ਬਰਨਾਲਾ: ਜਿਲ੍ਹੇ ਦੇ ਪਿੰਡ ਚੀਮਾ ਨੇੜੇ ਲੱਗੇ ਟੋਲ ਪਲਾਜ਼ਾ ਉਪਰ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੀ ਵੱਡੀ ਜਿੱਤ ਹੋਈ ਹੈ। ਕਿਸਾਨ ਜੱਥੇਬੰਦੀ ਦੇ ਸੰਘਰਸ਼ ਸਦਕਾ ਸਾਢੇ 9 ਮਹੀਨੇ ਬਾਅਦ ਟੋਲ ਪੁਟਿਆ ਗਿਆ। ਕਿਸਾਨ ਜੱਥੇਬੰਦੀ ਦੇ ਸੰਘਰਸ਼ ਸਦਕਾ ਜਿਲ੍ਹਾ ਪ੍ਰਸ਼ਾਸ਼ਨ ਨੇ ਟੋਲ ਪਲਾਜ਼ਾ ਨੂੰ ਬੰਦ ਕਰਨ ਦੇ ਹੁਕਮ ਦਿੱਤੇ ਹਨ। ਜਿਸ ਤਹਿਤ ਅੱਜ ਟੋਲ ਕੰਪਨੀ ਵੱਲੋਂ ਟੋਲ ਪਲਾਜ਼ਾ ਉਪਰ ਬਣੇ ਪਰਚੀ ਕਾਊਂਟਰ ਜੇਸੀਬੀ ਦੀ ਮੱਦਦ ਢਾਏ ਗਏ।
ਬੀਕੇਯੂ ਡਕੌਂਦਾ ਵੱਲੋਂ ਜੇਤੂ ਇਕੱਠ: ਅੱਜ ਟੋਲ ਪਲਾਜ਼ਾ ਉਪਰ ਲੱਗੇ ਪੱਕੇ ਮੋਰਚੇ ਦੇ 285ਵੇਂ ਦਿਨ ਬੀਕੇਯੂ ਡਕੌਂਦਾ ਵੱਲੋਂ ਜੇਤੂ ਇਕੱਠ ਵੀ ਕੀਤਾ ਗਿਆ। ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾ ਕੇ ਅੰਤਿਮ ਅਰਦਾਸ ਕੀਤੀ ਗਈ। ਜਿਸ ਉਪਰੰਤ ਧਰਨੇ ਦੀ ਸਮਾਪਤੀ ਦਾ ਐਲਾਨ ਕੀਤਾ ਗਿਆ। ਕਿਸਾਨ ਜੱਥੇਬੰਦੀ ਵੱਲੋਂ ਟੋਲ ਪਲਾਜ਼ਾ ਹਟਾਏ ਜਾਣ ਨੂੰ ਜੱਥੇਬੰਦੀ ਦੀ ਵੱਡੀ ਜਿੱਤ ਕਿਹਾ ਜਾ ਰਿਹਾ ਹੈ। ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ ਨੇ ਕਿਹਾ ਕਿ ਆਮ ਲੋਕਾਂ ਦੀ ਵੱਡੀ ਲੁੱਟ ਬੰਦ ਕਰਵਾਈ ਗਈ ਹੈ।
ਪੱਕਾ ਮੋਰਚਾ ਲਗਾਇਆ: ਇਸ ਮੌਕੇ ਵਿਸਥਾਰ ਵਿੱਚ ਗੱਲਬਾਤ ਕਰਦਿਆਂ ਸੂਬਾ ਪ੍ਰਧਾਨ ਬੂਟਾ ਸਿੰਘ ਬੁਰਜ਼ਗਿੱਲ, ਦਰਸ਼ਨ ਸਿੰਘ ਉਗੋਕੇ ਅਤੇ ਬਲਵੰਤ ਸਿੰਘ ਚੀਮਾ ਨੇ ਕਿਹਾ ਕਿ ਉਹਨਾਂ ਦੀ ਜੱਥੇਬੰਦੀ ਬੀਕੇਯੂ ਡਕੌਂਦਾ ਵੱਲੋਂ ਬਰਨਾਲਾ ਤੋਂ ਮੋਗਾ ਅਤੇ ਫ਼ਰੀਦਕੋਟ ਨੂੰ ਜਾਂਦੀ ਸੜਕ ਉਪਰ ਲਗਾਏ ਟੋਲ ਪਲਾਜ਼ਾ ਦੀ ਲੁੱਟ ਬੰਦ ਕਰਵਾਉਣ ਲਈ ਪੱਕਾ ਮੋਰਚਾ ਲਗਾਇਆ ਗਿਆ ਸੀ। ਕਿਸਾਨ ਜੱਥੇਬੰਦੀ ਦੇ ਸੰਘਰਸ਼ ਦੀ ਅੱਜ ਵੱਡੀ ਜਿੱਤ ਹੋਈ ਹੈ। ਕਰੀਬ ਸਾਢੇ 9 ਮਹੀਨੇ ਬਾਅਦ ਸੰਘਰਸ਼ ਸਦਕਾ ਪ੍ਰਸ਼ਾਸ਼ਨ ਨੇ ਇਸ ਟੋਲ ਪਲਾਜ਼ਾ ਨੂੰ ਬੰਦ ਕਰਨ ਦਾ ਹੁਕਮ ਦਿੱਤਾ ਹੈ।
9 ਮਹੀਨੇ ਜਥੇਬੰਦੀ ਨੇ ਲਗਾਇਆ ਧਰਨਾ: ਉਹਨਾਂ ਕਿਹਾ ਕਿ ਬਹੁਤੇ ਲੋਕਾਂ ਦਾ ਮੰਨਣਾ ਸੀ ਕਿ ਇਹ ਟੋਲ ਬੰਦ ਨਹੀਂ ਹੋਵੇਗੀ ਪਰ ਜੱਥੇਬੰਦੀ ਆਪਣੇ ਸੰਘਰਸ਼ 'ਤੇ ਡਟੀ ਰਹੀ। ਜਿਸ ਦੇ ਕਾਰਨ ਅੱਜ ਟੋਲ ਪੁਟਿਆ ਗਿਆ ਹੈ ਉਹਨਾਂ ਕਿਹਾ ਕਿ ਇਸ ਟੋਲ ਨੂੰ ਬੰਦ ਕਰਵਾਉਣ ਦਾ ਮੁੱਖ ਕਾਰਨ ਇਹ ਹੈ ਕਿ ਟੋਲ ਪਲਾਜ਼ਾ ਸਿਰਫ਼ ਨੈਸ਼ਨਲ ਹਾਈਵੇ ਉਪਰ ਹੀ ਲਗਾਇਆ ਜਾ ਸਕਦਾ ਹੈ। ਜਦ ਕਿ ਚਲਾਕੀ ਨਾਲ ਲੋਕਾਂ ਦੀ ਲੁੱਟ ਕਰਨ ਲਈ ਬਰਨਾਲਾ ਫ਼ਰੀਦਕੋਟ ਸਟੇਟ ਹਾਈਵੇ ਨੂੰ ਇਸ ਟੋਲ ਪਲਾਜ਼ੇ ਅਧੀਨ ਕਰ ਲਿਆ ਗਿਆ। ਲੋਕਾਂ ਤੋਂ ਟੋਲ ਪਰਚੀ ਕੱਟੀ ਜਾਣ ਲੱਗੀ। ਜਿਸ ਕਰਕੇ ਸਾਢੇ 9 ਮਹੀਨੇ ਪਹਿਲਾਂ ਜੱਥੇਬੰਦੀ ਨੇ ਇਸ ਟੋਲ ਉਪਰ ਧਰਨਾ ਲਗਾ ਕੇ ਇਸ ਨੂੰ ਪਰਚੀ ਮੁਕਤ ਕਰ ਦਿੱਤਾ ਸੀ।
ਜੇਸੀਬੀ ਨਾਲ ਟੋਲ ਕਾਊਂਟਰ ਢਾਹੇ: ਅੱਜ ਟੋਲ ਕੰਪਨੀ ਵੱਲੋਂ ਜਿਸ ਤਰ੍ਹਾਂ ਪਰਚੀ ਕਾਊਂਟਰ ਬਣਾਏ ਗਏ ਸਨ ਉਥੇ ਤਰ੍ਹਾਂ ਖੁ਼ਦ ਜੇਸੀਬੀ ਨਾਲ ਟੋਲ ਕਾਊਂਟਰ ਢਾਹੇ ਗਏ ਹਨ। ਉਹਨਾਂ ਇਸ ਨੂੰ ਆਮ ਲੋਕਾਂ ਦੀ ਵੱਡੀ ਜਿੱਤ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਟੋਲ ਪਲਾਜ਼ੇ ਉਪਰ ਅੱਜ ਜੱਥੇਬੰਦੀ ਵੱਲੋਂ ਵੱਡਾ ਜੇਤੂ ਇਕੱਠ ਸੱਦਿਆ ਗਿਆ ਹੈ। ਸਵੇਰ ਸਮੇਂ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਹਨ। ਉਹਨਾਂ ਕਿਹਾ ਕਿ ਟੌਲ ਪਲਾਜ਼ਾ ਤੋਂ ਅੱਜ ਧਰਨੇ ਦੀ ਸਮਾਪਤੀ ਕੀਤੀ ਗਈ ਹੈ। ਉਥੇ ਉਹਨਾਂ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਵੀ ਇਸ ਤਰ੍ਹਾਂ ਦੇ ਨਜਾਇਜ਼ ਟੋਲ ਪਲਾਜ਼ੇ ਲੱਗੇ ਹਨ। ਉਹਨਾਂ ਵਿਰੁੱਧ ਵੀ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ।