ਬਠਿੰਡਾ : ਪਿਛਲੇ ਸਾਲ 2022 ਵਿੱਚ ਬਠਿੰਡਾ ਦੇ ਥਾਣਾ ਦਿਆਲਪੁਰ 'ਚ ਅਸਲਾ ਚੋਰੀ ਹੋਣ ਦੇ ਮਾਮਲੇ ਨੂੰ ਪੁਲਿਸ ਨੇ ਸੁਲਝਾਉਂਦੇ ਹੋਏ ਆਪਣੇ ਹੀ ਮਹਿਕਮੇ ਦੇ ਬਰਖ਼ਾਸਤ 2 ਪੁਲਿਸ ਮੁਲਾਜ਼ਮਾਂ ਸੰਦੀਪ ਸਿੰਘ ਅਤੇ ਸਾਹਿਬ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਜਦਕਿ ਚਾਰ ਹੋਰ ਦੋਸ਼ੀਆਂ ਨੂੰ ਫੜਨ ਲਈ ਪੁਲਿਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਬਰਖਾਸਤ ਕੀਤੇ ਪੁਲਿਸ ਮੁਲਾਜ਼ਮਾਂ ਕੋਲੋਂ ਤਿੰਨ ਰਾਈਫਲਾਂ ਬਰਾਮਦ ਹੋਈਆਂ ਹਨ ਜੋ ਕਿ ਸਰਕਾਰੀ ਹਨ। ਨਾਲ ਹੀ ਜ਼ਿੰਦਾ ਕਾਰਤੂਸ ਵੀ ਬਰਾਮਦ ਕੀਤੇ ਹਨ। ਦੱਸਣਯੋਗ ਹੈ ਕਿ ਕਰੀਬ ਇੱਕ ਸਾਲ ਪਹਿਲਾਂ ਬਠਿੰਡਾ ਦੀ ਚਕਰ ਮੰਡੀ ਵਿੱਚ ਇੱਕ ਘਰ ਵਿੱਚ 2 ਪੁਲੀਸ ਮੁਲਾਜ਼ਮਾਂ ਸਮੇਤ 6 ਵਿਅਕਤੀ ਹਥਿਆਰਾਂ ਅਤੇ ਪੁਲੀਸ ਦੀ ਵਰਦੀ ਵਿੱਚ ਲੁੱਟ ਦੀ ਨੀਅਤ ਨਾਲ ਦਾਖ਼ਲ ਹੋਏ ਸਨ। ਬਰੋਟੇਲ ਮਾਲਕ ਵੱਲੋਂ ਅਲਾਰਮ ਵੱਜਣ ਤੋਂ ਬਾਅਦ ਉਹ ਕਾਰ ਵਿੱਚ ਭੱਜ ਗਏ। ਇਸ ਮਾਮਲੇ ਦੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਸੀ। ਜਿਸ ਵਿੱਚ 5, 6 ਵਿਅਕਤੀ ਸਨ ਜਿਨ੍ਹਾਂ ਵਿੱਚੋਂ ਦੋ ਵਰਦੀ ਵਿੱਚ ਸਨ ਅਤੇ ਉਨ੍ਹਾਂ ਦੇ ਹੱਥਾਂ ਵਿੱਚ ਰਾਈਫਲਾਂ ਸਨ। ਬਠਿੰਡਾ ਪੁਲੀਸ ਨੇ 1 ਸਾਲ ਬਾਅਦ ਉਕਤ ਮਾਮਲੇ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ।
ਸਰਕਾਰੀ ਹਥਿਆਰ ਬਰਾਮਦ: ਪੁਲਿਸ ਨੇ 2 ਅਸਾਲਟ ਰਾਈਫਲਾਂ ਅਤੇ ਇੱਕ ਰਾਈਫਲ ਮੋਡੀਫਾਈਡ 315 ਬੈਰਲ, 2 ਪਲਾਸਟਿਕ ਦੇ ਬੱਟ ਅਤੇ 2 ਮੈਗਜ਼ੀਨ ਬਰਾਮਦ ਕੀਤੇ ਹਨ। ਪੁੱਛਗਿੱਛ ਦੌਰਾਨ ਦੋਵਾਂ ਮੁਲਜ਼ਮਾਂ ਨੇ ਮੰਨਿਆ ਕਿ ਅਸਲ ਵਿੱਚ ਉਨ੍ਹਾਂ ਨੇ ਇਹ ਚੋਰੀ ਥਾਣਾ ਦਿਆਲਪੁਰ ਦੇ ਮਲਖਾਨਾ ਤੋਂ ਕੀਤੀ ਹੈ। ਐਸਪੀਡੀ ਅਜੇ ਗਾਂਧੀ ਨੇ ਦੱਸਿਆ ਕਿ ਦੋਵਾਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਹੋਰ ਖੁਲਾਸੇ ਹੋਣ ਦੀ ਸੰਭਾਵਨਾ ਹੈ।
ਮਾਮਲੇ 'ਚ ਬਾਕੀ ਦੋਸ਼ੀਆਂ ਦੀ ਕੀਤੀ ਜਾ ਰਹੀ ਭਾਲ : ਇਸ ਮਾਮਲੇ ਵਿੱਚ ਚਾਰ ਹੋਰ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ। ਇਸ ਤੋਂ ਪਹਿਲਾਂ ਵੀ ਸੰਦੀਪ ਸਿੰਘ ਖ਼ਿਲਾਫ਼ ਚਾਰ ਅਸਲਾ ਐਕਟ ਤਹਿਤ ਕੇਸ ਦਰਜ ਹਨ, ਜਦੋਂਕਿ ਸਾਹਬ ਸਿੰਘ ਖ਼ਿਲਾਫ਼ ਮੋਗਾ ਜ਼ਿਲ੍ਹੇ ਦੇ ਥਾਣਾ ਧਰਮਕੋਟ ਵਿੱਚ ਇੱਕ ਅਸਲ ਐਕਟ ਤਹਿਤ ਕੇਸ ਦਰਜ ਹੈ।
ਅਸਲਾ ਚੋਰੀ ਕਰਕੇ ਅਪਰਾਧੀਆਂ ਵੇਚਦੇ ਸਨ : ਜਾਣਕਾਰੀ ਮੁਤਾਬਿਕ ਇਸ ਮਾਮਲੇ ਦਾ ਮਾਸਟਰ ਮਾਈਂਡ ਸੰਦੀਪ ਸਿੰਘ ਸਾਬਕਾ ਮੁਨਸ਼ੀ ਥਾਣਾ ਦਿਆਲਪੁਰ ਵਿਖੇ ਰਹਿ ਚੁੱਕਾ ਹੈ। ਦਿਆਲਪੁਰ ਥਾਣੇ ਵਿੱਚ ਬਤੌਰ ਕਲਰਕ ਕੰਮ ਕਰਦਿਆਂ ਇਸਨੇ ਕਰੀਬ ਮਾਲਖਾਨੇ ਚੋਂ ਕਰੀਬ 12 ਰੁਪਏ ਸਰਕਾਰੀ ਅਸਲਾ ਚੋਰੀ ਕਰਕੇ ਬਦਮਾਸ਼ਾਂ ਨੂੰ ਵੇਚਿਆ ਸੀ। ਇਸ ਤੋਂ ਬਾਅਦ ਸੰਦੀਪ ਸਿੰਘ ਅਤੇ ਉਸ ਦੇ ਸਾਥੀ ਸਾਹਬ ਸਿੰਘ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਸੀ।