ਬਰਨਾਲਾ: ਜ਼ਿਲ੍ਹੇ ਦੀ ਸਾਢੇ ਤਿੰਨ ਸਾਲ ਦੀ ਬੱਚੀ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਹੋਇਆ ਹੈ। ਸਾਢੇ ਤਿੰਨ ਸਾਲ ਦੀ ਬੱਚੀ ਅਨਾਇਆ ਨੂੰ ਸ੍ਰੀ ਹਨੂੰਮਾਨ ਚਾਲੀਸਾ ਯਾਦ ਹੈ ਅਤੇ ਮੂੰਹ ਜ਼ੁਬਾਨੀ ਸੁਣਾ ਦਿੰਦੀ ਹੈ। ਇਸ ਰਿਕਾਰਡ ਕਰਕੇ ਅਨਾਇਆ ਦੇਸ਼ ਭਰ ਵਿੱਚੋਂ ਹਨੂੰਮਾਨ ਚਾਲੀਸਾ ਦਾ ਪਾਠ (Aanaya World Records In Hanuman Chalisa) ਕਰਨ ਵਾਲੀ ਸਭ ਤੋਂ ਛੋਟੀ ਬੱਚੀ ਹੈ। ਅਨਾਇਆ ਦਾ ਪਰਿਵਾਰ ਹੁਣ ਉਸ ਨੂੰ ਹੋਰ ਭਜਨ ਅਤੇ ਪਾਠ ਵੀ ਸਿਖਾ ਰਿਹਾ ਹੈ। ਇਸ ਬੱਚੀ ਨੂੰ ਇਹ ਪ੍ਰੇਰਣਾ ਘਰ ਵਿੱਚੋਂ ਹੀ ਮਿਲੀ ਹੈ।
ਘਰ ਵਿੱਚ ਪੂਰਾ ਧਾਰਮਿਕ ਮਾਹੌਲ : ਪਰਿਵਾਰ ਨੇ ਦੱਸਿਆ ਕਿ ਘਰ ਦਾ ਮਾਹੌਲ ਪੂਰੀ ਤਰ੍ਹਾਂ ਧਾਰਮਿਕ ਹੈ ਅਤੇ ਉਸ ਦੇ ਦਾਦਾ ਤੇ ਦਾਦੀ ਸਵੇਰੇ-ਸ਼ਾਮ ਹਨੂੰਮਾਰ ਚਾਲੀਸਾ ਦਾ ਪਾਠ ਕਰਦੇ ਹਨ, ਜਿਨ੍ਹਾਂ ਨੂੰ ਦੇਖ ਕੇ ਅਨਾਇਆ ਵੀ ਪਾਠ ਕਰਨ ਲੱਗੀ। ਇਸ ਤੋਂ ਬਾਅਦ ਪਰਿਵਾਰ ਨੇ ਉਸ ਨੂੰ ਪੂਰਾ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਸਿਖਾਇਆ। ਸ੍ਰੀ ਹਨੂੰਮਾਨ ਚਾਲੀਸਾ ਤੋਂ ਇਲਾਵਾ ਅਨਾਇਆ ਨੇ ਸ੍ਰੀ ਗਣੇਸ਼ ਵੰਦਨਾ ਅਤੇ ਹੋਰ ਸੰਸਕ੍ਰਿਤ ਦੇ ਭਜਨ ਵੀ ਸਿੱਖੇ ਹਨ। ਹੁਣ ਪਰਿਵਾਰ ਅਨਾਇਆ ਨੂੰ ਸ੍ਰੀ ਦੁਰਗਾ ਵੰਦਨਾ ਸਿਖਾ ਰਿਹਾ ਹੈ। ਬੱਚੀ ਦੇ ਇਸ ਯਤਨ ਨਾਲ ਪੂਰਾ ਪਰਿਵਾਰ ਬਹੁਤ ਖੁਸ਼ ਹੈ। ਸ਼ਹਿਰ ਦੀਆਂ ਵੱਖ ਵੱਖ ਧਾਰਮਿਕ ਸੰਸਥਾਵਾਂ ਵਲੋਂ ਛੋਟੀ ਬੱਚੀ ਅਨਾਇਆ ਦਾ ਸਨਮਾਨ ਕੀਤਾ ਜਾ ਰਿਹਾ ਹੈ।
ਦਾਦੇ ਨੂੰ ਅਪਣੀ ਪੋਤੀ ਉੱਤੇ ਮਾਣ: ਇਸ ਮੌਕੇ ਗੱਲਬਾਤ ਕਰਦਿਆਂ ਅਨਾਇਆ ਦੇ ਦਾਦਾ ਗੋਬਿੰਦ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਨੂੰ ਆਪਣੀ ਪੋਤੀ ਉੱਤੇ ਬਹੁਤ ਮਾਣ ਮਹਿਸੂਸ ਹੋ ਰਿਹਾ ਹੈ। ਬੱਚੀ ਕਰਕੇ ਉਨ੍ਹਾਂ ਦੇ ਪਰਿਵਾਰ ਦਾ ਨਾਮ ਰੌਸ਼ਨ ਹੋਇਆ ਹੈ। ਉਨ੍ਹਾਂ ਕਿਹਾ ਕਿ ਸਾਡੇ ਪਰਿਵਾਰ ਦਾ ਮਾਹੌਲ ਬਹੁਤ ਧਾਰਮਿਕ ਹੈ। ਸਾਡੇ ਘਰ ਵਿੱਚ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਸਵੇਰ ਅਤੇ ਸ਼ਾਮ ਸਮੇਂ ਕੀਤਾ ਜਾਂਦਾ ਹੈ। ਸਾਨੂੰ ਦੇਖ ਦੇਖ ਕੇ ਅਨਾਇਆ ਇਹ ਪਾਠ ਸਿੱਖ ਗਈ। ਦਾਦਾ ਬਾਂਸਲ ਨੇ ਕਿਹਾ ਕਿ ਅੱਜ ਕੱਲ੍ਹ ਦੇ ਬੱਚੇ ਤੇ ਪਰਿਵਾਰਾਂ ਵਿੱਚ ਇਸ ਤਰ੍ਹਾਂ ਦਾ ਰੁਝਾਨ ਨਹੀਂ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨੂੰ ਧਾਰਮਿਕ ਗਿਆਨ ਵੀ ਦੇਣਾ ਚਾਹੀਦਾ ਹੈ।
ਅਨਾਇਆ ਦੀ ਦਾਦੀ ਤੇ ਮਾਂ ਨੇ ਸਿਖਾਇਆ ਪਾਠ: ਉੱਥੇ ਹੀ, ਅਨਾਇਆ ਦੇ ਮਾਤਾ ਰੁਚੀ ਬਾਂਸਲ ਅਤੇ ਪਿਤਾ ਲਵਿਸ਼ ਬਾਂਸਲ ਨੇ ਦੱਸਿਆ ਕਿ ਅਨਾਇਆ ਦੀ ਉਮਰ ਇਸ ਵੇਲੇ ਸਿਰਫ਼ ਸਾਢੇ ਤਿੰਨ ਸਾਲ ਦੀ ਹੈ। ਸਾਡੇ ਲਈ ਬਹੁਤ ਖੁਸ਼ੀ ਦੀ ਗੱਲ ਹੈ ਕਿ ਦੇਸ਼ ਵਿੱਚੋਂ ਸਭ ਤੋਂ ਛੋਟੀ ਲੜਕੀ ਹੈ ਜਿਸ ਨੇ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਸਿੱਖ ਲਿਆ ਹੈ। ਇਸ ਨਾਲ ਅਨਾਇਆ ਨੇ ਵਰਲਡ ਰਿਕਾਰਡ ਵੀ ਬਣਾਇਆ ਹੈ। ਸ੍ਰੀ ਹਨੂੰਮਾਨ ਚਾਲੀਸਾ ਇੰਨੀ ਘੱਟ ਉਮਰ ਵਿੱਚ ਸਿੱਖਣ ਕਰਕੇ ਉਸ ਦਾ ਨਾਮ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿੱਚ ਦਰਜ ਕਰਵਾਇਆ (Hanuman Chalisa) ਗਿਆ ਹੈ। ਸ਼ੁਰੂ ਵਿੱਚ ਇਹ ਪਰਿਵਾਰਕ ਮੈਂਬਰਾਂ ਨੂੰ ਦੇਖ ਕੇ ਪਾਠ ਬੋਲਦੀ ਰਹਿੰਦੀ ਸੀ। ਇਸ ਤੋਂ ਬਾਅਦ ਅਨਾਇਆ ਦੀ ਦਾਦੀ ਅਤੇ ਮਾਤਾ ਨੇ ਅਨਾਇਆ ਨੂੰ ਪੂਰਾ ਸ੍ਰੀ ਹਨੂੰਮਾਨ ਚਾਲੀਸਾ ਦਾ ਪਾਠ ਸਿਖਾਇਆ।
ਹੁਣ ਅਨਾਇਆ ਦੁਰਗਾ ਚਾਲੀਸਾ ਵੀ ਸਿੱਖ ਰਹੀ: ਲਵਿਸ਼ ਅਤੇ ਰੁਚੀ ਬਾਂਸਲ ਨੇ ਦੱਸਿਆ ਕਿ ਅਪਣੀ ਧੀ ਅਨਾਇਆ ਦਾ ਨਾਮ ਰਿਕਾਰਡ ਲਈ ਭੇਜਿਆ ਅਤੇ ਅਨਾਇਆ ਨੇ ਇਹ ਰਿਕਾਰਡ ਆਪਣੇ ਨਾਮ ਦਰਜ ਕਰਵਾ ਲਿਆ ਹੈ। ਇਸ ਤੋਂ ਬਾਅਦ ਸਾਡੇ ਪਰਿਵਾਰ ਵਿੱਚ ਬਹੁਤ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਅਨਾਇਆ ਅਜੇ ਪਲੇ ਵੇ ਸਕੂਲ ਵਿੱਚ ਪੜ੍ਹਨ ਜਾ ਰਹੀ ਹੈ। ਇਸ ਉਮਰ ਵਿੱਚ ਬੱਚੇ ਏਬੀਸੀ ਵੀ ਨਹੀਂ ਸਿਖਦੇ, ਜਦਕਿ ਅਨਾਇਆ ਨੇ ਪੂਰਾ ਸ੍ਰੀ ਹਨੂੰਮਾਨ ਸਿੱਖ ਲਿਆ। ਉਨ੍ਹਾਂ ਕਿਹਾ ਕਿ ਅਨਾਇਆ ਅੱਗੇ ਸ੍ਰੀ ਗਣੇਸ਼ ਵੰਦਨਾ, ਹੋਰ ਭਜਨ ਤੇ ਪਾਠ ਪੂਜਾ ਵੀ ਸਿੱਖ ਰਹੀ ਹੈ। ਸਾਡੀ ਬੱਚੀ ਦੇ ਇਸ ਰਿਕਾਰਡ ਤੋਂ ਬਾਅਦ ਸ਼ਹਿਰ ਵਿੱਚ ਅਲੱਗ ਅਲੱਗ ਸੰਸਥਾਵਾਂ ਵਲੋਂ ਸਨਮਾਨਿਤ ਕੀਤਾ ਜਾ ਰਿਹਾ ਹੈ, ਜੋ ਪੂਰੇ ਪਰਿਵਾਰ ਲਈ ਖੁਸ਼ੀ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਸਾਡੀ ਇੱਛਾ ਹੈ ਕਿ ਪੰਜ ਸਾਲ ਤੋਂ ਪਹਿਲਾਂ ਹੀ ਅਨਾਇਆ ਨੂੰ ਸ੍ਰੀ ਦੁਰਗਾ ਚਾਲੀਸਾ ਵੀ ਸਿਖਾਉਣਾ ਚਾਹੁੰਦੇ ਹਾਂ।