ਬਰਨਾਲਾ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਬਰਨਾਲਾ ਜ਼ਿਲ੍ਹੇ ਵਿੱਚ ਔਰਤਾਂ ਨੇ ਪਿੰਡਾਂ ਵਿੱਚ ਟਰੈਕਟਰ ਮਾਰਚ ਕੀਤੇ। ਪਹਿਲਾ ਟਰੈਕਟਰ ਮਾਰਚ ਜ਼ਿਲ੍ਹੇ ਦੇ ਪਿੰਡ ਬਖ਼ਤਗੜ੍ਹ ਤੋਂ ਸ਼ੁਰੂ ਹੋਇਆ ਟਰੈਕਟਰ ਮਾਰਚ ਪਿੰਡ ਚੂੰਘਾਂ, ਸ਼ਹਿਣਾ, ਮੱਲ੍ਹੀਆਂ, ਪੱਖੋਕੇ, ਕੈਰੇ, ਭੋਤਨਾ ਤੋਂ ਹੁੰਦੇ ਹੋਏ ਪਿੰਡ ਟੱਲੇਵਾਲ ਜਾ ਕੇ ਸੰਪੰਨ ਹੋਇਆ।
ਇਸ ਮੌਕੇ ਕਿਸਾਨ ਆਗੂ ਸੁਖਦੇਵ ਸਿੰਘ ਭੋਤਨਾ, ਗੁਰਨਾਮ ਸਿੰਘ ਫ਼ੌਜੀ, ਮਾਸਟਰ ਰਣਜੀਤ ਸਿੰਘ ਟੱਲੇਵਾਲ ਅਤੇ ਪਰਵਿੰਦਰ ਕੌਰ ਭੋਤਨਾ ਨੇ ਕਿਹਾ ਕਿ ਉਨ੍ਹਾਂ ਦੀ ਕਿਸਾਨ ਜੱਥੇਬੰਦੀ ਵਲੋਂ ਦਿੱਲੀ ਦੇ ਟਿੱਕਰੀ ਬਾਰਡਰ 'ਤੇ ਮਹਿਲਾ ਦਿਵਸ ਮੌਕੇ ਵਿਸ਼ਾਲ ਮਹਿਲਾ ਮਹਾਂਰੈਲੀ ਕੀਤੀ ਜਾ ਰਹੀ ਹੈ ਜਿਸ ਦੇ ਮੱਦੇਨਜ਼ਰ ਲਗਾਤਾਰ ਦੋ ਦਿਨ ਪਿੰਡਾਂ ਵਿੱਚ ਔਰਤਾਂ ਨੂੰ ਟਰੈਕਟਰ ਮਾਰਚ ਰਾਹੀਂ ਦਿੱਲੀ ਜਾਣ ਦਾ ਸੱਦਾ ਦਿੱਤਾ ਗਿਆ ਹੈ।
ਇਹਨਾਂ ਟਰੈਕਟਰ ਮਾਰਚਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਨੇ ਸ਼ਮੂਲੀਅਤ ਕੀਤੀ ਹੈ। 7 ਮਾਰਚ ਨੂੰ ਪੂਰੇ ਪੰਜਾਬ ਵਿੱਚੋਂ ਲੱਖਾਂ ਔਰਤਾਂ ਕਾਫ਼ਲੇ ਬਣਾ ਕੇ ਦਿੱਲੀ ਲਈ ਰਵਾਨਾ ਹੋਣਗੀਆਂ। ਉਨ੍ਹਾਂ ਕਿਹਾ ਕਿ ਇਸ ਸੰਘਰਸ਼ ਵਿੱਚ ਔਰਤਾਂ ਦੀ ਇੱਕ ਵੱਡੀ ਭੂਮਿਕਾ ਰਹੀ ਹੈ। ਇਸ ਕਰਕੇ ਇਹ ਸੰਘਰਸ਼ ਹੁਣ ਜਿੱਤ ਵੱਲ ਜਾ ਰਿਹਾ ਹੈ। ਸਰਕਾਰ ਨੂੰ ਇਸ ਅੰਦੋਲਨ ਅੱਗੇ ਝੁਕਦਿਆਂ ਖੇਤੀ ਕਾਨੂੰਨ ਵਾਪਸ ਲੈਣੇ ਪੈਣਗੇ। ਇਸ ਤੋਂ ਇਲਾਵਾ ਜ਼ਿਲ੍ਹੇ ਦੇ ਤਪਾ ਮੰਡੀ ਇਲਾਕੇ ਵਿੱਚ ਭਾਕਿਯੂ ਉਗਰਾਹਾਂ ਵਲੋਂ ਪਿੰਡ ਢਿੱਲਵਾਂ ਤੋਂ ਵੱਡਾ ਟਰੈਕਟਰ ਮਾਰਚ ਕਿਸਾਨ ਆਗੂ ਦਰਸ਼ਨ ਸਿੰਘ ਦੀ ਅਗਵਾਈ ਵਿੱਚ ਕੱਢਿਆ ਗਿਆ।
ਇਸ ਟਰੈਕਟਰ ਮਾਰਚ ਦੌਰਾਨ ਵੱਡੀ ਗਿਣਤੀ ਵਿੱਚ ਔਰਤਾਂ ਅਤੇ ਕਿਸਾਨਾਂ ਨੇ ਭਾਗ ਲਿਆ। ਕਈ ਪਿੰਡਾਂ ਵਿੱਚ ਇਸ ਟਰੈਕਟਰ ਮਾਰਚ ਰਾਹੀਂ ਕਿਸਾਨਾਂ ਅਤੇ ਔਰਤਾਂ ਨੂੰ 8 ਮਾਰਚ ਮੌਕੇ ਦਿੱਲੀ ਵਿਖੇ ਜਾਣ ਦਾ ਸੱਦਾ ਦਿੱਤਾ ਗਿਆ।