ਬਰਨਾਲਾ: ਸ਼ਹਿਰ ਵਿੱਚ ਚੋਰਾਂ ਦੇ ਹੌਂਸਲੇ ਬੁਲੰਦ ਹਨ, ਬੀਤੀ ਰਾਤ ਚੋਰਾਂ ਨੇ ਸ਼ਹਿਰ ਦੀ ਪੁਲਿਸ ਪਹਿਰੇ ਵਾਲੀ ਡੀਸੀ ਕੰਪਲੈਕਸ ਵਿੱਚ ਚੋਰੀ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ। ਡੀ.ਸੀ. ਅਤੇ ਐੱਸ.ਐੱਸ.ਪੀ. ਦਫ਼ਤਰ ਦੀ ਬਿਲਕੁਲ ਨਾਲ ਵਾਲੀ ਸੇਵਾ ਕੇਂਦਰ ਦੀ ਇਮਾਰਤ ਵਿੱਚ ਬੜੇ ਆਰਾਮ ਨਾਲ ਚੋਰੀ ਕਰ ਚੋਰ ਫਰਾਰ ਹੋ ਗਏ। ਚੋਰ ਰਾਤ ਵੇਲੇ ਸੇਵਾ ਕੇਂਦਰ ਦੀ ਇਮਾਰਤ ਵਿੱਚ ਏਸੀ ਦੀ ਖਿੜਕੀ ਦੇ ਰਸਤੇ ਦਾਖ਼ਲ ਹੋਏ ਅਤੇ ਸੇਵਾ ਕੇਂਦਰ ਵਿੱਚ ਲੱਗੀ ਨਕਦੀ ਦੀ ਤਿਜ਼ੋਰੀ ਤੋੜਨ ਦੀ ਕੋਸ਼ਿਸ਼ ਕੀਤੀ ਗਈ। ਜਿਸ ਵਿੱਚ ਨਾਕਾਮ ਰਹਿਣ ’ਤੇ ਚੋਰਾਂ ਵੱਲੋਂ ਕੰਪਿਊਟਰ ਦੀਆਂ 4 ਐੱਲ.ਈ.ਡੀ. ਅਤੇ ਇੱਕ ਆਧਾਰ ਕਾਰਡ ਵਾਲੀ ਕਿੱਟ ਲੈ ਫ਼ਰਾਰ ਹੋ ਗਏ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਪੁਲਿਸ ਨੇ ਇਸ ਮਾਮਲੇ ਵਿੱਚ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੇਵਾ ਕੇਂਦਰ ਦੇ ਮੈਨੇਜਰ ਰਮਨਦੀਪ ਸਿੰਘ ਨੇ ਦੱਸਿਆ ਕਿ ਸਵੇਰ ਸਮੇਂ ਸਕਿਉਰਟੀ ਗਾਰਡ ਨੇ ਉਹਨਾਂ ਨੂੰ ਦੱਸਿਆ ਕਿ ਸੇਵਾ ਕੇਂਦਰ ਵਿੱਚ ਚੋਰੀ ਹੋਈ ਹੈ। ਜਿਸਦੇ ਬਾਅਦ ਉਹਨਾਂ ਵੱਲੋਂ ਪੁਲਿਸ ਨੂੰ ਇਸ ਘਟਨਾ ਦੀ ਸੂਚਨਾ ਦਿੱਤੀ ਗਈ। ਇਹ ਘਟਨਾ ਸੀਸੀਟੀਵੀ ਵਿੱਚ ਕੈਦ ਹੋਈ ਹੈ। ਜਿਸ ਵਿੱਚ ਚੋਰ ਵਲੋਂ ਚੋਰੀ ਕਰਨ ਦੀ ਘਟਨਾ ਸਾਫ਼ ਤੌਰ ’ਤੇ ਦਿਖਾਈ ਦੇ ਰਹੀ ਹੈ।
ਉਧਰ ਇਸ ਸਬੰਧੀ ਜਾਂਚ ਅਧਿਕਾਰੀ ਐੱਸਐੱਚਓ ਗੁਰਮੇਲ ਸਿੰਘ ਨੇ ਦੱਸਿਆ ਕਿ ਸੇਵਾ ਕੇਂਦਰ ਦੇ ਕਰਮਚਾਰੀਆਂ ਦੇ ਬਿਆਨ ਦੇ ਆਧਾਰ ’ਤੇ ਐਫ਼ਆਈਆਰ ਦਰਜ਼ ਕਰ ਲਈ ਗਈ ਹੈ। ਸੀਸੀਟੀਵੀ ਕੈਮਰੇ ਦੀ ਫ਼ੁਟੇਜ਼ ਦੇ ਆਧਾਰ ’ਤੇ ਬਾਰੀਕੀ ਨਾਲ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਚੋਰ ਨੂੰ ਕਾਬੂ ਕਰ ਲਿਆ ਜਾਵੇਗਾ।