ਅੱਜ ਖੇਤੀਬਾੜੀ ਵਿਭਾਗ ਚੰਡੀਗੜ੍ਹ ਦੀ ਟੀਮ ਬਠਿੰਡਾ-ਮਲੋਟ ਰੋਡ ਤੇ ਸਥਿਤ ਸਿਵੀਆਂ ਰੋਡ ਦੇ ਨਜ਼ਦੀਕ ਇੱਕ ਗੁਦਾਮ ਵਿਚ ਪਹੁੰਚੀ ਜਿਥੇ ਅਚਨਚੇਤ ਛਾਪਾਮਾਰੀ ਕੀਤੀ ਗਈ ਹੈ ਅਤੇ ਕਰੀਬ 25 ਹਜ਼ਾਰ ਤੋਂ ਵੱਧ ਪੈਸਟੀਸਾਈਡ ਜੋ ਬਿਨਾਂ ਮਨਜ਼ੂਰੀ ਰੱਖਿਆ ਗਿਆ ਸੀ ਬਰਾਮਦ ਕੀਤਾ ਗਿਆ ਹੈ । ਜਿਸ ਵਿੱਚ ਵੱਡੀ ਮਾਤਰਾ 'ਚ ਖਾਦ ਪਦਾਰਥ ਵੀ ਦੱਸੇ ਜਾ ਰਹੇ ਹਨ।
ਮਾਲਕਾਂ ਕੋਲ ਕੋਈ ਬਿੱਲ ਜਾਂ ਮਨਜ਼ੂਰੀ ਨਹੀ: ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਏਡੀਓ ਡਾ ਅਸਮਨਪ੍ਰੀਤ ਸਿੰਘ ਸਿੱਧੂ ਅਤੇ ਰੁਪਿੰਦਰ ਸਿੰਘ ਨੇ ਕਿਹਾ ਕਿ ਇਹ ਛਾਪਾਮਾਰੀ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਹੈ ਅਤੇ ਕਾਰਵਾਈ ਚੱਲ ਰਹੀ ਹੈ, ਏਨੀ ਮਾਤਰਾ ਵਿੱਚ ਪੈਸਟੀਸਾਈਡ ਇਸ ਗੁਦਾਮ ਵਿੱਚ ਕਿਥੋਂ ਆਇਆ ਕਿਉਂਕਿ ਇਸ ਬਰਾਮਦ ਪੈਸਟੀਸਾਈਡ ਸਬੰਧੀ ਗੁਦਾਮ ਦੇ ਮਾਲਕਾਂ ਕੋਲ ਕੋਈ ਬਿੱਲ ਜਾਂ ਮਨਜ਼ੂਰੀ ਨਹੀਂ ਨਾਂ ਹੀ ਖੇਤੀਬਾੜੀ ਵਿਭਾਗ ਦੇ ਕਾਗਜ਼ਾਂ ਵਿੱਚ ਇਸ ਨੂੰ ਦਰਜ ਕਰਵਾਇਆ ਗਿਆ ਹੈ ।
ਇਹ ਵੀ ਪੜ੍ਹੋ : Amritpal and Kirandeep Kaur: ਜਾਣੋ, ਅੰਮ੍ਰਿਤਪਾਲ ਅਤੇ ਕਿਰਨਦੀਪ ਕੌਰ ਦੀ ਕਿਵੇਂ ਹੋਈ ਸੀ ਮੁਲਾਕਾਤ...
ਸਪਰੇ ਦਾ ਧੰਦਾ ਕਰਨ ਵਾਲਿਆ ਖਿਲਾਫ ਸਖਤੀ : ਜਿਸ ਤੋਂ ਸਾਬਤ ਹੁੰਦਾ ਹੈ ਕਿ ਇਹ ਪੈਸਟੀਸਾਈਡ ਬਿਨਾਂ ਮਨਜ਼ੂਰੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਸੈਂਪਲਿੰਗ ਤੇ ਗਿਣਤੀ ਕਰਕੇ ਹੁਣ ਗੁਦਾਮ ਨੂੰ ਸੀਲ ਕੀਤਾ ਜਾ ਰਿਹਾ ਹੈ। ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹੁਣ ਨਕਲੀ ਬੀਜ ਖਾਦ ਸਪਰੇ ਦਾ ਧੰਦਾ ਕਰਨ ਵਾਲਿਆ ਖਿਲਾਫ ਸਖਤੀ ਕਰ ਰਹੀ ਹੈ ਉਸੇ ਲੜੀ ਤਹਿਤ ਆਉਣ ਵਾਲੇ ਦਿਨਾਂ ਵਿਚ ਇਸ ਦੇ ਸਾਰਥਕ ਨਤੀਜੇ ਸਾਹਮਣੇ ਆਉਣਗੇ।
ਕੋਈ ਇਜ਼ਾਜ਼ਤ ਨਹੀਂ ਲਈ ਗਈ: ਅਧਿਕਾਰੀਆਂ ਨੇ ਦੱਸਿਆ ਕਿ ਖੇਤੀਬਾੜੀ ਮਹਿਕਮੇ ਦੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਦੇ ਆਦੇਸ਼ਾਂ ਅਨੁਸਾਰ ਇਸ ਵਾਰ ਕਿਸੇ ਵੀ ਅਣ-ਅਧਿਕਾਰਤ ਦਵਾਈਆਂ ਵੇਚਣ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ, ਸਾਡੇ ਵੱਲੋਂ ਲਗਾਤਾਰ 16 ਜਗ੍ਹਾ 'ਤੇ ਉਪਰ ਛਾਪੇਮਾਰੀ ਕੀਤੀ ਗਈ ਹੈ। ਇਸ ਗੁਦਾਮ ਵਿਚ ਰੱਖਿਆ ਹੋਇਆ ਮਾਲ ਅਣ-ਅਧਿਕਾਰਤ ਹੈ, ਇਹ ਗੁਦਾਮ ਵੀ ਅਣਅਧਿਕਾਰਤ ਹੈ। ਇਸ ਗੁਦਾਮ ਵਿਚ ਦਵਾਈਆਂ ਰੱਖਣ ਦੀ ਕੋਈ ਇਜ਼ਾਜ਼ਤ ਨਹੀਂ ਲਈ ਗਈ ਹੈ। ਸਾਰੀਆਂ ਦਵਾਈਆਂ ਦੀ ਸੈਂਪਲਿੰਗ ਕੀਤੀ ਜਾਵੇਗੀ ਕਿਉਂਕਿ ਆਉਣ ਵਾਲੇ ਦਿਨਾਂ ਵਿਚ ਨਰਮੇਂ ਦੀ ਬਿਜਾਈ ਸ਼ੁਰੂ ਹੋਣੀ ਹੈ।