ਬਰਨਾਲਾ: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਕਿਸਾਨਾਂ ਦਾ ਸੰਘਰਸ਼ ਜਾਰੀ ਹੈ। ਦਿਨ ਸਨਿਚਰਵਾਰ ਨੂੰ ਬਰਨਾਲਾ ਦੇ ਰੇਲਵੇ ਸਟੇਸ਼ਨ ਤੋਂ ਤਿੰਨ ਦਿਨਾਂ ਦਾ ਰੇਲ ਰੋਕੋ ਅੰਦੋਲਨ ਖ਼ਤਮ ਕਰ ਦਿੱਤਾ ਗਿਆ। ਤੀਜੇ ਦਿਨ ਧਰਨੇ ਵਿੱਚ ਜਿੱਥੇ ਵੱਡੀ ਗਿਣਤੀ ਵਿੱਚ ਕਿਸਾਨ ਅਤੇ ਨੌਜਵਾਨ ਸ਼ਾਮਲ ਹੋਏ, ਉੱਥੇ ਕੁੱਝ ਅਜਿਹੀਆਂ ਔਰਤਾਂ ਵੀ ਸ਼ਾਮਿਲ ਹੋਈਆਂ ਜੋ ਕਰਜ਼ਿਆਂ ਕਰ ਕੇ ਖੁਦਕੁਸ਼ੀਆਂ ਦਾ ਦਰਦ ਆਪਣੇ ਪਿੰਡੇ ਉੱਤੇ ਹੰਢਾ ਚੁੱਕੀਆਂ ਹਨ। ਇਹ ਔਰਤਾਂ ਲਗਾਤਾਰ ਖੇਤੀ ਬਿੱਲ ਵਿਰੋਧੀ ਚੱਲ ਰਹੇ ਸੰਘਰਸ਼ ਦੇ ਧਰਨਿਆਂ ਵਿੱਚ ਸ਼ਾਮਲ ਹੋ ਰਹੀਆਂ ਹਨ।
ਇਸ ਮੌਕੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਪੀੜਤ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਘਰਾਂ ਦੇ ਚੁੱਲ੍ਹਿਆਂ ਦੀ ਅੱਗ ਕਰਜ਼ਿਆਂ ਕਰ ਕੇ ਬੁਝੀ ਹੈ, ਜਿਸ ਕਰ ਕੇ ਪੰਜਾਬ ਦੇ ਚੁੱਲ੍ਹੇ ਬਲਦੇ ਰਹਿਣ ਉਹ ਖੇਤੀ ਵਿਰੋਧੀ ਬਿੱਲਾਂ ਦੇ ਧਰਨੇ ਵਿੱਚ ਸ਼ਾਮਲ ਹੁੰਦੀਆਂ ਰਹਿਣਗੀਆਂ। ਪੀੜਤ ਔਰਤਾਂ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਚੁੱਕੇ ਹਨ। ਕਿਸੇ ਸਰਕਾਰ ਨੇ ਉਨ੍ਹਾਂ ਦੀ ਅੱਜ ਤੱਕ ਬਾਂਹ ਨਹੀਂ ਫੜੀ, ਪਰ ਕਿਸਾਨ ਜਥੇਬੰਦੀਆਂ ਹੀ ਉਨ੍ਹਾਂ ਦਾ ਸਹਾਰਾ ਬਣੀਆਂ ਹਨ।
ਉਨ੍ਹਾਂ ਕਿਹਾ ਕਿ ਇਹ ਖੇਤੀ ਵਿਰੋਧੀ ਬਿੱਲ ਪੰਜਾਬ ਦੀ ਕਿਸਾਨੀ ਨੂੰ ਬਰਬਾਦ ਕਰ ਦੇਣਗੇ ਅਤੇ ਪੰਜਾਬ ਵਿੱਚ ਖ਼ੁਦਕੁਸ਼ੀਆਂ ਹੋਰ ਵਧਣਗੀਆਂ। ਖ਼ੁਦਕੁਸ਼ੀਆਂ ਦੇ ਦਰਦ ਆਪਣੇ ਪਿੰਡੇ 'ਤੇ ਹੰਢਾ ਚੁੱਕੀਆਂ ਹਨ। ਜਿਸ ਕਰਕੇ ਉਹ ਨਹੀਂ ਚਾਹੁੰਦੀਆਂ ਕਿ ਪੰਜਾਬ ਵਿੱਚ ਖ਼ੁਦਕੁਸ਼ੀਆਂ ਚ ਵਾਧਾ ਹੋਵੇ। ਇਸੇ ਕਾਰਨ ਸਰਕਾਰ ਤੋਂ ਮੰਗ ਕਰਦੀਆਂ ਹਨ ਕਿ ਖੇਤੀ ਵਿਰੋਧੀ ਬਿੱਲ ਵਾਪਸ ਲਏ ਜਾਣ।
ਇਸ ਮੌਕੇ ਕਿਸਾਨ ਔਰਤ ਆਗੂ ਮਨਜੀਤ ਕੌਰ ਨੇ ਗੱਲਬਾਤ ਕਰਦਿਆਂ ਕਿਹਾ ਕਿ ਔਰਤਾਂ ਦੀ ਪਹਿਲੇ ਹੀ ਦਿਨ ਤੋਂ ਇਨ੍ਹਾਂ ਬਿੱਲਾਂ ਦੇ ਵਿਰੋਧ ਵਿੱਚ ਚੱਲ ਰਹੇ ਸੰਘਰਸ਼ਾਂ ਵਿੱਚ ਲਗਾਤਾਰ ਸ਼ਮੂਲੀਅਤ ਹੁੰਦੀ ਰਹੀ ਹੈ। ਖੁਦਕੁਸ਼ੀਆਂ ਦਾ ਦਰਦ ਆਪਣੇ ਪਿੰਡੇ ਤੇ ਹੰਢਾ ਚੁੱਕੀਆਂ ਹਨ। ਇਨ੍ਹਾਂ ਔਰਤਾਂ ਨੂੰ ਪਤਾ ਹੈ ਕਿ ਕਰਜ਼ੇ ਕਾਰਨ ਖੁਦਕੁਸ਼ੀਆਂ ਦੇ ਭਾਰੀ ਦੁੱਖ ਭੋਗਣੇ ਪੈਂਦੇ ਹਨ। ਜਿਸ ਕਰਕੇ ਉਹ ਇਨ੍ਹਾਂ ਕਿਸਾਨ ਵਿਰੋਧੀ ਬਿੱਲਾਂ ਦੇ ਵਿਰੋਧ ਵਿੱਚ ਧਰਨਿਆਂ ਵਿੱਚ ਆ ਕੇ ਲੋਕਾਂ ਨੂੰ ਇੱਕ ਜੁੱਟ ਹੋਣ ਦਾ ਸੱਦਾ ਦੇ ਰਹੀਆਂ ਹਨ।