ਬਰਨਾਲਾ: ਕੋਰੋਨਾ ਮਹਾਂਮਾਰੀ ਨੇ ਪੰਜਾਬ ’ਚ ਦੁਬਾਰਾ ਪੈਰ ਪਸਾਰਨੇ ਸ਼ੁਰੂ ਕਰ ਦਿੱਤੇ ਹਨ, ਜਿਸਨੂੰ ਦੇਖਦਿਆਂ ਸਰਕਾਰ ਵੱਲੋਂ ਵੀ ਸਖ਼ਤ ਨਿਰਦੇਸ਼ ਜਾਰੀ ਕੀਤੇ ਗਏ ਹਨ। ਇਸ ਮੁਹਿੰਮ ਦੇ ਚੱਲਦਿਆਂ ਅੱਜ ਸ਼ਹਿਰ ’ਚ ਕੋਰੋਨਾ ਦੇ ਟੀਕਾਕਰਨ ਦੀ ਸ਼ੁਰੂਆਤ ਹੋਈ।
ਇਸ ਮੌਕੇ ਜਾਣਕਾਰੀ ਦਿੰਦਿਆ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਦੱਸਿਆ ਕਿ ਹੁਣ ਤੱਕ 1023 ਲੋਕ ਕੋਰੋਨਾ ਦੇ ਟੀਕੇ ਲਗਵਾ ਚੁੱਕੇ ਹਨ, ਜਿਨ੍ਹਾਂ ’ਚ ਡਿਪਟੀ ਕਮਿਸ਼ਨਰ ਤੇਜ ਪ੍ਰਤਾਪ ਸਿੰਘ ਫੂਲਕਾ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੰਦੀਪ ਗੋਇਲ ਖ਼ੁਦ ਵੀ ਸ਼ਾਮਲ ਹਨ। ਇਸ ਸਬੰਧੀ ਬੁਲਾਈ ਗਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਡੀਸੀ ਤੇਜ ਪ੍ਰਤਾਪ ਸਿੰਘ ਫੂਲਕਾ ਨੇ ਕਿਹਾ ਕਿ ਕੋਰੋਨਾ ਦੇ ਟੀਕੇ ਦਾ ਕੋਈ ਗਲਤ ਅਸਰ ਨਹੀਂ ਹੁੰਦਾ। ਉਹਨਾਂ ਸਿਹਤ ਵਿਭਾਗ ਨੂੰ ਹਿਦਾਇਤਾਂ ਦਿੰਦਿਆਂ ਕਿਹਾ ਕਿ ਉਹ ਵੱਧ ਤੋਂ ਵੱਧ ਲੋਕਾਂ ਨੂੰ ਇਹ ਟੀਕਾ ਲਗਵਾਉਣ ਲਈ ਪ੍ਰੇਰਣ।
ਉਨ੍ਹਾਂ ਕਿਹਾ ਕਿ ਹੁਣ ਤੱਕ ਬਰਨਾਲਾ ’ਚ ਟੀਕੇ ਲਵਾਉਣ ਲਈ ਕੁੱਲ ਰਜਿਸਟਰਡ ਲਾਭਪਾਤਰੀ 5502 ਹਨ, ਇਨ੍ਹਾਂ 'ਚ 1960 ਫ਼ਰੰਟ ਲਾਈਨ ਵਰਕਰ ਅਤੇ 3542 ਸਿਹਤ ਵਿਭਾਗ ਦੇ ਕਰਮਚਾਰੀ ਸ਼ਾਮਲ ਹਨ। ਇਸੇ ਤਰ੍ਹਾਂ ਹੁਣ ਤੱਕ 1023 ਲੋਕਾਂ ਨੂੰ ਕੋਰੋਨਾ ਦੇ ਪਹਿਲੇ ਟੀਕੇ ਦੀ ਡੋਜ਼ ਦਿੱਤੀ ਜਾ ਚੁਕੀ ਹੈ, ਜਦ ਕਿ 247 ਲੋਕਾਂ ਨੂੰ ਪੂਰੀ ਡੋਜ਼ ਲੱਗ ਚੁੱਕੀ ਹੈ।
ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਤੋਂ ਰੋਕਥਾਮ ਦਾ ਟੀਕਾ ਦੋ ਖੁਰਾਕਾਂ ’ਚ ਦਿੱਤਾ ਜਾਂਦਾ ਹੈ, ਪਹਿਲੀ ਖੁਰਾਕ ਅਤੇ ਦੂਜੀ ਖੁਰਾਕ ਵਿਚਾਲੇ 28 ਦਿਨਾਂ ਦਾ ਫ਼ਰਕ ਹੁੰਦਾ ਹੈ।
ਇਹ ਵੀ ਪੜ੍ਹੋ: ਕਿਸਾਨ ਜਥੇਬੰਦੀਆਂ ਨੇ ਕੀਤਾ ਭਾਜਪਾ ਆਗੂ ਸ਼ਵੇਤ ਮਲਿਕ ਦਾ ਵਿਰੋਧ