ਬਠਿੰਡਾ:ਵਜੀਫਾ ਘੁਟਾਲੇ ਵਿਚ ਬੁਰੀ ਤਰ੍ਹਾਂ ਘਿਰੀ ਕੈਪਟਨ ਸਰਕਾਰ ਖ਼ਿਲਾਫ਼ ਅੱਜ ਆਮ ਆਦਮੀ ਪਾਰਟੀ ਵੱਲੋਂ ਬਠਿੰਡਾ ਵਿਖੇ ਪ੍ਰਦਰਸ਼ਨ ਕੀਤਾ ਗਿਆ ।ਇਹ ਪ੍ਰਦਰਸ਼ਨ ਵਿਧਾਇਕਾ ਰੁਪਿੰਦਰ ਕੌਰ ਰੂਬੀ ਦੀ ਅਗਵਾਈ ਵਿੱਚ ਡਾ ਭੀਮ ਰਾਓ ਅੰਬੇਦਕਰ ਪਾਰਕ ਤੋਂ ਸ਼ੁਰੂ ਹੁੰਦਾ ਹੋਇਆ ਬੱਸ ਸਟੈਂਡ ਨੇੜੇ ਸਾਧੂ ਸਿੰਘ ਧਰਮਸੋਤ ਦਾ ਪੁਤਲਾ ਫੂਕ ਕੇ ਸਮਾਪਤ ਹੋਇਆ।
ਇਸ ਦੌਰਾਨ ਰੁਪਿੰਦਰ ਰੂਬੀ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਭੇਜੇ ਗਏ ਗਰੀਬ ਬੱਚਿਆਂ ਦੇ ਵਜੀਫੇ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਵੱਲੋਂ ਹੜੱਪ ਕਰ ਲਏ ਗਏ ਹਨ ਜਿਸ ਕਾਰਨ ਗਰੀਬ ਬੱਚਿਆਂ ਦਾ ਭਵਿੱਖ ਖਤਰੇ ਵਿਚ ਪੈ ਗਿਆ ਹੈ ਕਿਉਂਕਿ ਕਾਲਜਾਂ ਵੱਲੋਂ ਫੀਸ ਜਮ੍ਹਾ ਨਾ ਹੋਣ ਕਾਰਨ ਇਨ੍ਹਾਂ ਬੱਚਿਆਂ ਦੀਆਂ ਡਿਗਰੀਆਂ ਰੋਕ ਲਈਆਂ ਗਈਆਂ ਹਨ ਹੁਣ ਇਨ੍ਹਾਂ ਬੱਚਿਆਂ ਨੂੰ ਅਗਲੀ ਕਲਾਸ ਅਤੇ ਕਿਸੇ ਨਵੀਂ ਨੌਕਰੀ ਲਈ ਅਪਲਾਈ ਕਰਨ ਵਿਚ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਸਦੇ ਨਾਲ ਹੀ ਉਨ੍ਹਾਂ ਦੇ ਵੱਲੋਂ ਬਸਪਾ ਅਤੇ ਅਕਾਲੀ ਦਲ ਦੇ ਗਠਜੋੜ ਨੂੰ ਰਾਜਨੀਤਿਕ ਡਰਾਮਾ ਦੱਸਦਿਆਂ ਵਿਧਾਇਕਾ ਰੁਪਿੰਦਰ ਰੂਬੀ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਨੇੜੇ ਆਉਣ ਕਾਰਨ ਹੁਣ ਇਨ੍ਹਾਂ ਨੂੰ ਸਮਝੌਤੇ ਯਾਦ ਆ ਰਹੇ ਹਨ ਜਦੋਂ ਕਿ ਅਕਾਲੀ ਦਲ ਵੱਲੋਂ ਕਦੇ ਵੀ ਐਸਸੀ ਵਰਗ ਲਈ ਬਣਦੇ ਕਦਮ ਨਹੀਂ ਚੁੱਕੇ ਗਏ।
ਵਜੀਫਾ ਘੁਟਾਲਾ ਨੂੰ ਲੈ ਕੇ ਕੈਪਟਨ ਸਰਕਾਰ ਦੀ ਕਾਫੀ ਕਿਰਕਿਰੀ ਹੋ ਰਹੀ ਹੈ ਅਤੇ ਵਿਰੋਧੀ ਧਿਰ ਵੱਲੋਂ ਲਗਾਤਾਰ ਇਨ੍ਹਾਂ ਨੂੰ ਘੇਰਨ ਦੀ ਰਣਨੀਤੀ ਬਣਾਈ ਜਾ ਰਹੀ ਹੈ ਭਾਵੇਂ ਵਜੀਫ਼ੇ ਨੂੰ ਲੈ ਕੇ ਪੰਜਾਬ ਸਰਕਾਰ ਨੇ ਆਪਣਾ ਪੱਖ ਪਾਕ ਸਾਫ ਦੱਸਦਿਆਂ ਕੇਂਦਰ ਸਰਕਾਰ ਤੇ ਦੋਸ਼ ਲਾਏ ਹਨ ਪਰ ਵਿਰੋਧੀ ਧਿਰ ਵੱਲੋਂ ਲਗਾਤਾਰ ਵਜੀਫਾ ਨੂੰ ਲੈ ਕੇ ਪੰਜਾਬ ਸਰਕਾਰ ਤੇ ਨਿਸ਼ਾਨੇ ਸਾਧੇ ਜਾ ਰਹੇ ਹਨ।
ਇਹ ਵੀ ਪੜ੍ਹੋ:Kotkapura Firing Case: ‘ਬੇਅਦਬੀ ਮਾਮਲੇ ’ਚ ਕੈਪਟਨ ਬਾਦਲਾਂ ਨੂੰ ਬਚਾ ਰਹੇ ਹਨ’