ਬਰਨਾਲਾ: ਸ਼ਹਿਰ ਵਿੱਚ ਪਤੀ-ਪਤਨੀ ਦਾ ਝਗੜਾ ਸੁਲਝਾਉਣ ਆਏ ਪਤਨੀ ਦੇ ਭਰਾ ਦੇ ਦੋਸਤ ਨੂੰ ਆਪਣੀ ਜਾਨ ਗਵਾਉਣੀ ਪਈ। ਦਰਅਸਲ, ਪੂਰੇ ਮਾਮਲੇ ਬਾਰੇ ਚਸ਼ਮਦੀਦ ਹਰਪਾਲਇੰਦਰ ਸਿੰਘ ਰਾਹੀ ਨੇ ਦੱਸਿਆ ਕਿ ਮੁਲਜ਼ਮ ਸਣੇ 3 ਲੋਕ ਸ਼ਰਾਬ ਪੀ ਰਹੇ ਸਨ, ਤੇ ਦੋਸ਼ੀ ਆਪਣੀ ਪਤਨੀ ਨਾਲ ਕੁੱਟ ਮਾਰ ਕਰ ਰਿਹਾ ਸੀ। ਇਸ ਦੌਰਾਨ ਪਤਨੀ ਦਾ ਭਰਾ ਤੇ ਉਸਦਾ ਦੋਸਤ ਮੌਕੇ 'ਤੇ ਪਹੁੰਚ ਗਏ ਤੇ ਲੜਾਈ ਨੂੰ ਖ਼ਤਮ ਕਰਨ ਲੱਗੇ। ਇਸ ਮੌਕੇ ਔਰਤ ਦੇ ਪਤੀ ਨੇ ਝਗੜਾ ਸੁਲਝਾਉਣ ਆਏ ਵਿਅਕਤੀ 'ਤੇ ਲੋਹੇ ਦੀ ਪਾਈਪ ਨਾਲ ਹਮਲਾ ਕਰ ਦਿੱਤਾ। ਜ਼ਖ਼ਮੀ ਹੋਣ 'ਤੇ ਵਿਅਕਤੀ ਨੂੰ ਹਸਪਤਾਲ ਲਿਜਾਇਆ ਗਿਆ ਤੇ ਉੱਥੇ ਡਾਕਟਰਾਂ ਨੂੰ ਉਸ ਨੂੰ ਮ੍ਰਿਤਕ ਐਲਾਨ ਦਿੱਤਾ।
ਇਸ ਪੂਰੇ ਮਾਮਲੇ 'ਤੇ ਪੁਲਿਸ ਅਧਿਕਾਰੀ ਕਮਲੇਸ਼ ਕੁਮਾਰ ਨੇ ਦੱਸਿਆ ਕਿ ਰਾਤ ਦੇ 1 ਵਜੇ ਦੇ ਕਰੀਬ ਰੇਲਵੇ ਸਟੇਸ਼ਨ ਦੇ ਸਾਹਮਣੇ ਇੱਕ ਵਿਅਕਤੀ ਨੇ ਇੱਕ ਹੋਰ ਵਿਅਕਤੀ ਦੀ ਕੁੱਟਮਾਰ ਕੀਤੀ। ਇਸ ਤੋਂ ਬਾਅਦ ਮ੍ਰਿਤਕ ਦੇ ਭਰਾ ਨੇ ਉਸ ਨੂੰ ਜ਼ਖ਼ਮੀ ਹਾਲਤ 'ਚ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ। ਕਤਲ ਦਾ ਕਾਰਨ ਦੱਸਦੇ ਹੋਏ ਉਸ ਨੇ ਕਿਹਾ ਕਿ ਦੋਸ਼ੀ ਆਪਣੀ ਪਤਨੀ ਦੀ ਕੁੱਟਮਾਰ ਕਰ ਰਿਹਾ ਸੀ। ਮ੍ਰਿਤਕ ਉਨ੍ਹਾਂ ਨੂੰ ਆਪਸ ਵਿੱਚ ਲੜਨ ਤੋਂ ਰੋਕ ਰਿਹਾ ਸੀ, ਜਿਸ ਕਾਰਨ ਮੁਲਜ਼ਮ ਨੇ ਮ੍ਰਿਤਕ ਦਾ ਕਤਲ ਕਰ ਦਿੱਤਾ।
ਉਨ੍ਹਾਂ ਦੱਸਆ ਕਿ ਮ੍ਰਿਤਕ ਦਾ ਨਾਂਅ ਕਾਕਾ ਸਿੰਘ ਸੀ ਤੇ ਦੋਸ਼ੀ ਦਾ ਨਾਂਅ ਤੇਜਿੰਦਰ ਕੁਮਾਰ ਹੈ ਤੇ ਦੋਸ਼ੀ ਕਤਲ ਕਰਨ ਤੋਂ ਬਾਅਦ ਆਪਣੀ ਪਤਨੀ ਨਾਲ ਫ਼ਰਾਰ ਹੋ ਗਿਆ। ਪੁਲਿਸ ਨੇ ਦੋਸ਼ੀ ਖ਼ਿਲਾਫ਼ ਕਤਲ ਦਾ ਪਰਚਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।