ਬਰਨਾਲਾ: ਆਂਗਣਵਾੜੀ ਕੇਂਦਰ ਵਿੱਚ ਬੱਚਿਆਂ ਲਈ ਖ਼ਰਾਬ ਰਾਸ਼ਨ ਦਾ ਮਾਮਲਾ ਸਾਹਮਣੇ ਆਇਆ ਹੈ। ਬੱਚਿਆਂ ਲਈ ਭੇਜੇ ਗਏ ਰਾਸ਼ਨ ਆਟੇ ਅਤੇ ਦਲੀਏ ਵਿੱਚ ਸੁਸਰੀ ਅਤੇ ਸੁੰਡੀ ਪੈਣ ਦੀ ਲੋਕਾਂ ਵੱਲੋਂ ਸ਼ਿਕਾਇਤ ਕੀਤੀ ਗਈ। ਬੱਚਿਆਂ ਦੇ ਮਾਪਿਆਂ ਨੇ ਸਰਕਾਰ ਉੱਤੇ ਮਾੜਾ ਰਾਸ਼ਨ ਭੇਜਣ ਦੇ ਇਲਜ਼ਾਮ ਲਗਾਏ ਹਨ। ਲੋਕਾਂ ਅਨੁਸਾਰ ਲਗਾਤਾਰ ਖ਼ਰਾਬ ਰਾਸ਼ਨ ਭੇਜਿਆ ਜਾ ਰਿਹਾ ਹੈ ਅਤੇ ਸ਼ਿਕਾਇਤ ਕਰਨ ਦੇ ਬਾਵਜੂਦ ਰਾਸ਼ਨ ਵਿੱਚ ਸੁਧਾਰ ਨਹੀਂ ਕੀਤਾ ਗਿਆ। ਲੋਕਾਂ ਦੀ ਸ਼ਿਕਾਇਤ ਤੋਂ ਬਾਅਦ ਮਾਰਕਫ਼ੈਡ ਦੇ ਅਧਿਕਾਰੀ ਰਾਸ਼ਨ ਦੀ ਜਾਂਚ (Ration check) ਲਈ ਪਹੁੰਚੇ।
ਰਾਸ਼ਨ ਵਿੱਚ ਸੁਸਰੀ ਅਤੇ ਸੁੰਡੀਆਂ: ਇਸ ਸਬੰਧੀ ਲੋਕਾਂ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਮਾਤਾ ਗੁਜਰੀ ਨਗਰ ਦੇ ਆਂਗਣਵਾੜੀ ਕੇਂਦਰ (Anganwadi center of Mata Gujri Nagar) ਵਿੱਚ ਭੇਜਿਆ ਜਾ ਰਿਹਾ ਰਾਸ਼ਨ ਬੇਹੱਦ ਮਾੜਾ ਹੁੰਦਾ ਹੈ। ਇਸ ਰਾਸ਼ਨ ਵਿੱਚ ਸੁਸਰੀਆਂ ਅਤੇ ਸੁੰਡੀਆਂ ਆ ਰਹੀਆਂ ਹਨ। ਇਹ ਰਾਸ਼ਨ ਅੱਗੇ ਬੱਚਿਆਂ ਲਈ ਵਰਤਿਆ ਜਾਂਦਾ ਹੈ। ਜਿਸ ਕਰਕੇ ਇਹ ਇੱਕ ਗੰਭੀਰ ਮਸਲਾ ਹੈ। ਉਹਨਾਂ ਦੱਸਿਆ ਕਿ ਆਟੇ ਅਤੇ ਦਲੀਏ ਵਿੱਚ ਲਗਾਤਾਰ ਸੁਸਰੀ ਪਾਈ ਜਾ ਰਹੀ ਹੈ। ਇਸ ਤੋਂ ਇਲਾਵਾ ਬੜੀਆਂ ਵਿੱਚੋਂ ਬਹੁਤ ਗੰਦੀ ਬਦਬੂ ਆ ਰਹੀ ਸੀ।
ਬੱਚਿਆਂ ਦੀ ਸਿਹਤ ਨਾਲ ਖਿਲਵਾੜ: ਇਹ ਰਾਸ਼ਨ ਆਖਿਰ ਵਿੱਚ ਸੁੱਟਣਾ ਹੀ ਪੈਂਦਾ ਹੈ। ਜੇਕਰ ਇਸੇ ਤਰ੍ਹਾਂ ਦਾ ਖਾਣਾ ਆਉਂਦਾ ਰਿਹਾ ਤਾਂ ਬੱਚਿਆਂ ਦੀ ਸਿਹਤ ਨਾਲ ਖਿਲਵਾੜ ਹੋਵੇਗਾ। ਉਹਨਾਂ ਕਿਹਾ ਕਿ ਜੇਕਰ ਇਸ ਤਰ੍ਹਾਂ ਦਾ ਖਾਣਾ ਹੀ ਬੱਚਿਆਂ ਨੂੰ ਦੇਣਾ ਹੈ ਤਾਂ ਸਰਕਾਰ ਇਸ ਨੂੰ ਬੰਦ ਕਰ ਦੇਵੇ। ਬੱਚਿਆਂ ਦੀ ਸਿਹਤ ਬਣਾਉਣ ਦੀ ਥਾਂ ਉਨ੍ਹਾਂ ਨੂੰ ਬਿਮਾਰ ਕੀਤਾ ਜਾ ਰਿਹਾ ਹੈ। ਲੋਕਾਂ ਨੇ ਕਿਹਾ ਕਿ ਕਈ ਵਾਰ ਇਸ ਬਾਰੇ ਕਿਹਾ ਗਿਆ ਹੈ ਪਰ ਇਸ ਦੇ ਬਾਵਜੂਦ ਕੋਈ ਸੁਧਾਰ ਨਹੀਂ ਕੀਤਾ ਗਿਆ। ਉਹਨਾਂ ਕਿਹਾ ਕਿ ਜੇਕਰ ਅੱਗੇ ਤੋਂ ਇਸ ਤਰ੍ਹਾਂ ਦਾ ਰਾਸ਼ਨ ਆਇਆ ਤਾਂ ਉਹ ਰਾਸ਼ਨ ਨਹੀਂ ਲੈਣਗੇ।
- Murder in Ropar: ਦੋ ਧਿਰਾਂ ਦੇ ਝਗੜੇ ਨੇ ਧਾਰਿਆ ਖੂਨੀ ਰੂਪ, ਇੱਕ ਨੌਜਵਾਨ ਦਾ ਹੋਇਆ ਕਤਲ, ਪੁਲਿਸ ਨੇ ਤਿੰਨ ਮੁਲਜ਼ਮ ਕੀਤੇ ਗ੍ਰਿਫ਼ਤਾਰ
- Canada Advise Pannu: ਕੈਨੇਡਾ ਦੇ ਰੱਖਿਆ ਮੰਤਰੀ ਨੇ ਖਾਲਿਸਤਾਨੀ ਗੁਰਪਤਵੰਤ ਪੰਨੂ ਨੂੰ ਦਿੱਤੀ ਨਸੀਹਤ, ਕਿਹਾ-ਇੱਥੇ ਨਫਰਤ ਫੈਲਾਉਣ ਵਾਲਿਆਂ ਲਈ ਨਹੀਂ ਕੋਈ ਥਾਂ
- India VS Australia First ODI Match: ਮੋਹਾਲੀ ਵਨਡੇ ਵਿੱਚ ਭਾਰਤ ਦੀ ਜਿੱਤ, 5 ਵਿਕਟਾਂ ਨਾਲ ਭਾਰਤ ਨੇ ਜਿੱਤਿਆ ਮੈਚ
ਜਾਂਚ ਦਾ ਭਰੋਸਾ: ਇਸ ਮੌਕੇ ਖ਼ਰਾਬ ਰਾਸ਼ਨ ਦੇ ਸੈਂਪਲ ਲੈਣ ਪੁੱਜੇ ਫ਼ੂਡ ਸਪਲਾਈ ਵਿਭਾਗ (Food Supply Department) ਦੇ ਅਧਿਕਾਰੀ ਸਾਹਿਲ ਕੁਮਾਰ ਨੇ ਕਿਹਾ ਕਿ ਮਾਤਾ ਗੁਜਰੀ ਨਗਰ ਦੇ ਆਂਗਣਵਾੜੀ ਸੈਂਟਰ ਵਿੱਚ ਖ਼ਰਾਬ ਰਾਸ਼ਨ ਦੀ ਸ਼ਿਕਾਇਤ ਮਿਲੀ ਸੀ। ਆਟੇ ਵਿੱਚ ਸੁਸਰੀ ਅਤੇ ਦਲੀਏ ਵਿੱਚ ਸੁੰਡੀ ਮਿਲੀ ਹੈ। ਜਿਸ ਦੇ ਸੈਂਪਲ ਲਏ ਗਏ ਹਨ। ਰਾਸ਼ਨ ਲੈਣ ਵਾਲੇ ਬੱਚਿਆਂ ਦੇ ਮਾਪਿਆਂ ਨੇ ਵੀ ਖ਼ਰਾਬ ਰਾਸ਼ਨ ਦੀ ਸ਼ਿਕਾਇਤ ਕੀਤੀ ਹੈ। ਇਸ ਦੀ ਜਾਂਚ ਕਰਕੇ ਮਸਲਾ ਹੱਲ ਕੀਤਾ ਜਾਵੇਗਾ।