ਬਰਨਾਲਾ: ਪੰਜਾਬ ਸਰਕਾਰ ਅਤੇ ਬਰਨਾਲਾ ਪ੍ਰਸ਼ਾਸਨ ਵੱਲੋਂ ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਵਿਖੇ 2 ਦਿਨਾਂ ਰੁਜ਼ਗਾਰ ਮੇਲਾ ਲਗਾਇਆ ਗਿਆ। ਇਸ ਵਿੱਚ ਕਈ ਪ੍ਰਾਈਵੇਟ ਕੰਪਨੀਆਂ ਵੱਲੋਂ ਨੌਜਵਾਨਾਂ ਨੂੰ ਨੌਕਰੀ ਦੇਣ ਲਈ ਆਪੋ ਆਪਣੀਆਂ ਸਟਾਲਾਂ ਲਗਾਈਆਂ ਗਈਆਂ। ਇੱਕ ਪਾਸੇ ਜਿਥੇ ਇਸ ਰੁਜ਼ਗਾਰ ਮੇਲੇ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨਾਂ ਨੇ ਪਹੁੰਚ ਕੇ ਰੁਜ਼ਗਾਰ ਲਈ ਅਪਲਾਈ ਕੀਤਾ। ਉੱਥੇ ਹੀ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਪਹੁੰਚ ਕੇ ਪੰਜਾਬ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ ਗਿਆ।
ਮੌਕੇ 'ਤੇ ਮੌਜੂਦ ਪੁਲਿਸ ਵੱਲੋਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਮੇਲੇ ਵਿੱਚ ਦਾਖ਼ਲ ਹੋਣ ਤੋਂ ਵੀ ਰੋਕਿਆ ਗਿਆ। ਪਰ ਬੇਰੁਜ਼ਗਾਰਾਂ ਵੱਲੋਂ ਆਪਣੇ ਵਿੱਦਿਅਕ ਯੋਗਤਾ ਦੀਆਂ ਕਾਪੀਆਂ ਫੂਕ ਕੇ ਪੰਜਾਬ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਮੇਲਿਆਂ ਨੂੰ ਡਰਾਮੇਬਾਜ਼ੀ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ 4 ਸਾਲਾਂ ਤੋਂ ਪੰਜਾਬ ਵਿੱਚ ਇੱਕ ਵੀ ਨੌਜਵਾਨ ਨੂੰ ਰੁਜ਼ਗਾਰ ਨਹੀਂ ਦੇ ਸਕੀ। ਇਹ ਜੋ ਰੁਜ਼ਗਾਰ ਮੇਲੇ ਲਗਾਏ ਜਾ ਰਹੇ ਹਨ ਇਸ ਵਿੱਚ ਪ੍ਰਾਈਵੇਟ ਕੰਪਨੀਆਂ ਉੱਚ ਵਿੱਦਿਆ ਹਾਸਲ ਕੀਤੇ ਨੌਜਵਾਨਾਂ ਦਾ ਸ਼ੋਸ਼ਣ ਕਰ ਰਹੀਆਂ ਹਨ।
ਮੁਰਾਦਾਬਾਦ ਉੱਚ ਵਿੱਦਿਆ ਪ੍ਰਾਪਤ ਨੌਜਵਾਨਾਂ ਨੂੰ ਨਿਗੁਣੀਆਂ ਤਨਖਾਹਾਂ 'ਤੇ ਨੌਕਰੀਆਂ ਦੀ ਆਫਰ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਘਰ ਘਰ ਸਰਕਾਰੀ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਹੁਣ ਰੁਜ਼ਗਾਰ ਮੇਲਿਆਂ ਵਿੱਚ ਪ੍ਰਾਈਵੇਟ ਕੰਪਨੀਆਂ ਦੀਆਂ ਨੌਕਰੀਆਂ ਦੇ ਕੇ ਡਰਾਮੇਬਾਜ਼ੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਲੱਖਾਂ ਦੀ ਗਿਣਤੀ ਵਿੱਚ ਨੌਜਵਾਨ ਬੇਰੁਜ਼ਗਾਰ ਅਤੇ 50 ਹਜ਼ਾਰ ਦੇ ਕਰੀਬ ਬੀ.ਐੱਡ ਟੈੱਟ ਪਾਸ ਅਧਿਆਪਕ ਬੇਰੁਜ਼ਗਾਰ ਹਨ।
ਉਨ੍ਹਾਂ ਕਿਹਾ ਕਿ ਜਿਸ ਵੇਲੇ ਪੰਜਾਬ ਵਿੱਚ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਕਿਸਾਨੀ ਸੰਘਰਸ਼ ਚੱਲ ਰਿਹਾ ਹੈ। ਉਸ ਮੌਕੇ ਕੈਪਟਨ ਸਰਕਾਰ ਜਾਣ ਬੁੱਝ ਕੇ ਰੁਜ਼ਗਾਰ ਮੇਲੇ ਲਗਾ ਰਹੀ ਹੈ ਕਿਉਂਕਿ ਕਿਸਾਨੀ ਸੰਘਰਸ਼ਾਂ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਸ਼ਾਮਲ ਹੋ ਰਹੇ ਹਨ ਜਿਸ ਕਰਕੇ ਨੌਜਵਾਨਾਂ ਦਾ ਧਿਆਨ ਰੁਜ਼ਗਾਰ ਮੇਲਿਆਂ ਵਿੱਚ ਬਦਲਣ ਲਈ ਇਹ ਚਾਲਾਂ ਚੱਲੀਆਂ ਜਾ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਦੀ ਡਰਾਮੇਬਾਜ਼ੀ ਹੁਣ ਨਹੀਂ ਚੱਲੇਗੀ। ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸੀ ਲੀਡਰਾਂ ਨੂੰ ਪਿੰਡਾਂ ਵਿੱਚ ਵੜਨ 'ਤੇ ਘਿਰਾਓ ਕੀਤਾ ਜਾਵੇਗਾ।