ਬਰਨਾਲਾ: ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਸੂਬੇ ਦੇ ਕਿਸਾਨ ਸੰਘਰਸ਼ ਕਰ ਰਹੇ ਹਨ। ਬਰਨਾਲਾ ਦੇ ਰੇਲਵੇ ਸਟੇਸ਼ਨ 'ਤੇ ਲਗਾਤਾਰ 49ਵੇਂ ਦਿਨ ਵੀ ਕਿਸਾਨਾਂ ਦਾ ਸੰਘਰਸ਼ ਜਾਰੀ ਰਿਹਾ। ਇਸ ਧਰਨੇ ਵਿੱਚ ਕਿਸਾਨ, ਨੌਜਵਾਨ ਅਤੇ ਔਰਤਾਂ ਪੱਕੇ ਮੋਰਚੇ 'ਤੇ ਡਟੇ ਰਹੇ। ਅੱਜ ਦੇ ਧਰਨੇ ਦੀ ਸ਼ੁਰੂਆਤ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਦੇਣ ਉਪਰੰਤ ਹੋਈ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਭਾਵੇਂ ਆਪਣੇ ਫ਼ੈਸਲੇ ਤੋਂ ਪਿੱਛੇ ਨਹੀਂ ਹਟ ਰਹੀ, ਉੱਥੇ ਕਿਸਾਨ ਵੀ ਦਿੱਲੀ ਦੇ ਘਿਰਾਓ ਸਬੰਧੀ ਪੂਰੀ ਤਰ੍ਹਾਂ ਤਿਆਰ ਹਨ। 26 ਅਤੇ 27 ਨਵੰਬਰ ਨੂੰ ਦਿੱਲੀ ਦੇ ਘਿਰਾਓ ਸਬੰਧੀ ਪਿੰਡਾਂ ਵਿੱਚ ਰਾਸ਼ਨ ਅਤੇ ਹੋਰ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਕਿਸਾਨਾਂ ਦਾ ਦਿੱਲੀ ਦਾ ਇਕੱਠ ਕੇਂਦਰ ਸਰਕਾਰ ਨੂੰ ਖੇਤੀ ਕਾਨੂੰਨ ਵਾਪਸ ਕਰਨ ਲਈ ਮਜਬੂਰ ਕਰ ਦੇਵੇਗਾ।
ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਕਿਸਾਨਾਂ ਦੇ ਸੰਘਰਸ਼ ਕਾਰਨ ਕੇਂਦਰ ਸਰਕਾਰ ਵੱਲੋਂ ਮਾਲ ਗੱਡੀਆਂ ਰੋਕੀਆਂ ਗਈਆਂ ਹਨ ਜਿਸ ਦਾ ਅਸਰ ਜੰਮੂ ਕਸ਼ਮੀਰ ਵਿੱਚ ਬਾਰਡਰ 'ਤੇ ਦੇਸ਼ ਦੀ ਰਾਖੀ ਕਰ ਰਹੇ ਫੌਜ 'ਤੇ ਪੈ ਰਿਹਾ ਹੈ। ਸਰਦੀਆਂ ਦੇ ਮੌਸਮ ਵਿੱਚ ਗਰਮ ਕੱਪੜਿਆਂ ਅਤੇ ਰਾਸ਼ਨ ਦੀ ਸਪਲਾਈ ਨਹੀਂ ਹੋ ਪਾ ਰਹੀ ਹੈ। ਕੇਂਦਰ ਸਰਕਾਰ ਨੂੰ ਆਪਣੀ ਜਿੱਦ ਛੱਡ ਕੇ ਮਾਲ ਗੱਡੀਆਂ ਚਾਲੂ ਕਰ ਦੇਣੀਆਂ ਚਾਹੀਦੀਆਂ ਹਨ।