ਬਰਨਾਲਾ : ਪੰਜਾਬ ਸਰਕਾਰ ਦੁਆਰਾ ਬਿਜਲੀ ਚੋਰੀ ਨੂੰ ਰੋਕਣ ਲਈ ਬਿਜਲੀ ਮੁਲਾਜ਼ਮਾਂ ਵੱਲੋਂ ਵੱਖ ਵੱਖ ਥਾਵਾਂ ਤੇ ਘਰਾਂ ਅਤੇ ਮੁਹੱਲਿਆਂ ਵਿਚ ਛਾਪੇਮਾਰੀ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਤਕਰੀਬਨ ਹਰ ਮੁਹੱਲੇ ਵਿੱਚੋਂ ਦੋ-ਚਾਰ ਘਰਾਂ ਵਿਚ ਬਿਜਲੀ ਚੋਰੀ ਨੂੰ ਲੈ ਕੇ ਕੇਸ ਦਰਜ ਕੀਤੇ ਜਾ ਰਹੇ ਹਨ। ਭਦੌੜ ਵਿਖੇ ਵੀ ਬਿਜਲੀ ਮੁਲਾਜ਼ਮਾਂ ਵੱਲੋਂ ਉੱਚ ਅਧਿਕਾਰੀਆਂ ਨੂੰ ਨਾਲ ਲੈ ਕੇ ਪਿਛਲੇ ਦਿਨੀਂ ਛਾਪੇਮਾਰੀ ਕੀਤੀ ਜਾ ਰਹੀ ਹੈ। ਅੱਜ ਸਵੇਰੇ ਜਿਉਂ ਹੀ ਬਿਜਲੀ ਮੁਲਾਜ਼ਮ ਆਪਣੇ ਅਧਿਕਾਰੀਆਂ ਨਾਲ ਮੁਹੱਲਾ ਢੀਂਡਸਾ ਵਿਖੇ ਪਹੁੰਚੇ।
ਲੋਕਾਂ ਨੇ ਉਨ੍ਹਾਂ ਦਾ ਘਿਰਾਓ ਕਰਕੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਅਤੇ ਉਨ੍ਹਾਂ ਨੂੰ ਬੰਦੀ ਬਣਾ ਲਿਆ ਜਿਸ ਤੋਂ ਬਾਅਦ ਉਨ੍ਹਾਂ ਦੀ ਵੀਡੀਓ ਲੋਕਾਂ ਨੇ ਸੋਸ਼ਲ ਮੀਡੀਆ 'ਤੇ ਵਾਇਰਲ ਕਰ ਦਿੱਤੀ ਅਤੇ ਅੱਗੇ ਤੋਂ ਚੈਕਿੰਗ ਨਾ ਕਰਨ ਦਾ ਵਿਸ਼ਵਾਸ ਦੇਣ ਤੋਂ ਬਾਅਦ ਬਿਜਲੀ ਮੁਲਾਜ਼ਮਾਂ ਨੂੰ ਛੱਡ ਦਿੱਤਾ। ਇਸ ਮੌਕੇ ਘਿਰਾਓ ਕਰਨ ਵਾਲੇ ਕਿਸਾਨ ਯੂਨੀਅਨ ਏਕਤਾ ਡਕੌਂਦਾ ਦੇ ਆਗੂ ਵਜ਼ੀਰ ਸਿੰਘ ਨੇ ਕਿਹਾ ਕਿ ਆਮ ਆਦਮੀ ਪਾਰਟੀ ਇੱਕ ਪਾਸੇ ਤਾਂ ਫਰੀ ਬਿਜਲੀ ਦੇਣ ਦਾ ਮੁੱਦਾ ਲੈ ਕੇ ਸਰਕਾਰ ਬਣਾ ਚੁੱਕੀ ਹੈ ਅਤੇ ਦੂਜੇ ਪਾਸੇ ਸਰਕਾਰ ਬਣਨ ਤੋਂ ਬਾਅਦ ਇਨ੍ਹਾਂ ਤੇ ਸ਼ਰਤਾਂ ਲਗਾ ਦਿੱਤੀਆਂ ਹਨ।
ਜੋ ਕਿ ਪੰਜਾਬੀਆਂ ਨਾਲ ਇਕ ਸਰਾਸਰ ਧੱਕਾ ਹੈ ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸ਼ਰਤਾਂ ਹੀ ਲਗਾਉਣੀਆਂ ਸਨ ਤਾਂ ਵੋਟਾਂ ਤੋਂ ਪਹਿਲਾਂ ਲਗਾਈਆਂ ਜਾਂਦੀਆਂ ਪਰ ਸਰਕਾਰ ਬਣਨ ਤੋਂ ਬਾਅਦ ਬਿਜਲੀ ਮੁਆਫ਼ੀ 'ਤੇ ਸ਼ਰਤਾਂ ਲਗਾਉਣੀਆਂ ਪੰਜਾਬੀਆਂ ਨਾਲ ਕੋਝਾ ਮਜ਼ਾਕ ਹੈ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਖੁਦ ਹੀ ਬਿਜਲੀ ਚੋਰੀ ਕਰਨ ਲਈ ਲੋਕਾਂ ਨੂੰ ਉਤਸ਼ਾਹਿਤ ਕਰ ਰਹੀ ਹੈ ਕਿਉਂਕਿ 600 ਯੂਨਿਟ ਤੋਂ ਇਕ ਯੂਨਿਟ ਵੀ ਵੱਧ ਮੱਚਣ ਤੇ ਖ਼ਪਤਕਾਰ ਤੋਂ ਪੰਜਾਬ ਸਰਕਾਰ ਪੂਰੇ ਪੈਸੇ ਵਸੂਲ ਕਰੇਗੀ।
ਖ਼ਪਤਕਾਰ ਵੀ 601 ਯੂਨਿਟ ਨਾਂ ਹੋਣ ਦੇਣ ਲਈ ਕੁੰਡੀ ਲਗਾ ਕੇ 600 ਯੂਨਿਟ ਤੋਂ ਘੱਟ ਯੂਨਿਟਾਂ ਮਚਾਉਣ ਦੀ ਕੋਸ਼ਿਸ਼ ਕਰੇਗਾ ਉਨ੍ਹਾਂ ਕਿਹਾ ਕਿ ਸਰਕਾਰ ਨੇ ਜੇਕਰ ਬਿਜਲੀ 'ਤੇ ਪੰਜਾਬੀਆਂ ਨੂੰ ਛੋਟ ਦੇਣੀ ਹੀ ਹੈ ਤਾਂ ਯੂਨਿਟਾਂ ਦਾ ਰੇਟ ਘਟਾਏ ਤਾਂ ਜੋ ਬਿਜਲੀ ਚੋਰੀ ਰੁਕ ਸਕੇ। ਉਨ੍ਹਾਂ ਕਿਹਾ ਕਿ ਬਿਜਲੀ ਮੁਲਾਜ਼ਮ ਸਰਕਾਰੀ ਦਫ਼ਤਰਾਂ ਕਾਰਖਾਨਿਆਂ ਸ਼ੈਲਰਾਂ 'ਚ ਨਹੀਂ ਜਾ ਰਹੇ ਜਿੱਥੇ ਲੱਖਾਂ ਰੁਪਏ ਦੀ ਚੋਰੀ ਹੋ ਰਹੀ ਪਰੰਤੂ ਪਹਿਲਾਂ ਤੋਂ ਹੀ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਕਿਸਾਨਾਂ ਮਜ਼ਦੂਰਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ।
ਜਿਸ ਨੂੰ ਉਹ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਵੀ ਜੇਕਰ ਕੋਈ ਵੀ ਬਿਜਲੀ ਮੁਲਾਜ਼ਮ ਘਰਾਂ ਵਿੱਚ ਚੈਕਿੰਗ ਕਰਨ ਆਉਂਦਾ ਹੈ ਤਾਂ ਉਸ ਨੂੰ ਬੰਦੀ ਬਣਾਇਆ ਜਾਵੇਗਾ। ਅਤੇ ਪੰਜਾਬ ਸਰਕਾਰ ਵੱਲੋਂ ਚੋਣਾਂ ਤੋਂ ਪਹਿਲਾਂ ਕਿਹਾ ਗਿਆ ਸੀ ਕਿ ਪੰਜਾਬ ਵਿੱਚ ਹਰ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਉਨ੍ਹਾਂ ਦੇ ਬੇਰੁਜ਼ਗਾਰ ਨੌਜਵਾਨਾਂ ਨੂੰ ਸਰਕਾਰ ਵੱਲੋਂ ਰੁਜ਼ਗਾਰ ਦੇ ਦਿੱਤਾ ਜਾਵੇਗਾ ਉਦੋਂ ਉਹ ਇਨ੍ਹਾਂ ਮੁਲਾਜਮਾਂ ਦਾ ਵਿਰੋਧ ਨਹੀਂ ਕਰਨਗੇ।
ਉੱਥੇ ਹੀ ਮੌਜੂਦ ਇਕ ਹੋਰ ਕਿਸਾਨ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਸ਼ਰ੍ਹੇਆਮ ਧੱਕਾ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਸਰਕਾਰ ਚੋਣਾਂ ਤੋਂ ਪਹਿਲਾਂ ਵਾਲੇ ਆਪਣੇ ਸਟੈਂਡ ਤੇ ਕਾਇਮ ਰਹੇ ਅਤੇ ਜੇਕਰ ਉਹ ਆਪਣੇ ਚੋਣਾਂ ਮੌਕੇ ਕੀਤੇ ਵਾਅਦੇ ਅਨੁਸਾਰ ਨਹੀਂ ਖਰੀ ਉੱਤਰਦੀ ਤਾਂ ਉਨ੍ਹਾਂ ਵੱਲੋਂ ਇਸੇ ਤਰ੍ਹਾਂ ਹੀ ਸਰਕਾਰੀ ਮੁਲਾਜ਼ਮਾਂ ਦੇ ਘਿਰਾਓ ਕੀਤੇ ਜਾਣਗੇ ਅਤੇ ਆਉਣ ਵਾਲੇ ਦਿਨਾਂ ਵਿੱਚ ਜੇਕਰ ਦੁਬਾਰਾ ਇਹੀ ਮੁਲਾਜ਼ਮ ਆਉਂਦੇ ਹਨ ਤਾਂ ਉਨ੍ਹਾਂ ਨੂੰ ਬੰਦੀ ਵੀ ਬਣਾਇਆ ਜਾਵੇਗਾ।
ਉਨ੍ਹਾਂ ਕਿਹਾ ਕਿ ਅੱਜ ਇਹ ਜੋ ਮੁਲਾਜ਼ਮ ਸਵੇਰੇ ਚੈਕਿੰਗ ਕਰਨ ਆਏ ਸਨ ਉਨ੍ਹਾਂ ਨੂੰ ਵੀ ਇਹ ਅਲਟੀਮੇਟਮ ਦੇ ਕੇ ਛੱਡਿਆ ਗਿਆ ਹੈ ਕਿ ਜੇਕਰ ਉਹ ਦੁਬਾਰਾ ਆਉਣਗੇ ਤਾਂ ਉਨ੍ਹਾਂ ਨੂੰ ਛੱਡਿਆ ਨਹੀਂ ਜਾਵੇਗਾ। ਅਸੀਂ ਉਦੋਂ ਤਕ ਕਿਸੇ ਵੀ ਅਧਿਕਾਰੀ ਨੂੰ ਮੀਟਰ ਆਦਿ ਦੀ ਚੈਕਿੰਗ ਨਹੀਂ ਕਰਨ ਦੇਵਾਂਗੇ ਜਦੋਂ ਤੱਕ ਸਰਕਾਰ ਕੋਈ ਠੋਸ ਫੈਸਲਾ ਨਹੀਂ ਲੈ ਲੈਂਦੀ। ਉਨ੍ਹਾਂ ਕਿਹਾ ਕਿ ਅੱਜ ਬਿਜਲੀ ਮੁਲਾਜ਼ਮਾਂ ਨਾਲ ਸਿਵਲ ਕੱਪੜਿਆਂ ਵਿੱਚ ਪੁਲਿਸ ਮੁਲਾਜ਼ਮ ਵੀ ਸਨ ਜੋ ਲੋਕਾਂ ਦੇ ਰੋਹ ਅੱਗੇ ਝੁਕਣ ਲਈ ਮਜਬੂਰ ਹੋ ਗਏ।
ਇਹ ਵੀ ਪੜ੍ਹੋ:- ਪੰਜਾਬ ਚ ਪੈਰਾਮਿਲਟਰੀ ਦੀਆਂ 10 ਹੋਰ ਕੰਪਨੀਆਂ ਕੀਤੀਆਂ ਜਾਣਗੀਆਂ ਤਾਇਨਾਤ