ਬਰਨਾਲਾ: ਜ਼ਿਲ੍ਹੇ ਨੂੰ ਨਸ਼ਾ ਮੁਕਤ ਕਰਨ ਅਤੇ ਨੌਜਵਾਨੀ ਨੂੰ ਸਿਹਤਯਾਬੀ ਵੱਲ ਤੋਰਨ ਲਈ ਨਸ਼ਿਆਂ ਵਿਰੁੱਧ ਮੁਹਿੰਮ ਵਿੱਚ ਸਾਰੇ ਵਿਭਾਗ ਤਨਦੇਹੀ ਨਾਲ ਆਪਣੀ ਭੂਮਿਕਾ ਨਿਭਾਉਣ ਅਤੇ ਡੈਪੋ ਪ੍ਰੋਗਰਾਮ ਨੂੰ ਭਖਾਇਆ ਜਾਵੇ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਬਰਨਾਲਾ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਇੱਥੇ ਜ਼ਿਲਾ ਪ੍ਰਬੰਧਕੀ ਕੰਪਲੈਕਸ ਦੇ ਮੀਟਿੰਗ ਹਾਲ ਵਿੱਚ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਅਤੇ ਡੈਪੋ ਅਧੀਨ ਕਲੱਸਟਰ ਕੋਆਰਡੀਨੇਟਰਾਂ ਨਾਲ ਮੀਟਿੰਗ ਦੌਰਾਨ ਕੀਤਾ।
ਇਸ ਮੌਕੇ ਉਨਾਂ ਸਮੂਹ ਕਲੱਸਟਰ ਕੋਆਰਡੀਨੇਟਰਾਂ ਅਤੇ ਡੈਪੋਜ਼ ਤੋਂ ਪਿੰਡਾਂ ਵਿੱਚ ਕੀਤੇ ਜਾਗਰੂਕਤਾ ਪ੍ਰੋਗਰਾਮਾਂ ਤੇ ਮੀਟਿੰਗਾਂ ਦਾ ਜਾਇਜ਼ਾ ਲਿਆ ਅਤੇ ਪਿੰਡਾਂ ਨੂੰ ਨਸ਼ਾ ਮੁਕਤ ਕਰਨ ਲਈ ਸਰਗਰਮੀ ਨਾਲ ਗਤੀਵਿਧੀਆਂ ਉਲੀਕਣ ’ਤੇ ਜ਼ੋਰ ਦਿੱਤਾ।
ਉਨ੍ਹਾਂ ਆਖਿਆ ਕਿ ਕਲੱਸਟਰ ਕੋਆਰਡੀਨੇਟਰਾਂ ਵੱਲੋਂ ਪਿੰਡ ਵਾਰ ਕੈਂਪਾਂ ਵਿੱਚ ਨਸ਼ਾ ਪੀੜਤਾਂ ਦੀ ਕਾਊਂਸਿਗ ਕੀਤੀ ਜਾਵੇ ਤਾਂ ਜੋ ਅਜਿਹੇ ਵਿਅਕਤੀਆਂ ਦਾ ਨਸ਼ਾ ਛੁਡਵਾ ਕੇ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਅਧੀਨ ਲਿਆਂਦਾ ਜਾ ਸਕੇ। ਇਸ ਮੌਕੇ ਉਨ੍ਹਾਂ ਆਖਿਆ ਕਿ ਯੁਵਕ ਸੇਵਾਵਾਂ ਵਲੰਟੀਅਰ ਅਤੇ ਪੇਂਡੂ ਯੂਥ ਕਲੱਬਾਂ ਦੇ ਮੈਂਬਰ ਪਿੰਡਾਂ ਵਿੱਚ ਨਸ਼ਿਆਂ ਵਿਰੁੱਧ ਕੈਂਪਾਂ ਵਿੱਚ ਮੋਹਰੀ ਭੂਮਿਕਾ ਨਿਭਾਉਣਗੇ ਅਤੇ ਲੋਕਾਂ ਨੂੰ ਜਾਗਰੂਕ ਕਰਨਗੇ।
ਉਨ੍ਹਾਂ ਕਿਹਾ ਕਿ ਬਰਨਾਲਾ ਵਿੱਚ ਨਸ਼ਾ ਛੁਡਾਊ ਕੇਂਦਰ ਤੋਂ ਇਲਾਵਾ ਬਰਨਾਲਾ, ਤਪਾ, ਧਨੌਲਾ, ਮਹਿਲ ਕਲਾਂ, ਭਦੌੜ ਤੇ ਚੰਨਣਵਾਲ ਵਿਖੇ ਓਟ ਕਲੀਨਿਕ ਚੱਲ ਰਹੇ ਹਨ। ਨਸ਼ਾ ਪੀੜਤਾਂ ਨੂੰ ਨਸ਼ਾ ਛੱਡਣ ਲਈ ਸਰਕਾਰੀ ਸਹੂਲਤਾਂ ਬਾਰੇ ਜਾਗਰੂਕ ਕੀਤਾ ਜਾਵੇ।
ਇਸ ਮੌਕੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਫਰਵਰੀ 2021 ਤੱਕ ਓਟ ਕਲੀਨਿਕਾਂ ਵਿੱਚ 10,861 ਨਸ਼ਾ ਪੀੜਤ ਰਜਿਸਟਰਡ ਹੋਏ ਹਨ ਅਤੇ 8684 ਵਿਅਕਤੀ ਓਟ ਕਲੀਨਿਕਾਂ ਤੋਂ ਦਵਾਈ ਲੈ ਰਹੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਆਦਿਤਯ ਡੇਚਲਵਾਲ, ਐਸਡੀਐਮ ਵਰਜੀਤ ਵਾਲੀਆ, ਡੀਡੀਪੀਓ ਸੰਜੀਵ ਕੁਮਾਰ ਸ਼ਰਮਾ, ਪੁਲਿਸ ਵਿਭਾਗ ਅਤੇ ਹੋਰ ਵਿਭਾਗਾਂ ਤੋਂ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ: ਅਬਦੁਲ ਤੇਲਗੀ ਘੁਟਾਲੇ ਤੋਂ ਬਾਅਦ ਵੀ ਕਈ ਸੂਬਿਆਂ 'ਚ ਵਿਕ ਰਹੇ ਜਾਅਲੀ ਅਸ਼ਟਾਮ ਪੇਪਰ