ਭਦੌੜ (ਬਰਨਾਲਾ) : ਭਦੌੜ ਵਿਖੇ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿੱਚ ਬਾਰ੍ਹਵੀਂ ਜਮਾਤ ਦਾ ਪੇਪਰ ਸਮਾਪਤ ਹੋਣ ਤੋਂ ਬਾਅਦ ਕਾਲਜ ਵਿੱਚ ਕਾਫੀ ਹੰਗਾਮਾ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਅਨੁਸਾਰ ਭਦੌੜ ਦੇ ਇੱਕ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਦੇ ਪੇਪਰ ਲਏ ਜਾ ਰਹੇ ਸੀ ਅਤੇ ਪੇਪਰ ਤੋਂ ਬਾਅਦ ਵਿਦਿਆਰਥੀਆਂ ਦੀ ਕਿਸੇ ਗੱਲ ਨੂੰ ਲੈ ਕੇ ਤੂੰ-ਤੂੰ ਮੈਂ-ਮੈਂ ਸ਼ੁਰੂ ਹੋ ਗਈ। ਇਹ ਤੂੰ-ਤੂੰ ਮੈਂ-ਮੈਂ ਇੰਨੀ ਵੱਧ ਗਈ ਕਿ ਮੁੰਡਿਆਂ ਨੇ ਸਕੂਲ ਤੋਂ ਬਾਹਰੋਂ ਵੀ ਮੁੰਡੇ ਬੁਲਾ ਲਏ ਜੋ ਕਿ ਹਥਿਆਰਾਂ ਨਾਲ ਲੈਸ ਸਨ। ਜਿਨ੍ਹਾਂ ਨੇ ਇੱਕ ਲੜਕੇ ਉੱਤੇ ਗੰਡਾਸੀ ਨਾਲ ਹਮਲਾ ਕਰ ਦਿੱਤਾ। ਜੋ ਉੱਥੇ ਖੜ੍ਹੀ ਅਧਿਆਪਕ ਦੀ ਗੱਡੀ ਦੇ ਸ਼ੀਸ਼ੇ ਉੱਤੇ ਜਾ ਵੱਜੀ, ਜਿਸ ਨਾਲ ਅਧਿਆਪਕ ਦੀ ਗੱਡੀ ਦਾ ਸ਼ੀਸ਼ਾ ਟੁੱਟ ਗਿਆ ਅਤੇ ਉੱਥੇ ਇਕੱਠ ਹੋਣ ਕਾਰਨ ਝਗੜਾ ਕਰਨ ਵਾਲੇ ਵਿਦਿਆਰਥੀ ਅਤੇ ਬਾਹਰੋਂ ਆਏ ਨੌਜਵਾਨ ਉੱਥੋਂ ਤਿੱਤਰ ਹੋ ਗਏ।
ਇਸ ਤੋਂ ਬਾਅਦ ਉੱਥੇ ਇਕੱਠੇ ਹੋਏ ਕੁੱਝ ਨੌਜਵਾਨਾਂ ਨੇ ਇਨ੍ਹਾਂ ਹੜਦੁੰਗ ਮਚਾਉਣ ਵਾਲੇ ਨੌਜਵਾਨਾਂ ਦਾ ਪਿੱਛਾ ਕੀਤਾ ਤਾਂ ਦਾਣਾ ਮੰਡੀ ਕੋਲ ਉਹ ਨਹੀਂ ਥਿਆਏ ਅਤੇ ਭੱਜਣ ਲੱਗਿਆਂ ਦੀ ਗੰਡਾਸੀ ਉੱਥੇ ਡਿੱਗ ਪਈ ਜਿਸ ਨੂੰ ਨੌਜਵਾਨਾਂ ਵੱਲੋਂ ਪੁਲਸ ਬੁਲਾ ਕੇ ਉਨ੍ਹਾਂ ਦੇ ਸਪੁਰਦ ਕਰ ਦਿੱਤੀ ਗਈ ਸੀ। ਇਸ ਸੰਬੰਧੀ ਸੈਕੰਡਰੀ ਸਕੂਲ ਦੇ ਸਟਾਫ ਅਤੇ ਗੱਡੀ ਦਾ ਸ਼ੀਸ਼ਾ ਟੁੱਟਣ ਵਾਲੇ ਅਧਿਆਪਕ ਨੇ ਇੱਕ ਵਾਰ ਥਾਣਾ ਭਦੌੜ ਵਿਖੇ ਘਟਨਾ ਤੋਂ ਪੁਲਿਸ ਨੂੰ ਜਾਣੂ ਤਾਂ ਕਰਵਾ ਦਿੱਤਾ ਹੈ ਪਰ ਲਿਖਤੀ ਸ਼ਿਕਾਇਤ ਕੋਈ ਨਹੀਂ ਦਿੱਤੀ ਹੈ ਅਤੇ ਪੁਲਿਸ ਇਸ ਮਾਮਲੇ ਤੋਂ ਤਕਰੀਬਨ ਚੁੱਪ ਧਾਰ ਗਈ ਹੈ। ਅਧਿਆਪਕ ਦੀ ਟੁੱਟੀ ਗੱਡੀ ਦਾ ਸ਼ੀਸ਼ਾ ਉਨ੍ਹਾਂ ਨੇ ਤੁਰੰਤ ਹੀ ਨਵਾਂ ਪਵਾ ਲਿਆ ਅਤੇ ਕਿਸੇ ਵੀ ਕਾਰਵਾਈ ਤੋਂ ਪਾਸਾ ਵੱਟੀ ਰੱਖਿਆ।
ਹਾਲਾਂਕਿ ਸਮਾਜ ਸੇਵੀ ਕਲੱਬ ਇਸ ਨੂੰ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਉਨ੍ਹਾਂ ਦਾ ਕਹਿਣਾ ਹੈ ਕਿ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਦੇ ਕਾਰਨ ਹੀ ਇਸ ਤਰ੍ਹਾਂ ਦੇ ਹਾਦਸੇ ਹੋ ਰਹੇ ਹਨ ਅਤੇ ਕਈ ਕਲੱਬਾਂ ਵੱਲੋਂ ਤਾਂ ਕਈ ਵਾਰ ਪੁਲਿਸ ਨੂੰ ਕੁੜੀਆਂ ਦਾ ਸਕੂਲ ਲੱਗਣ ਅਤੇ ਛੁੱਟੀ ਵੇਲੇ ਹੜਦੁੰਗ ਮਚਾਉਂਦੇ ਨੌਜਵਾਨਾਂ ਸਬੰਧੀ ਅਤੇ ਤੇਜ਼ ਸਪੀਡ ਅਤੇ ਉੱਚੀ ਆਵਾਜ਼ ਦੇ ਪ੍ਰੈਸ਼ਰ ਹਾਰਨਾਂ ਸੰਬੰਧੀ ਮੰਡੀਹਰ ਕੁੜੀਆਂ ਨੂੰ ਤੰਗ ਕਰਨ ਬਾਰੇ ਦੱਸ ਚੁੱਕੇ ਹਨ। ਇਸ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਵੀ ਕਰ ਚੁੱਕੇ ਹਨ ਪਰ ਪਤਾ ਨਹੀਂ ਪੁਲੀਸ ਕੀ ਵੱਡਾ ਹਾਦਸਾ ਵੇਖਣ ਲਈ ਚੁੱਪ ਕੀਤੀ ਹੋਈ ਹੈ।
ਇਸ ਪੂਰੇ ਮਾਮਲੇ ਸਬੰਧੀ ਜਦੋਂ ਸਕੂਲ ਦੇ ਲੈਕਚਰਾਰ ਮਾਸਟਰ ਗੁਰਮੇਲ ਸਿੰਘ ਭੁਟਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਹ ਘਟਨਾ ਤਾਂ ਉਨ੍ਹਾਂ ਦੇ ਸਕੂਲ ਦੀ ਹੀ ਹੈ ਪਰ ਪਿਛਲੇ ਸਮੇਂ ਦੌਰਾਨ ਸਰਕਾਰ ਨੇ ਸਕੂਲਾਂ ਨੂੰ ਜਿੰਦਰੇ ਲਗਾ ਕੇ ਬੱਚਿਆਂ ਦੇ ਹੱਥਾਂ ਵਿਚ ਮੋਬਾਇਲ ਦੇਣ ਕਾਰਨ ਹੀ ਅੱਜ ਇਹ ਹਾਦਸਾ ਹੋ ਰਹੇ ਹਨ। ਬੱਚਿਆਂ ਦੇ ਮਾਪਿਆਂ ਅਤੇ ਸਮਾਜ ਦੇ ਕਹਿਣੇ ਤੋਂ ਬਾਹਰ ਚੱਲ ਰਹੇ ਹਨ ਅਤੇ ਅਧਿਆਪਕ ਵੀ ਬੱਚਿਆਂ ਨੂੰ ਕੁੱਟਣ ਤੋਂ ਗੁਰੇਜ਼ ਕਰ ਰਹੇ ਹਨ। ਉਨ੍ਹਾਂ ਮੰਨਿਆ ਕਿ ਜੇ ਪੁਲਿਸ ਦੇ ਇੱਥੇ ਪੇਪਰਾਂ ਕਾਰਨ ਦੋ ਮੁਲਾਜ਼ਮ ਵੀ ਤਾਇਨਾਤ ਕੀਤੇ ਜਾਂਦੇ ਤਾਂ ਹੋ ਸਕਦਾ ਇਹ ਹਾਦਸਾ ਟਲ ਜਾਂਦਾ ਹੈ।
ਇੱਥੇ ਲੜਾਈ ਨਾ ਹੁੰਦੀ ਅਤੇ ਹੋ ਸਕਦਾ ਲੜਾਈ ਸਕੂਲ ਤੋਂ ਬਾਹਰ ਹੋ ਜਾਂਦੀ ਪਰ ਇਹੋ ਜਿਹੀਆਂ ਘਟਨਾ ਸਮਾਜ ਲਈ ਮੰਦਭਾਗੀਆਂ ਹਨ। ਜੋ ਆਉਣ ਵਾਲੇ ਸਮੇਂ ਲਈ ਸਾਡੇ ਲਈ ਘਾਤਕ ਸਾਬਤ ਹੋਣਗੀਆਂ ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਸਕੂਲ ਦੇ ਅੰਦਰ ਬੱਚਿਆਂ ਦਾ ਭਵਿੱਖ ਬਣਾਉਣ ਲਈ ਲੋੜੀਂਦੇ ਕਦਮ ਚੁੱਕੇ ਜਾ ਰਹੇ ਹਨ ਅਤੇ ਮੋਟਰਸਾਈਕਲ ਬਗੈਰਾ ਵੀ ਬੱਚਿਆਂ ਨੂੰ ਲਿਆਉਣ ਤੋਂ ਰੋਕਿਆ ਜਾਂਦਾ ਹੈ। ਪੁਲਿਸ ਦਾ ਉੱਕਾ ਹੀ ਧਿਆਨ ਨਾ ਹੋਣ ਕਾਰਨ ਸਕੂਲ ਤੋਂ ਬਾਹਰ ਸੜਕਾਂ ਤੇ ਮੁੰਡੇ ਮੋਟਰਸਾਈਕਲਾਂ ਦੀਆਂ ਰੇਸਾਂ ਦੇ ਦੇ ਕੇ ਸਟੰਟ ਕਰਕੇ ਲੋਕਾਂ ਨੂੰ ਪਰੇਸ਼ਾਨ ਕਰਦੇ ਹਨ।
ਉਨ੍ਹਾਂ ਅੰਤ ਵਿਚ ਕਿਹਾ ਕਿ ਜੋ ਬੱਚੇ ਸਕੂਲ ਵਿੱਚ ਪੜ੍ਹ ਰਹੇ ਹਨ। ਉਨ੍ਹਾਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਕਮੇਟੀ ਅਤੇ ਮੋਹਤਬਰਾਂ ਨੂੰ ਨਾਲ ਲੈ ਕੇ ਇਸ ਘਟਨਾ ਸੰਬੰਧੀ ਅਗਲੀ ਕਾਰਵਾਈ ਸਬੰਧੀ ਵਿਚਾਰ ਕੀਤਾ ਜਾਵੇਗਾ ਫਿਲਹਾਲ ਉਨ੍ਹਾਂ ਵੱਲੋਂ ਪੁਲੀਸ ਨੂੰ ਜ਼ੁਬਾਨੀ ਇਸ ਘਟਨਾ ਸਬੰਧੀ ਜਾਣਕਾਰੀ ਦਿੱਤੀ ਹੈ। ਲਿਖਤੀ ਸ਼ਿਕਾਇਤ ਕੋਈ ਨਹੀਂ ਦਿੱਤੀ ਗਈ।
ਇਹ ਵੀ ਪੜ੍ਹੋ : ਪੇਪਰ ਦੇਣ ਆਏ ਵਿਦਿਆਰਥੀਆਂ ਦੀ ਆਪਸੀ ਲੜਾਈ 'ਚ, ਅਧਿਆਪਕ ਦੀਗੱਡੀ ਦਾ ਤੋੜਿਆ ਸ਼ੀਸ਼ਾ