ਬਰਨਾਲਾ: ਪੰਜਾਬ ਵਿੱਚ ਦਿਨੋਂ ਦਿਨ ਵਧ ਰਹੀ ਗਰਮੀ ਨੂੰ ਲੈ ਕੇ ਬਿਜਲੀ ਦੀ ਵੀ ਮੰਗ ਵਧ ਰਹੀ ਹੈ। ਉੱਥੇ ਬਿਜਲੀ ਦੀ ਮੰਗ ਵਧਣ ਕਾਰਨ ਪਾਵਰਕੌਮ ਵੱਲੋਂ ਬਿਜਲੀ ਦੇ ਕੱਟ ਲਗਾਏ ਜਾ ਰਹੇ ਹਨ। ਖੇਤਾਂ ਦੀ ਬਿਜਲੀ ਦੇ ਕੱਟ ਦੇ ਨਾਲ ਨਾਲ ਹੁਣ ਘਰੇਲੂ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ ਜਿਸ ਕਾਰਨ ਲੋਕਾਂ ਨੂੰ ਅੱਤ ਦੀ ਗਰਮੀ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸੇ ਦੇ ਚੱਲਦਿਆਂ ਬਰਨਾਲਾ ਜ਼ਿਲ੍ਹੇ ਦੇ ਪਿੰਡ ਚੀਮਾ ਦੇ ਬਿਜਲੀ ਗਰਿੱਡ ਵਿੱਚ ਲੋਕਾਂ ਵੱਲੋਂ ਬਿਜਲੀ ਕੱਟਾਂ ਤੋਂ ਤੰਗ ਪਰੇਸ਼ਾਨ ਹੋ ਕੇ ਗਰਿੱਡ ਦੀ ਭੰਨਤੋੜ ਕਰ ਦਿੱਤੀ ਗਈ। ਵੱਡੀ ਗਿਣਤੀ ਵਿਚ ਇਕੱਠੇ ਹੋਏ ਤਿੰਨ ਪਿੰਡਾਂ ਦੇ ਲੋਕਾਂ ਵੱਲੋਂ ਗਰਿੱਡ ਦੇ ਮੇਨ ਗੇਟ, ਇਮਾਰਤ ਦੇ ਕੈਬਿਨ ਦੇ ਸ਼ੀਸ਼ੇ ਭੰਨ੍ਹੇ ਗਏ ਹਨ। ਬਿਜਲੀ ਮੁਲਾਜ਼ਮਾਂ ਵਿੱਚ ਇਸ ਭੰਨਤੋੜ ਨੂੰ ਲੈ ਕੇ ਭਾਰੀ ਰੋਸ ਹੈ। ਇਸ ਘਟਨਾ ਨੂੰ ਲੈਕੇ ਬਿਜਲੀ ਮੁਲਾਜ਼ਮ ਵੱਲੋਂ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਰਜ ਕਰਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਇਸ ਸਬੰਧੀ ਗੱਲਬਾਤ ਕਰਦਿਆਂ ਬਿਜਲੀ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਪਿੰਡ ਚੀਮਾ ਦੇ ਗਰਿੱਡ ਤੇ ਬੀਤੀ ਰਾਤ ਪਿੰਡ ਨਾਈਵਾਲਾ ਜੋਧਪੁਰ ਅਤੇ ਪੱਤੀ ਸੇਖਵਾਂ ਦੇ ਕੁਝ ਲੋਕਾਂ ਵੱਲੋਂ ਆ ਕੇ ਬਿਜਲੀ ਸਪਲਾਈ ਸਬੰਧੀ ਪ੍ਰਦਰਸ਼ਨ ਕੀਤਾ ਗਿਆ। ਜਿਨ੍ਹਾਂ ਵੱਲੋਂ ਬਾਅਦ ਵਿੱਚ ਜਿੱਥੇ ਡਿਊਟੀ 'ਤੇ ਹਾਜ਼ਰ ਮੁਲਾਜ਼ਮ ਨਾਲ ਭੱਦੀ ਸ਼ਬਦਾਵਲੀ ਅਤੇ ਮਾੜਾ ਵਰਤਾਓ ਕੀਤਾ ਗਿਆ, ਉਥੇ ਹੀ ਗਰਿੱਡ ਵਿਚ ਭੰਨ ਤੋੜ ਵੀ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਗਰਿੱਡ ਦੇ ਮੇਨ ਗੇਟ ਨੂੰ ਤੋੜ ਦਿੱਤਾ ਗਿਆ ਅਤੇ ਗਰਿੱਡ ਦੇ ਕੈਬਿਨ ਦੇ ਸ਼ੀਸ਼ੇ ਅਤੇ ਮੇਜ਼ ਦਾ ਸ਼ੀਸ਼ਾ ਬੁਰੀ ਤਰ੍ਹਾਂ ਭੰਨ ਦਿੱਤਾ ਗਿਆ ਹੈ। ਇਸ ਸਬੰਧੀ ਬਿਜਲੀ ਮੁਲਾਜ਼ਮ ਵੱਲੋਂ ਪੁਲਸ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾ ਦਿੱਤਾ ਗਿਆ, ਪ੍ਰੰਤੂ ਪੁਲਿਸ ਦੀ ਹਾਜ਼ਰੀ ਵਿੱਚ ਵੀ ਇਹ ਹੁੱਲੜਬਾਜ਼ੀ ਬੰਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉੱਚ ਅਧਿਕਾਰੀਆਂ ਨੂੰ ਜਾਣੂ ਕਰਵਾ ਦਿੱਤਾ ਗਿਆ ਹੈ। ਉਨ੍ਹਾਂ ਹੁੱਲੜਬਾਜ਼ੀ ਕਰਨ ਵਾਲੇ ਲੋਕਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ।
ਇਹ ਵੀ ਪੜ੍ਹੋ:ਹੁਸ਼ਿਆਰਪੁਰ ਪਹੁੰਚੇ ਅਸ਼ਵਨੀ ਸ਼ਰਮਾ ਨੂੰ ਕਿਸਾਨਾਂ ਨੇ ਪਾਈਆਂ ਭਜਾੜਾਂ