ਬਠਿੰਡਾ: ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੀ ਦਲਦਲ ਵਿੱਚੋਂ ਕੱਢਣ ਲਈ ਸ਼ੁਰੂ ਕੀਤੀ ਮੁਹਿੰਮ ਨੂੰ ਗ੍ਰਹਿਣ ਲੱਗਦਾ ਨਜ਼ਰ ਆ ਰਿਹਾ ਹੈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਬਣੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਬੀਤੀ ਰਾਤ ਕਰੀਬ ਇੱਕ ਦਰਜਨ ਨੌਜਵਾਨ ਸ਼ੀਸ਼ੇ ਤੋੜ ਕੇ ਫਰਾਰ ਹੋਣ ਦਾ ਮਾਮਲਾ ਸਾਹਮਣੇ ਆਇਆ। ਦੱਸ ਦਈਏ ਕਿ ਨਸ਼ਾ ਛੁਡਾਊ ਕੇਂਦਰ ਵਿੱਚ ਇਹ ਇੱਕ ਹਫਤੇ ਵਿੱਚ ਵਾਪਰੀ ਦੂਜੀ ਘਟਨਾ ਹੈ। ਜਿਸ ਨੇ ਸਿਵਲ ਹਸਪਤਾਲ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ।
ਨਸ਼ਾ ਛੁਡਾਊ ਕੇਂਦਰ ਵਿਚ ਇਲਾਜ ਕਰਾ ਰਹੇ ਨੌਜਵਾਨਾਂ ਦਾ ਕਹਿਣਾ ਹੈ ਕਿ ਬੀਤੀ ਰਾਤ ਦੋ ਨੌਜਵਾਨ ਜੋ ਨਸ਼ਾ ਛੱਡਣ ਲਈ ਇਕ ਦੋ ਦਿਨ ਪਹਿਲਾਂ ਹੀ ਆਏ ਸਨ ਵੱਲੋਂ ਸਮੁੱਚੇ ਨੌਜਵਾਨਾਂ ਨੂੰ ਆਪਸ ਵਿੱਚ ਕਿਹਾ ਕਿ ਇੱਥੋਂ ਚਲੇ ਜਾਣਾ ਹੈ, ਇਸ ਲਈ ਉਨ੍ਹਾਂ ਵੱਲੋਂ ਅਜਿਹੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਨੌਜਵਾਨਾਂ ਨੇ ਦੱਸਿਆ ਕਿ ਇੱਥੇ ਕਿਸੇ ਤਰ੍ਹਾਂ ਦੀ ਕਿਸੇ ਵੀ ਨੌਜਵਾਨ ਨਾਲ ਕੋਈ ਕੁੱਟਮਾਰ ਨਹੀਂ ਹੁੰਦੀ ਸਮੇਂ ਸਿਰ ਦਵਾਈਆਂ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਕੁਝ ਨੌਜਵਾਨ ਇੱਥੇ ਮਾਹੌਲ ਖ਼ਰਾਬ ਕਰ ਰਹੇ ਹਨ।
ਦੂਜੇ ਪਾਸੇ ਮਾਮਲੇ ਸਬੰਧੀ ਐਸਐਚਓ ਕੋਤਵਾਲੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਸ਼ਾ ਛੁਡਾਊ ਕੇਂਦਰ ਦੇ ਇੰਚਾਰਜ ਡਾ ਅਰੁਣ ਦਾ ਫੋਨ ਆਇਆ ਸੀ ਕਿ ਉਹ ਬਾਹਰ ਹਨ ਅਤੇ ਨਸ਼ਾ ਛੁਡਾਊ ਕੇਂਦਰ ਵਿੱਚੋਂ ਕਰੀਬ ਇੱਕ ਦਰਜਨ ਨੌਜਵਾਨ ਸ਼ੀਸ਼ੇ ਤੋਡ਼ ਕੇ ਫ਼ਰਾਰ ਹੋ ਗਏ ਹਨ।
ਉਨ੍ਹਾਂ ਦੱਸਿਆ ਕਿ ਨਸ਼ਾ ਛੁਡਾਊ ਕੇਂਦਰ ਵਿੱਚੋਂ ਫ਼ਰਾਰ ਹੋਏ ਕੁਝ ਨੌਜਵਾਨ ਵਾਪਸ ਪਰਤ ਆਏ ਹਨ ਇਹ ਨੌਜਵਾਨ ਸਵੈ ਇੱਛਾ ਅਨੁਸਾਰ ਨਸ਼ਾ ਛੱਡਣ ਲਈ ਨਸ਼ਾ ਛਡਾਊ ਕੇਂਦਰ ਵਿੱਚ ਦਾਖ਼ਲ ਹੁੰਦੇ ਹਨ। ਪੁਲਿਸ ਵੱਲੋਂ ਵੀ ਇਨ੍ਹਾਂ ਨੌਜਵਾਨਾਂ ਦੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਰੱਖਿਆ ਦੇ ਮੱਦੇਨਜ਼ਰ ਵੀ ਪੁਲਿਸ ਦੀ ਤੈਨਾਤ ਵੀ ਕੀਤੀ ਗਈ ਹੈ ਪਰ ਕਿਸੇ ਵੀ ਨੌਜਵਾਨ ਨੂੰ ਬੰਧਕ ਬਣਾ ਕੇ ਨਹੀਂ ਰੱਖਿਆ ਜਾ ਸਕਦਾ ਹੈ ਕਿਉਂਕਿ ਉਹ ਸਵੈ ਇੱਛਾ ਅਨੁਸਾਰ ਨਸ਼ਾ ਛੁਡਾਊ ਕੇਂਦਰ ਵਿੱਚ ਦਾਖ਼ਲ ਹੋਏ ਹਨ।
ਇਹ ਵੀ ਪੜੋ: ਇੱਕ ਹੋਰ ਕਬੱਡੀ ਖਿਡਾਰੀ ਦਾ ਕਤਲ, ਘਰ ਵਿੱਚ ਵੜ ਕੇ ਕੀਤਾ ਹਮਲਾ