ਬਰਨਾਲਾ: ਕਾਂਗਰਸ ਸਰਕਾਰ ਤੋ 5 ਸਾਲ ਜ਼ਬਰ ਝੱਲਣ ਵਾਲੇ ਬੇਰੁਜ਼ਗਾਰ ਅਧਿਆਪਕਾਂ ਨੇ ਚੋਣਾਂ ਦੌਰਾਨ ਆਪਣੇ ਸੰਘਰਸ਼ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਦੇ ਤਰਕਸ਼ੀਲ ਭਵਨ ਵਿਖੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਦੀ ਅਗਵਾਈ ਵਿੱਚ ਹੋਈ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਹਰੇਕ ਪਾਰਟੀ ਦੇ ਮੁੱਖ ਮੰਤਰੀ ਦੇ ਚਿਹਰੇ ਵਾਲੇ ਉਮੀਦਵਾਰ ਨੂੰ ਸੂਬਾ ਕਮੇਟੀ ਮੰਗ ਪੱਤਰ ਸੌਂਪ ਕੇ ਆਪਣੀਆਂ ਮੰਗਾਂ ਰੱਖੇਗੀ।
ਬੇਰੁਜ਼ਗਾਰ ਅਧਿਆਪਕਾਂ ਦੀਆਂ ਮੰਗਾਂ
ਇੰਨ੍ਹਾਂ ਮੰਗਾਂ ਵਿੱਚ ਬੇਰੁਜ਼ਗਾਰਾਂ ਦੇ ਪੱਕੇ ਰੁਜ਼ਗਾਰ, ਪਿਛਲੀ ਕਾਂਗਰਸ ਸਰਕਾਰ ਵੱਲੋਂ ਕੱਢੀਆਂ 4161 ਮਾਮੂਲੀ ਅਸਾਮੀਆਂ ਵਿੱਚ ਵਾਧਾ ਕਰਨ (ਖਾਸ ਕਰਕੇ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ), ਨਿਸਚਿਤ ਸਮੇਂ ਭਰਤੀ ਮੁਕੰਮਲ ਕਰਨ, ਭਰਤੀ ਕੈਲੰਡਰ ਜਾਰੀ ਕਰਨ, ਇੱਕ ਵਿਸੇ ਦੇ ਅਧਿਆਪਕ ਤੋਂ ਇੱਕੋ ਵਿਸ਼ੇ ਦਾ ਹੀ ਕੰਮ ਲਿਆ ਜਾਵੇ, ਉਮਰ ਹੱਦ 37 ਤੋ 42 ਕਰਨ ਸਮੇਤ ਮੰਗਾਂ ਨੂੰ ਪੂਰੇ ਕਰਨ ਦੇ ਵਾਅਦੇ ਲੈਣ ਲਈ ਮੁਹਿੰਮ ਚਲਾਈ ਜਾਵੇਗੀ।
ਵੋਟਾਂ ਮੰਗਣ ਆਉਣ ਵਾਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਨੂੰ ਦਿੱਤੇ ਜਾਣਗੇ ਮੰਗ ਪੱਤਰ
ਬੇਰੁਜ਼ਗਾਰਾਂ ਨੇ ਫੈਸਲਾ ਕੀਤਾ ਕਿ ਇਸ ਸਬੰਧੀ ਹਰੇਕ ਹਲਕੇ ਤੋਂ ਚੋਣ ਲੜ ਰਹੇ ਹਰੇਕ ਪਾਰਟੀ ਦੇ ਉਮੀਦਵਾਰ ਨੂੰ ਮੰਗ ਪੱਤਰ ਦਿੱਤੇ ਜਾਣਗੇ। ਇਸ ਤੋਂ ਇਲਾਵਾ ਵੋਟਾਂ ਮੰਗਣ ਆਉਣ ਵਾਲੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ, ਉਹਨਾਂ ਦੇ ਪਰਿਵਾਰਕ ਮੈਂਬਰਾਂ ਅਤੇ ਸਮਰਥਕਾਂ ਨੂੰ ਮੰਗ ਪੱਤਰ ਸੌਂਪ ਕੇ ਬੇਰੁਜ਼ਗਾਰਾਂ ਦੀ ਮੰਗ ਉਨ੍ਹਾਂ ਸੂਬਾਈ ਆਗੂਆਂ, ਪ੍ਰਧਾਨਾਂ ਅਤੇ ਚੋਣ ਮਨੋਰਥ ਪੱਤਰ ਕਮੇਟੀਆਂ ਤੱਕ ਬੇਰੁਜ਼ਗਾਰਾਂ ਦੀ ਮੰਗ ਪੁਚਾਉਣ ਅਤੇ ਮੰਗਾਂ ਨੂੰ ਚੋਣ ਮਨੋਰਥ ਪੱਤਰ ਵਿੱਚ ਸ਼ਾਮਿਲ ਕਰਵਾਉਣ ਦਾ ਭਰੋਸਾ ਲਿਆ ਜਾਵੇਗਾ।
75 ਸਾਲਾਂ ਵਿੱਚ ਸਾਰੀਆਂ ਹੀ ਸਰਕਾਰਾਂ ਨੇ ਨਹੀਂ ਦਿਖਾਈ ਗੰਭੀਰਤਾ
ਬੇਰੁਜ਼ਗਾਰਾਂ ਉੱਤੇ ਜ਼ਬਰ ਕਰਨ ਵਾਲੀ ਕਾਂਗਰਸ ਪਾਰਟੀ ਦੇ ਹਰੇਕ ਉਮੀਦਵਾਰ ਸਵਾਲ ਕਰਕੇ ਪਿਛਲੇ ਸਮੇਂ ਕਾਂਗਰਸ ਦੇ ਘਰ-ਘਰ ਰੁਜ਼ਗਾਰ ਦੇ ਵਾਅਦੇ ਤੋਂ ਮੁਕਰਨ ਅਤੇ ਬੇਰੁਜ਼ਗਾਰਾਂ ਉੱਤੇ ਹੋਏ ਅੱਤਿਆਚਾਰ ਮੌਕੇ ਧਾਰੀ ਚੁੱਪ ਬਾਰੇ ਪੁੱਛਿਆ ਜਾਵੇਗਾ। ਬੇਰੋਜ਼ਗਾਰ ਆਗੂਆਂ ਨੇ ਦੋਸ਼ ਲਗਾਇਆ ਕਿ ਪਿਛਲੇ 75 ਸਾਲਾਂ ਵਿੱਚ ਸਾਰੀਆਂ ਹੀ ਸਰਕਾਰਾਂ ਨੇ ਗੰਭੀਰਤਾ ਨਹੀਂ ਦਿਖਾਈ।
ਰਾਜਨੀਤਕ ਪਾਰਟੀ ਦਾ ਮੁੱਖ ਏਜੰਡਾ ਹੋਣਾ ਚਾਹੀਦਾ ਹੈ ਰੁਜ਼ਗਾਰ
ਜਿਸ ਕਾਰਨ ਪੰਜਾਬ ਦੀ ਨੌਜਵਾਨੀ ਨਸ਼ਿਆਂ ਦੇ ਦਰਿਆ ਵਿੱਚ ਡੁੱਬ ਚੁੱਕੀ ਹੈ ਤੇ ਵੱਡਾ ਹਿੱਸਾ ਵਿਦੇਸ਼ਾਂ ਨੂੰ ਹਿਜ਼ਰਤ ਕਰ ਚੁੱਕੀ ਹੈ। ਇਸ ਲਈ ਕਰਕੇ ਰਾਜਨੀਤਕ ਪਾਰਟੀ ਦਾ ਮੁੱਖ ਏਜੰਡਾ ਰੁਜ਼ਗਾਰ ਹੋਣਾ ਚਾਹੀਦਾ ਹੈ। ਸੂਬੇ ਅੰਦਰ ਨਰਸਰੀ ਤੋਂ ਪੋਸਟ ਗਰੈਜੂਏਸ਼ਨ ਤੱਕ ਮੁਫਤ ਤੇ ਲਾਜ਼ਮੀ ਵਿੱਦਿਆ ਤੇ ਸਿਹਤ ਸਹੂਲਤਾਂ ਦਾ ਪ੍ਰਬੰਧ ਕੀਤਾ ਜਾਣਾ ਬਣਦਾ ਹੈ। ਇਸ ਮੌਕੇ ਅਮਨ ਸੇਖਾ, ਬਲਰਾਜ ਫਰੀਦਕੋਟ, ਮਨੀਸ਼ ਕੁਮਾਰ ਟੈਂਕੀ ਵਾਲਾ, ਲਖਵਿੰਦਰ ਮੁਕਤਸਰ, ਸੁਖਜੀਤ ਫਰੀਦਕੋਟ, ਜਗਜੀਤ ਸਿੰਘ ਜੱਗੀ ਜੋਧਪੁਰ, ਕੁਲਵੰਤ ਸਿੰਘ ਲੌਂਗੋਵਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਅਰਵਿੰਦ ਕੇਜਰੀਵਾਲ ਦਾ ਦਾਅਵਾ: ‘ED ਸਤੇਂਦਰ ਜੈਨ ਨੂੰ ਕਰੇਗੀ ਗ੍ਰਿਫ਼ਤਾਰ’