ਬਰਨਾਲਾ: ਸਿਵਲ ਸਰਜਨ ਬਰਨਾਲਾ ਡਾ.ਹਰਿੰਦਰਜੀਤ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ ਬਰਨਾਲਾ ਵੱਲੋਂ ਵਿਸ਼ਵ ਕੈਂਸਰ ਦਿਵਸ ਸਬੰਧੀ “ਮੈਂ ਹਾਂ ਅਤੇ ਮੈਂ ਕਰਾਂਗਾ’’ ਥੀਮ ਅਧੀਨ ਸਾਇਕਲ ਰੈਲੀ ਕਰਵਾਈ ਗਈ। ਇਸ ਰੈਲੀ ਨੂੰ ਝੰਡੀ ਦੇ ਕੇ ਰਵਾਨਾ ਕਰਨ ਦੀ ਰਸਮ ਜ਼ਿਲ੍ਹਾ ਪਰਿਵਾਰ ਭਲਾਈ ਅਫਸਰ ਡਾ. ਲਖਬੀਰ ਕੌਰ ਅਤੇ ਡੀਐਮਸੀ ਬਰਨਾਲਾ ਡਾ. ਗੁਰਮਿੰਦਰ ਔਜਲਾ ਨੇ ਅਦਾ ਕੀਤੀ।
ਇਸ ਮੌਕੇ ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਵੀ ਕੈਂਸਰ ਦਾ ਕੋਈ ਵੀ ਲੱਛਣ ਸਾਹਮਣੇ ਆਵੇ ਤਾਂ ਤੁਰੰਤ ਡਾਕਟਰ ਨਾਲ ਸੰਪਰਕ ਕੀਤਾ ਜਾਣਾ ਚਾਹੀਦਾ ਹੈ। ਕੈਂਸਰ ਦਾ ਮੁਢਲੀ ਸਟੇਜ ’ਤੇ ਪਤਾ ਲੱਗਣ ’ਤੇ ਇਸ ਦਾ ਇਲਾਜ ਸੰਭਵ ਹੈ। ਉਨ੍ਹਾਂ ਦੱਸਿਆ ਕਿ ਕੈਂਸਰ ਦਾ ਕੋਈ ਇਕ ਕਾਰਨ ਨਹੀਂ ਹੈ, ਇਹ ਮੁੱਖ ਰੂਪ ਵਿੱਚ ਤੰਬਾਕੂ, ਦੂਸ਼ਿਤ ਪੀਣ ਵਾਲੇ ਪਾਣੀ, ਹੈਪੇਟਾਇਟਸ ਬੀ ਅਤੇ ਸੀ ਅਤੇ ਸਰੀਰਕ ਗਤੀਵਿਧੀਆਂ ਦੀ ਘਾਟ ਕਾਰਨ ਹੁੰਦਾ ਹੈ।
ਇਸ ਸਾਇਕਲ ਰੈਲੀ ਦੌਰਾਨ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਬਰਨਾਲਾ ਦੇ ਸਕੂਲੀ ਬੱਚਿਆਂ ਵੱਲੋਂ ਬਾਜ਼ਾਰ ਵਿੱਚੋਂ ਹੁੰਦਿਆਂ ਕੈਂਸਰ ਵਿਰੋਧੀ ਸਲੋਗਨਾਂ ਨਾਲ ਆਮ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਸ ਮੌਕੇ ਕੁਲਦੀਪ ਸਿੰਘ ਜ਼ਿਲਾ ਮਾਸ ਮੀਡੀਆ ਅਫਸਰ ਅਤੇ ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ ਨੇ ਦੱਸਿਆ ਕਿ ਤਾਜ਼ੇ ਫਲ-ਸਬਜ਼ੀਆਂ ਦੀ ਵਰਤੋਂ, ਤੰਬਾਕੂ ਪਦਾਰਥਾਂ ਤੋਂ ਪ੍ਰਹੇਜ਼, ਸਰੀਰਕ ਕਸਰਤ ਕਰਨਾ ਜ਼ਰੂਰੀ ਹੈ।