ਬਠਿੰਡਾ: ਕਸਬਾ ਮੌੜ ਮੰਡੀ ਵਿਖੇ ਨਗਰ ਕੌਂਸਲ ਵੱਲੋਂ ਨਾਜਾਇਜ਼ ਕਬਜ਼ੇ ਹਟਾਉਣ ਲਈ ਸ਼ਹਿਰ ਦੇ ਵੱਖ-ਵੱਖ ਥਾਵਾਂ ਉੱਤੇ ਪੀਲਾ ਪੰਜਾ ਚਲਾਇਆ ਗਿਆ ਅਤੇ ਨਜਾਇਜ਼ ਕਬਜ਼ੇ ਹਟਾਏ ਗਏ। ਨਗਰ ਕੌਂਸਲ ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਲੋਕਾਂ ਵੱਲੋਂ ਜ਼ਬਰਦਸਤ ਵਿਰੋਧ ਉਸ ਸਮੇਂ ਕੀਤਾ ਗਿਆ, ਜਦੋਂ ਨਗਰ ਕੌਂਸਲ ਵਿਖੇ ਗਾਂਧੀ ਜਯੰਤੀ ਦਾ ਸਮਾਗਮ ਕਰਵਾਇਆ ਜਾ ਰਿਹਾ ਸੀ।
ਦੁਕਾਨਦਾਰਾਂ ਨੂੰ ਆ ਰਹੀ ਮੁਸ਼ਕਿਲ: ਇਸ ਮੌਕੇ ਵੱਡੀ ਗਿਣਤੀ ਵਿੱਚ ਇਕੱਠੇ ਹੋਏ ਸ਼ਹਿਰ ਵਾਸੀ ਵੀ ਇੱਕਠੇ ਹੋਏ। ਦੁਕਾਨਦਾਰ ਬਿੱਟੂ ਨੇ ਇਲਜ਼ਾਮ ਲਾਇਆ ਕਿ ਸ਼ਹਿਰ ਵਿੱਚ ਜੋ ਨਜਾਇਜ਼ ਕਬਜ਼ੇ ਹਟਾਉਣ ਦੀ ਆੜ ਵਿੱਚ ਨਗਰ ਕੌਂਸਲ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ, ਉਹ ਪੱਖਪਾਤ ਦੇ ਆਧਾਰ ਉੱਤੇ ਕੀਤੀ ਜਾ ਰਹੀ ਹੈ। ਤਿਉਹਾਰਾਂ ਦੇ ਸਮੇਂ ਅਜਿਹੀ ਕਾਰਵਾਈ ਕਰਨਾ ਸਰਾਸਰ ਗ਼ਲਤ ਹੈ, ਕਿਉਂਕਿ ਸ਼ਹਿਰ ਵਿੱਚ ਜਗ੍ਹਾ-ਜਗ੍ਹਾ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਪੱਖਪਾਤ ਦੇ ਅਧਾਰ ਉੱਤੇ ਨਜਾਇਜ਼ ਕਬਜ਼ੇ ਹਟਾਏ ਗਏ ਹਨ। ਸ਼ਹਿਰ ਵਿੱਚ ਥਾਂ-ਥਾਂ 'ਤੇ ਬੇ-ਢੰਗ ਤਰੀਕੇ ਨਾਲ ਭੰਨ ਤੋੜ ਕੀਤੀ ਗਈ ਹੈ ਜਿਸ (Maur Mandi Municipal Corporation Bathinda) ਕਾਰਨ ਦੁਕਾਨਦਾਰਾਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ ਨਿਗਮ ਹਾਈਕੋਰਟ ਦਾ ਹੁਕਮ ਦਿਖਾਵੇ ਅਤੇ 1 ਵਾਰਡ ਨੰਬਰ ਤੋਂ 17 ਵਾਰਡ ਨੰਬਰ ਤੱਕ ਕਾਰਵਾਈ ਕਰੇ, ਤਾਂ ਅਸੀਂ ਉਨ੍ਹਾਂ ਨਾਲ ਸਹਿਮਤ ਹਾਂ।
ਪੱਖਪਾਤ ਕਰਨ ਵਾਲੇ ਨਗਰ ਨਿਗਮ ਅਧਿਕਾਰੀਆਂ ਉੱਤੇ ਕਾਰਵਾਈ ਹੋਵੇ : ਇਸ ਮੌਕੇ ਮੌਜੂਦਾ ਕੌਂਸਲਰ ਦੀਪਕ ਬਾਂਸਲ ਨੇ ਦੱਸਿਆ ਕਿ ਹਿੰਦੂਆਂ ਦੀਂ ਦੁਕਾਨਾਂ ਨੂੰ ਟਾਰਗੇਟ ਕੀਤਾ ਗਿਆ ਹੈ। ਕਈ ਜਗ੍ਹਾ ਸੀਵਰਜ ਦਾ ਭਾਰੀ ਨੁਕਸਾਨ ਹੋਇਆ ਅਤੇ ਹੁਣ ਗੰਦਾ ਪਾਣੀ ਸੜਕਾਂ ਉੱਤੇ ਫੈਲਣ ਦੇ ਆਸਾਰ ਪੈਦਾ ਹੋ ਗਏ ਹਨ। ਉਨ੍ਹਾਂ ਕਿਹਾ ਕਿ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਇਸ ਸਬੰਧੀ ਕੋਈ ਵੀ ਅਗਾਊ ਨੋਟਸ ਦੁਕਾਨਦਾਰਾਂ ਨੂੰ ਨਹੀਂ ਦਿੱਤਾ ਗਿਆ। ਛੁੱਟੀ ਵਾਲੇ ਦਿਨ ਹੀ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਗਿਆ, ਜੋ ਕਿ ਬਿਲਕੁਲ ਗ਼ਲਤ ਹੈ ਅਤੇ ਉਹ ਇਸ ਦਾ ਸਖ਼ਤ ਸ਼ਬਦਾਂ ਵਿੱਚ ਵਿਰੋਧ ਕਰਦੇ ਹਨ। ਜੇਕਰ ਨਗਰ ਕੌਂਸਲ ਵੱਲੋਂ ਕੋਈ ਨਾਜਾਇਜ਼ ਕਬਜ਼ਿਆਂ 'ਤੇ ਕਾਰਵਾਈ ਕੀਤੀ ਜਾਣੀ ਹੈ, ਤਾਂ ਉਹ ਪੱਖਪਾਤ ਦੇ ਅਧਾਰ ਉੱਤੇ ਨਾ ਕੀਤੀ ਜਾਵੇ। ਸਥਾਨਕ ਵਾਸੀਆਂ ਨੇ ਜਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪੱਖਪਾਤ ਕਰਨ ਵਾਲੇ ਨਗਰ ਕੌਂਸਲ ਅਧਿਕਾਰੀਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।