ਬਰਨਾਲਾ: ਜ਼ਿਲ੍ਹਾ ਬਰਨਾਲਾ ਵਿੱਚ ਸਵੱਛਤਾ ਮੁਹਿੰਮ (Sanitation campaign) (ਗ੍ਰਾਮੀਣ) ਨੂੰ ਹੁਲਾਰਾ ਦਿੰਦਿਆਂ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅਤੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਦੇ ਹੰਭਲੇ ਨਾਲ ਪਿੰਡ ਭੋਤਨਾ ਵਿਖੇ ਠੋਸ ਕੂੜਾ ਪ੍ਰਬੰਧਨ ਪਲਾਂਟ (ਸਾਲਿਡ ਵੇਸਟ ਮੈਨੇਜਮੈਂਟ ਪਲਾਂਟ) ਸਥਾਪਿਤ ਕੀਤਾ ਗਿਆ ਹੈ। ਇਸ ਪਲਾਂਟ ਦਾਾ ਉਦਘਾਟਨ ਡਿਪਟੀ ਕਮਿਸ਼ਨਰ (Deputy Commissioner) ਬਰਨਾਲਾ ਕੁਮਾਰ ਸੌਰਭ ਰਾਜ ਨੇ ਕੀਤਾ। ਇਹ ਪਲਾਂਟ ਜਿੱਥੇ ਪੇਂਡੂ ਖੇਤਰ ਦਾ ਪੰਜਾਬ ਦਾ ਸਭ ਤੋਂ ਵੱਡਾ ਪਲਾਂਟ ਹੈ, ਉੱਥੇ ਹੀ ਜ਼ਿਲ੍ਹਾ ਬਰਨਾਲਾ ਦੇ ਪੇਂਡੂ ਖੇਤਰ ਦਾ ਪਹਿਲਾ ਪਲਾਂਟ ਹੈ।
ਇਸ ਮੌਕੇ ਰਾਊਂਡ ਗਲਾਸ ਫਾਊਡੇਸ਼ਨ ਤੋਂ ਡਾ.ਰਜਨੀਸ਼ ਕੁਮਾਰ ਨੇ ਕਿਹਾ ਕਿ ਕੂੜੇ ਦੇ ਯੋਗ ਪ੍ਰਬੰਧਨ ਸ਼ਹਿਰੀ ਖੇਤਰਾਂ ਦੇ ਨਾਲ ਨਾਲ ਪੇਂਡੂ ਖੇਤਰਾਂ ਵਿਚ ਵੀ ਬੇਹੱਦ ਜ਼ਰੂਰੀ ਹੈ। ਇਸ ਵਾਸਤੇ ਸਾਂਝੇ ਯਤਨ ਲੋੜੀਂਦੇ ਹਨ। ਇਸ ਮੌਕੇ ਜ਼ਿਲ੍ਹਾ ਸੈਨੀਟੇਸ਼ਨ ਅਫਸਰ ਬਰਨਾਲਾ ਗੁਰਵਿੰਦਰ ਸਿੰਘ ਢੀਂਡਸਾ ਨੇ ਗਿੱਲੇ ਅਤੇ ਸੁੱਕੇ ਕੂੜੇ ਦੇ ਵੱਖੋ-ਵੱਖ ਪ੍ਰਬੰਧਨ ਉੱਤੇ ਜ਼ੋਰ ਦਿੰਦੇ ਹੋਏ ਆਖਿਆ ਕਿ ਇਹ ਪੇਂਡੂ ਖੇਤਰ ਦਾ ਸੂਬੇ ਦਾ ਸਭ ਤੋਂ ਵੱਡਾ ਅਤੇ ਜ਼ਿਲ੍ਹੇ ਦੇ ਪੇਂਡੂ ਖੇਤਰ ਦਾ ਪਹਿਲਾ ਕੂੜਾ ਪ੍ਰਬੰਧਨ ਪਲਾਂਟ ਹੈ। ਇਸ ਮੌਕੇ ਸਲਾਹਕਾਰ, ਦਿ ਟ੍ਰਾਈਡੇਸ਼ਨ ਫਾਊਂਡੇਸ਼ਨ ਗੁਰਲਵਲੀਨ ਸਿੱਧੂ ਆਈਏਐਸ (ਰਿਟਾ.) ਦੀ ਟੀਮ ਨੇ ਪਿੰਡ ਵਾਸੀਆਂ ਨੂੰ ਜਿੱਥੇ ਕੱਪੜੇ ਦੇ ਥੈਲੇ ਵੰਡੇ, ਉੱਥੇ ਪਲਾਸਟਿਕ ਦੀ ਵਰਤੋਂ ਨਾ ਕਰਨ ਬਾਰੇ ਜਾਗਰੂਕ ਕੀਤਾ।
ਇਸ ਮੌਕੇ ਕੁਲਦੀਪ ਸਿੰਘ ਐਸਡੀਈ, ਸੇਵੀਆ ਸ਼ਰਮਾ ਕਮਿਊਨਿਟੀ ਡਿਵੈਲਪਮੈਂਟ ਮਾਹਿਰ, ਰਾਜੀਵ ਗਰਗ, ਯੂਥ ਕਲੱਬ ਪ੍ਰ੍ਰਧਾਨ ਸੁਖਦੇਵ ਸਿੰਘ, ਜ਼ਿਲ੍ਹਾ ਯੂਥ ਅਫਸਰ ਓਮਕਾਰ ਸਵਾਮੀ, ਪੰਚਾਇਤ ਸਕੱਤਰ ਤੇ ਮਗਨਰੇਗਾ ਵਰਕਰ, ਪੰਚਾਇਤ ਤੇ ਹੋਰ ਪਤਵੰਤੇ ਹਾਜ਼ਰ ਸਨ।