ਬਠਿੰਡਾ: ਪੰਜਾਬ ਵਿੱਚ ਇਸ ਸਾਲ ਝੋਨੇ ਦੀ ਫਸਲ ਲਈ ਮੌਸਮ ਅਨੁਕੂਲ ਨਾ ਰਹਿਣ ਕਾਰਨ ਜਿੱਥੇ ਸਰਕਾਰ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉੱਥੇ ਹੀ ਕਿਸਾਨਾਂ ਨੂੰ ਦੋਹਰੀ ਮਾਰ ਪੈ ਰਹੀ ਹੈ। ਬੇਮੌਸਮੀ ਬਰਸਾਤ ਕਾਰਨ ਜਿੱਥੇ ਇਸ ਵਾਰ ਝੋਨੇ ਦੀ ਫਸਲ ਵਿੱਚ ਨਮੀ ਦੀ ਮਾਤਰਾ ਵੱਧ ਜਾਣ ਕਾਰਨ ਮੰਡੀਆਂ ਵਿੱਚ ਝੋਨੇ ਦੀ ਆਮਦ ਲੇਟ ਹੋਈ, ਉੱਥੇ ਹੀ ਪਰਾਲੀ ਦੇ ਪ੍ਰਦੂਸ਼ਣ ਨੇ ਪੰਜਾਬ ਸਰਕਾਰ ਨੂੰ ਵਖਤ ਪਾਈ ਰੱਖਿਆ। ਭਾਵੇਂ ਝੋਨੇ ਦਾ ਸੀਜ਼ਨ ਇਹਨਾਂ ਦਿਨਾਂ ਵਿੱਚ ਸਮਾਪਤੀ ਦੇ ਨੇੜੇ ਹੁੰਦਾ ਹੈ ਪਰ ਮੰਡੀਆਂ ਵਿੱਚ ਝੋਨੇ ਦੀ ਆਮਦ ਬਾ ਦਸਤੂਰ ਜਾਰੀ ਹੈ।
ਝੋਨੇ ਦੀ ਖਰੀਦ ਲਈ ਕੀਤੇ ਗਏ ਪ੍ਰਬੰਧ ਬੁਰੀ ਤਰ੍ਹਾਂ ਫੇਲ੍ਹ: ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੀਆਂ 1240 ਮੰਡੀਆਂ ਵਿੱਚ ਝੋਨੇ ਦੀ ਖਰੀਦ 'ਤੇ ਰੋਕ ਲਗਾ ਦਿੱਤੀ ਗਈ ਸੀ, ਜਿਸ ਤੋਂ ਬਾਅਦ ਪੰਜਾਬ ਭਰ ਵਿੱਚ ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਕਰਨ ਦਾ ਐਲਾਨ ਕੀਤਾ ਗਿਆ ਸੀ, ਕਿਉਂਕਿ ਕਿਸਾਨ ਜਥੇਬੰਦੀਆਂ ਦਾ ਮੰਨਣਾ ਸੀ ਕਿ ਮੰਡੀਆਂ ਵਿੱਚ ਝੋਨੇ ਦੀ ਆਮਦ ਜਾਰੀ ਹੈ ਪਰ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਝੋਨੇ ਦੀ ਖਰੀਦ ਲਈ ਕੀਤੇ ਗਏ ਪ੍ਰਬੰਧ ਬੁਰੀ ਤਰ੍ਹਾਂ ਫੇਲ੍ਹ ਹੋਏ ਹਨ। ਉਨ੍ਹਾਂ ਦਾ ਕਹਿਣਾ ਸੀ ਕਿ ਮੰਡੀਆਂ ਵਿੱਚ ਢੋਆ ਢੁਆਈ ਨਾ ਹੋਣ ਕਾਰਨ ਝੋਨੇ ਦੇ ਵੱਡੇ-ਵੱਡੇ ਅੰਬਾਰ ਨਜ਼ਰ ਆ ਰਹੇ ਹਨ, ਜਿਸ ਕਾਰਨ ਸਰਕਾਰ ਇਹਨਾਂ ਚੀਜ਼ਾਂ ਤੋਂ ਛੁਟਕਾਰਾ ਪਾਉਣ ਲਈ ਮੰਡੀਆਂ ਵਿੱਚ ਖਰੀਦ ਬੰਦ ਕਰ ਰਹੀ ਹੈ।
ਮੰਡੀਆਂ 'ਚ ਫਸਲਾਂ ਦੀ ਨਹੀਂ ਹੋਈ ਸਮੇਂ ਸਿਰ ਲਿਫਟਿੰਗ: ਪੰਜਾਬ ਸਰਕਾਰ ਵੱਲੋਂ ਇਹ ਤਰਕ ਦਿੱਤਾ ਜਾ ਰਿਹਾ ਸੀ ਕਿ ਪੰਜਾਬ ਵਿੱਚ ਝੋਨੇ ਦੀ ਫਸਲ ਲਗਭਗ ਮੰਡੀਆਂ ਵਿੱਚ ਆ ਚੁੱਕੀ ਹੈ ਪਰ ਦੂਸਰੇ ਸੂਬਿਆਂ ਤੋਂ ਝੋਨੇ ਦੀ ਆਮਦ ਆਉਣ ਦੇ ਮੱਦੇਨਜ਼ਰ ਇਹ ਪਾਬੰਦੀ ਲਗਾਈ ਗਈ ਹੈ। ਜਦਕਿ ਕਿਸਾਨ ਜਥੇਬੰਦੀਆਂ ਵੱਲੋਂ ਸਰਕਾਰ ਦੇ ਤਰਕ 'ਤੇ ਸਵਾਲ ਉਠਾਉਂਦੇ ਹੋਏ ਕਿਹਾ ਕਿ ਪਰਾਲੀ ਦੀ ਸਾਂਭ ਸੰਭਾਲ ਨੂੰ ਲੈ ਕੇ ਮਸ਼ੀਨਰੀ ਉਪਲਬਧ ਕਰਾਉਣ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਪੰਜਾਬ ਸਰਕਾਰ ਵੱਲੋਂ ਜਿੱਥੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਖਿਲਾਫ ਮਾਮਲੇ ਦਰਜ ਕੀਤੇ ਜਾ ਰਹੇ ਹਨ, ਉੱਥੇ ਹੀ ਮੰਡੀਆਂ ਬੰਦ ਕਰਨ ਦੇ ਅਜਿਹੇ ਫੈਸਲੇ ਕਰ ਕੇ ਕਿਸਾਨਾਂ ਦੀਆਂ ਪਰੇਸ਼ਾਨੀਆਂ ਵਿੱਚ ਹੋਰ ਵਾਧਾ ਕੀਤਾ ਜਾ ਰਿਹਾ ਹੈ।
ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਪਰਾਲੀ ਦੇ ਨਾਂ 'ਤੇ ਤੰਗ ਪ੍ਰੇਸ਼ਾਨ ਕੀਤਾ ਤੇ ਹੁਣ ਮੰਡੀਆਂ ਬੰਦ ਕਰਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਪਾਉਣ ਦਾ ਕੰਮ ਕੀਤਾ ਹੈ। ਸਰਕਾਰ ਨੇ ਕੁਝ ਮੰਡੀਆਂ ਮੁਛ ਚਾਲੂ ਕਰਨ ਦਾ ਹੁਕਮ ਤਾਂ ਜਾਰੀ ਕੀਤਾ ਹੈ ਪਰ ਉਨ੍ਹਾਂ ਦੀ ਮੰਗ ਹੈ ਕਿ ਸਾਰੀਆਂ ਮੰਡੀਆਂ ਚਾਲੂ ਕੀਤੀਆਂ ਜਾਣ ਤਾਂ ਜੋ ਕਿਸਾਨਾਂ ਨੂੰ ਕੋਈ ਦਿੱਕਤ ਨਾ ਆਵੇ। ਜੇ ਅਜਿਹਾ ਨਹੀਂ ਹੁੰਦਾ ਤਾਂ ਅਸੀਂ ਸੰਘਰਸ਼ ਕਰਨ ਲਈ ਮਜ਼ਬੂਰ ਹੋਵਾਂਗੇ।-ਸ਼ਿੰਗਾਰਾ ਸਿੰਘ ਮਾਨ, ਸੂਬਾ ਉਪ ਪ੍ਰਧਾਨ,ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ
ਮੁੜ ਕੁਝ ਮੰਡੀਆਂ ਚਾਲੂ ਕਰਨ ਦੇ ਹੁਕਮ: ਕਿਸਾਨ ਜਥੇਬੰਦੀਆਂ ਵੱਲੋਂ ਸੜਕਾਂ ਜਾਮ ਕੀਤੇ ਜਾਣ ਦੇ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਵੱਲੋਂ 185 ਮੰਡੀਆਂ ਮੁੜ ਬਹਾਲ ਕਰ ਦਿੱਤੀਆਂ ਗਈਆਂ, ਜਿੰਨ੍ਹਾਂ ਵਿੱਚ ਸਭ ਤੋਂ ਵੱਧ ਮੁੱਖ ਮੰਤਰੀ ਦੇ ਜ਼ਿਲ੍ਹੇ ਸੰਗਰੂਰ ਵਿੱਚ ਪੈਂਦੀਆਂ 56 ਮੰਡੀਆਂ ਸ਼ਾਮਲ ਹਨ। ਇਸ ਤੋਂ ਇਲਾਵਾ ਬਰਨਾਲਾ ਦੀਆਂ 39, ਮੋਗੇ ਦੀਆਂ 38, ਫਰੀਦਕੋਟ ਦੀਆਂ 32, ਜ਼ਿਲ੍ਹਾ ਬਠਿੰਡਾ ਦੀਆਂ ਅੱਠ, ਸ਼੍ਰੀ ਮੁਕਤਸਰ ਸਾਹਿਬ ਦੀਆਂ ਚਾਰ ਮੰਡੀਆਂ, ਹੁਸ਼ਿਆਰਪੁਰ ਦੀਆਂ ਦੋ, ਮਲੇਰਕੋਟਲੇ ਦੀਆਂ ਤਿੰਨ ਅਤੇ ਫਾਜ਼ਲਕਾ, ਫਿਰੋਜ਼ਪੁਰ, ਗੁਰਦਾਸਪੁਰ ਜ਼ਿਲ੍ਹਿਆਂ ਦੀਆਂ ਇੱਕ-ਇੱਕ ਮੰਡੀਆਂ ਮੁੜ ਬਹਾਲ ਕੀਤੀਆਂ ਗਈਆਂ ਹਨ।
- ਮਨਪ੍ਰੀਤ ਬਾਦਲ ਦੀ ਕਰੀਬੀ ਮੇਅਰ ਰਮਨ ਗੋਇਲ ਖਿਲਾਫ਼ ਬੇਭਰੋਸਗੀ ਮਤਾ ਪਾਸ ਕਰਨ ਤੋਂ ਬਾਅਦ ਨਵੇਂ ਮੇਅਰ ਦੀ ਚੋਣ ਕਾਂਗਰਸ ਲਈ ਚੁਣੌਤੀ
- ਸਰਕਾਰੀ ਮੈਡੀਕਲ ਕਾਲਜ ਦੀ ਸ਼ਤਾਬਦੀ ਸਮਾਗਮ ਮੌਕੇ ਅੰਮ੍ਰਿਤਸਰ ਪੁੱਜਣਗੇ ਮੁੱਖ ਮੰਤਰੀ ਭਗਵੰਤ ਮਾਨ, ਸਿਹਤ ਸੇਵਾਵਾਂ ਨੂੰ ਲੈਕੇ ਕਰ ਸਕਦੇ ਨੇ ਵੱਡਾ ਐਲਾਨ
- ਛੱਤੀਸਗੜ੍ਹ ਦੀਆਂ 70 ਵਿਧਾਨ ਸਭਾ ਸੀਟਾਂ ਲਈ ਵੋਟਿੰਗ, ਸੀਐਮ ਭੁਪੇਸ਼ ਸਮੇਤ ਦਾਅ 'ਤੇ ਕਈ ਦਿੱਗਜਾਂ ਦੀ ਕਿਸਮਤ
ਕਿਸਾਨਾਂ ਵਲੋਂ ਸੰਘਰਸ਼ ਦੀ ਚਿਤਾਵਨੀ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਉਪ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਪੰਜਾਬ ਵਿੱਚ ਝੋਨੇ ਦੀ ਵਾਢੀ ਦਾ ਕੰਮ ਇਸ ਵਾਰ ਦੇਰੀ ਨਾਲ ਸ਼ੁਰੂ ਹੋਇਆ ਹੈ ਅਤੇ ਕਿਸਾਨਾਂ ਦਾ ਝੋਨਾ ਖੇਤਾਂ ਵਿੱਚ ਖੜਾ ਹੈ। ਜਿਸ ਕਰਕੇ ਮੰਡੀਆਂ ਚਾਲੂ ਰਹਿਣੀਆਂ ਬਹੁਤ ਜਰੂਰੀ ਹਨ। ਕਿਸਾਨ ਆਗੂ ਦਾ ਕਹਿਣਾ ਕਿ ਸਰਕਾਰ ਨੇ ਫਿਰ ਤੋਂ ਯੂ ਟਰਨ ਲੈਂਦਿਆਂ ਕੁਝ ਮੰਡੀਆਂ ਚਾਲੂ ਕਰਨ ਦੀ ਗੱਲ ਤਾਂ ਆਖੀ ਹੈ ਪਰ ਉਸ ਨੂੰ ਅਮਲ 'ਚ ਨਹੀਂ ਲਿਆਂਦਾ। ਉਨ੍ਹਾਂ ਕਿਹਾ ਕਿ ਸਰਕਾਰ ਨੇ ਪਹਿਲਾਂ ਕਿਸਾਨਾਂ ਨੂੰ ਪਰਾਲੀ ਦੇ ਨਾਂ 'ਤੇ ਤੰਗ ਪ੍ਰੇਸ਼ਾਨ ਕੀਤਾ ਤੇ ਹੁਣ ਮੰਡੀਆਂ ਬੰਦ ਕਰਕੇ ਕਿਸਾਨਾਂ ਦੇ ਜ਼ਖ਼ਮਾਂ 'ਤੇ ਲੂਣ ਪਾਉਣ ਦਾ ਕੰਮ ਕੀਤਾ ਹੈ। ਉਨ੍ਹਾਂ ਦਾ ਕਹਿਣਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਮੁੜ ਮੰਡੀਆਂ ਬਹਾਲ ਨਹੀਂ ਕੀਤੀਆਂ ਗਈਆਂ ਤਾਂ ਉਹ ਆਪਣਾ ਸੰਘਰਸ਼ ਹੋਰ ਤਿੱਖਾ ਕਰਨਗੇ।