ਬਰਨਾਲਾ: ਜਿਲ੍ਹੇ ਦੇ ਪਿੰਡ ਚੀਮਾ ਨੇੜੇ ਮੋਗਾ ਰੋਡ ਉਪਰ ਟੋਲ ਪਲਾਜ਼ਾ 'ਤੇ ਪੀਆਰਟੀਸੀ ਕੰਡਕਟਰ ਅਤੇ ਟੋਲ ਕਰਮਚਾਰੀਆ ਦੀ ਝੜਪ ਹੋ ਗਈ ਸੀ। ਜਿਸ ਸਬੰਧੀ ਪੁਲਿਸ ਪ੍ਰਸ਼ਾਸ਼ਨ ਵਲੋਂ ਕੰਡਕਟਰ ਦੇ ਬਿਆਨਾਂ 'ਤੇ ਟੋਲ ਕਰਮਚਾਰੀਆਂ ਉਪਰ ਪਰਚਾ ਦਰਜ਼ ਕੀਤਾ ਗਿਆ ਹੈ। ਜਿਸਨੂੰ ਟੋਲ ਕਰਮਚਾਰੀਆਂ ਵਲੋਂ ਧੱਕੇਸ਼ਾਹੀ ਕਰਾਰ ਦਿੱਤਾ ਗਿਆ ਹੈ।
ਇਸੇ ਨੂੰ ਲੈ ਕੇ ਟੋਲ ਕਰਮਚਾਰੀਆਂ ਵਲੋਂ ਇਨਸਾਫ਼ ਦੀ ਮੰਗ ਨੂੰ ਲੈ ਕੇ ਟੋਲ ਉਪਰ ਧਰਨਾ ਪ੍ਰਦਰਸ਼ਨ ਕੀਤਾ ਗਿਆ। ਟੋਲ ਕਰਮਚਾਰੀਆਂ ਦੀ ਹਮਾਇਤ ਵਿੱਚ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਆਗੂ ਵੀ ਆ ਗਏ ਹਨ।
ਇਸ ਮੌਕੇ ਗੱਲਬਾਤ ਕਰਦਿਆਂ ਟੋਲ ਕਰਮਚਾਰੀਆਂ ਨੇ ਕਿਹਾ ਕਿ ਪੁਲਿਸ ਨੇ ਦਬਾਅ ਹੇਠ ਬਿਨਾਂ ਪੱਖ ਜਾਣੇ ਝੂਠਾ ਮੁਕੱਦਮਾ ਦਰਜ ਕੀਤਾ ਹੈ। ਕਿਉਂਕਿ ਪੀਆਰਟੀਸੀ ਮੁਲਾਜ਼ਮ ਨੇ ਡਿਊਟੀ 'ਤੇ ਤੈਨਾਤ ਟੋਲ ਕਰਮੀ ਨਾਲ ਬਦਸਲੂਕੀ ਕਰਨ ਤੋਂ ਬਾਅਦ ਟੋਲ ਕਰਮੀ ਮਨਜਿੰਦਰ ਸਿੰਘ ਦੀ ਪੱਗ ਲਾਹੀ ਸੀ। ਜਿਸ ਤੋਂ ਬਾਅਦ ਇਹ ਮਾਮਲਾ ਭੜਕਿਆ ਸੀ। ਜਿਸ ਦੇ ਪੁਖਤਾ ਪਰੂਫ਼ ਉਨ੍ਹਾਂ ਕੋਲ ਇਕ ਸਬੂਤ ਵਜੋਂ ਵੀਡੀਓ ਵੀ ਹੈ।
ਉਹਨਾਂ ਕਿਹਾ ਕਿ ਪੁਲਿਸ ਨੇ ਜਾਂਚ ਲਈ ਦੋ ਦਿਨਾਂ ਦਾ ਸਮਾਂ ਲਿਆ ਸੀ, ਪਰ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਉਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ। ਜਿਸ ਦੇ ਰੋਸ ਵਜੋਂ ਅੱਜ ਟੋਲ ਪਲਾਜ਼ਾ ਦੇ ਸਾਰੇ 41 ਕਰਮਚਾਰੀਆਂ ਵੱਲੋਂ ਆਪਣੇ ਕੰਮ ਛੱਡ ਕੇ ਟੋਲ ਪਲਾਜ਼ੇ ਉਪਰ ਹੀ ਰੋਸ ਧਰਨਾ ਲਾਕੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ। ਉਨ੍ਹਾਂ ਕਿਹਾ ਕਿ ਕੰਪਨੀ ਨੂੰ ਹੋ ਰਹੇ ਨੁਕਸਾਨ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ।
ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵਲੋਂ ਪਹੁੰਚੇ ਓਂਕਾਰ ਸਿੰਘ ਬਰਾੜ ਨੇ ਕਿਹਾ ਕਿ ਟੋਲ ਪਲਾਜ਼ਾ 'ਤੇ ਕੰਮ ਕਰਨ ਵਾਲੇ ਮਨਜਿੰਦਰ ਸਿੰਘ ਦੀ ਪੱਗ ਲਾਹੁਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕਰਦੇ ਹਨ ਅਤੇ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕਰਦੇ ਹਨ। ਉਹਨਾਂ ਕਿਹਾ ਕਿ ਉਹਨਾਂ ਦੀ ਪਾਰਟੀ ਟੋਲ ਕਰਮਚਾਰੀਆਂ ਨਾਲ ਹੋਏ ਧੱਕੇ ਖਿਲਾਫ਼ ਇਹਨਾਂ ਦੇ ਸੰਘਰਸ਼ ਦਾ ਡੱਟ ਕੇ ਸਾਥ ਦੇਵੇਗੀ।
ਇਹ ਵੀ ਪੜ੍ਹੋ: ਬਠਿੰਡਾ ਵਿੱਚ ਕੱਚੇ ਕਾਮਿਆਂ ਅਤੇ ਪੁਲਿਸ ਵਿਚਕਾਰ ਹੋਈ ਤਕਰਾਰ