ਬਰਨਾਲਾ: ਜ਼ਿਲ੍ਹੇ ’ਚ ਪਏ ਮੀਂਹ ਨੇ ਭਾਵੇਂ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਗਰਮੀ ਤੋਂ ਰਾਹਤ ਦਿਵਾ ਦਿੱਤੀ ਹੈ, ਪਰ ਇਸ ਮੀਂਹ ਨੇ ਬਰਨਾਲਾ ਸ਼ਹਿਰ ਦੇ ਵਿਕਾਸ ਕਾਰਜਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਮੌਨਸੂਨ ਦੀ ਪਹਿਲੀ ਬਰਸਾਤ ਪੈਣ ਨਾਲ ਹੀ ਬਰਨਾਲਾ ਸ਼ਹਿਰ ਦੀਆਂ ਸੜਕਾਂ ਵਿੱਚ ਟੋਏ ਤੱਕ ਪੈ ਗਏ। ਸ਼ਹਿਰ ਦੇ ਮੁੱਖ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਸੜਕ ਧਸ ਗਈ, ਜਿਸ ਕਾਰਨ ਲੋਕਾਂ ਅਤੇ ਬੱਸਾਂ ਵਾਲਿਆਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਵੱਡੀ ਗੱਲ ਇਹ ਰਹੀ ਕਿ ਸੜਕ ਧਸ ਜਾਣ ਦੇ ਬਾਵਜੂਦ ਪ੍ਰਸ਼ਾਸਨ ਵੱਲੋਂ ਚਿਤਾਵਨੀ ਸਾਈਨ ਬੋਰਡ ਤੱਕ ਨਹੀਂ ਲਗਾਏ ਗਏ।
ਇਹ ਵੀ ਪੜੋ: Agricultural Laws: ਪਿੰਡ ਪੱਖੋ ਕਲਾਂ ਵਾਸੀਆਂ ਨੇ ਕੀਤਾ ਸਾਰੀ ਸਿਆਸੀ ਪਾਰਟੀਆਂ ਦਾ ਬਾਈਕਾਟ
ਇਸ ਸਬੰਧੀ ਨੇੜਲੇ ਦੁਕਾਨਦਾਰਾਂ ਨੇ ਦੱਸਿਆ ਕਿ ਪਿਛਲੇ ਲੰਬੇ ਸਮੇਂ ਤੋਂ ਬੱਸ ਸਟੈਂਡ ਦੇ ਅੱਗੇ ਵਾਲੀ ਇਹ ਸੜਕ ਪੁੱਟੀ ਹੋਈ ਹੈ ਅਤੇ ਇਸ ਦਾ ਕੰਮ ਚੱਲ ਰਿਹਾ ਹੈ। ਮੀਂਹ ਪੈਣ ਨਾਲ ਇਹ ਸੜਕ ਅੱਜ ਬੁਰੀ ਤਰ੍ਹਾਂ ਧਸ ਗਈ। ਸੜਕ ਵਿਚ ਵੱਡੇ ਵੱਡੇ ਟੋਏ ਪੈ ਗਏ ਅਤੇ ਪਾਣੀ ਖੜ੍ਹ ਗਿਆ ਹੈ। ਧਰਤੀ ਹੇਠਾਂ ਸੀ ਇਹ ਸੜਕ ਕਿਸੇ ਵੇਲੇ ਵੀ ਵੱਡੇ ਹਾਦਸੇ ਦਾ ਕਾਰਨ ਬਣ ਸਕਦੀ ਹੈ। ਇਸ ਤੋਂ ਪਹਿਲਾਂ ਇਸ ਸਡ਼ਕ ਵਿਚ ਇਕ ਬੱਸ ਫਸ ਗਈ ਸੀ ਜਿਸ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ ਗਿਆ। ਇਸ ਤੋਂ ਇਲਾਵਾ ਇੱਕ ਈ ਰਿਕਸ਼ਾ ਵੀ ਇਸ ਟੋਏ ਵਿੱਚ ਡਿੱਗ ਚੁੱਕਿਆ ਹੈ।
ਉਨ੍ਹਾਂ ਦੱਸਿਆ ਕਿ ਧਸ ਚੁੱਕੀ ਇਸ ਸੜਕ 'ਤੇ ਪ੍ਰਸ਼ਾਸਨ ਵੱਲੋਂ ਕੋਈ ਵੀ ਚਿਤਾਵਨੀ ਸਾਈਨਬੋਰਡ ਤੱਕ ਨਹੀਂ ਲਗਾਇਆ ਗਿਆ। ਜਿਸ ਕਰਕੇ ਅੱਗੇ ਰਾਤ ਦਾ ਸਮਾਂ ਰਿਹਾ ਹੈ ਅਤੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ। ਉਨ੍ਹਾਂ ਦੱਸਿਆ ਕਿ ਇਸ ਸੜਕ 'ਤੇ ਪਾਏ ਹੋਏ ਵੱਟੇ ਵਾਹਨਾਂ ਦੇ ਟਾਇਰਾਂ ਵਿੱਚ ਵੱਜ ਕੇ ਉਨ੍ਹਾਂ ਦੀਆਂ ਦੁਕਾਨਾਂ ਦੇ ਸ਼ੀਸ਼ੇ ਭੰਨ ਰਹੇ ਹਨ। ਉਨ੍ਹਾਂ ਕਿਹਾ ਕਿ ਬਰਨਾਲਾ ਸ਼ਹਿਰ ਵਿਚ ਇਸ ਸੜਕ ਨੂੰ ਦੇਖਣ ਤੋਂ ਲੱਗਦਾ ਹੈ ਕਿ ਵਿਕਾਸ ਨਾਮ ਦੀ ਕੋਈ ਚੀਜ਼ ਨਹੀਂ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ।
ਇਹ ਵੀ ਪੜੋ: ਚਾਹੇ ਸੰਯੁਕਤ ਕਿਸਾਨ ਮੋਰਚਾ ਡਿਸਮਿਸ ਕਰ ਦੇਵੇ ਪਰ 'ਮਿਸ਼ਨ ਪੰਜਾਬ' ਰਹੇਗਾ ਜਾਰੀ :ਚਡੂਨੀ