ਬਠਿੰਡਾ: ਜ਼ਿਲ੍ਹੇ ਵਿੱਚ ਕੋਰੋਨਾ ਪੌਜ਼ੀਟਿਵ ਮਰੀਜ਼ਾਂ ਦੀ ਗਿਣਤੀ ਦਾ ਗ੍ਰਾਫ਼ ਹੇਠਾਂ ਆਉਣ ਦਾ ਨਾਂਅ ਹੀ ਨਹੀਂ ਲੈ ਰਿਹਾ ਹੈ। ਕੋਰੋਨਾ ਹੁਣ ਜਾਨਲੇਵਾ ਸਾਬਿਤ ਹੋਣਾ ਸ਼ੁਰੂ ਹੋ ਗਿਆ ਹੈ।
ਬਠਿੰਡਾ ਦੇ ਵਿੱਚ ਕੋਰੋਨਾ ਕਾਰਨ ਇੱਕ 47 ਸਾਲਾ ਫ਼ੌਜੀ ਜਵਾਨ ਦੀ ਮੌਤ ਹੋ ਗਈ ਹੈ। ਨੌਜਵਾਨ ਵੈੱਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸੋਨੂੰ ਮਹੇਸ਼ਵਰੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਕਤ ਮ੍ਰਿਤਕ ਫ਼ੌਜੀ ਜਵਾਨ ਦਾ ਨਾਂਅ ਧਈਆਨੀ ਗੁਪਤਾ ਸੀ, ਜੋ ਕਿ ਫ਼ੌਜ ਦੇ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਸੀ, ਜਿਸ ਦੀ ਕਿ ਸ਼ੁੱਕਰਵਾਰ ਦੇਰ ਰਾਤ ਨੂੰ ਜ਼ੇਰੇ ਇਲਾਜ ਮੌਤ ਹੋ ਗਈ ਹੈ।
ਤੁਹਾਨੂੰ ਦੱਸ ਦਈਏ ਕਿ ਮ੍ਰਿਤਕ ਫ਼ੌਜੀ ਦੀ ਦੇਹ ਨੂੰ ਟੀਮ ਵੱਲੋਂ ਰਾਮ ਬਾਗ ਵਿਖੇ ਲਿਆਂਦਾ ਗਿਆ, ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ। ਫ਼ੌਜੀ ਦੀ ਮ੍ਰਿਤਕ ਦੇਹ ਦੀਆਂ ਆਖ਼ਰੀ ਰਸਮਾਂ ਉਸ ਦੀ ਪਤਨੀ ਵੱਲੋਂ ਨਿਭਾਈਆਂ ਗਈਆਂ।
ਫੌਜੀ ਨੂੰ ਕਦੋਂ ਕੋਰੋਨਾ ਹੋਇਆ, ਫ਼ਿਲਹਾਲ ਇਸ ਦੀ ਜਾਣਕਾਰੀ ਹਾਸਲ ਨਹੀਂ ਹੋ ਸਕੀ ਹੈ। ਜ਼ਿਕਰਯੋਗ ਹੈ ਕਿ ਬਠਿੰਡਾ ਵਿੱਚ ਕੋਰੋਨਾ ਵਾਇਰਸ ਦੇ ਚੱਲਦਿਆਂ 100 ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ।