ਬਰਨਾਲਾ: ਜ਼ਿਲ੍ਹੇ ਦੇ ਸਮੂਹ ਸਫ਼ਾਈ ਕਰਮਚਾਰੀਆਂ ਵਲੋਂ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀ ਕਰਮਚਾਰੀਆਂ ਵਲੋਂ ਠੇਕਾ ਆਧਾਰਤ ਕਰਮਚਾਰੀਆਂ ਨੂੰ ਰੈਗੂਲਰ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਇਸੇ ਤਹਿਤ ਸਫ਼ਾਈ ਕਰਮਚਾਰੀਆਂ ਵਲੋਂ ਨਗਰ ਕੌਂਸਲ ਬਰਨਾਲਾ ਦੇ ਦਫ਼ਤਰ ਅੱਗੇ ਅਣਮਿੱਥੇ ਸਮੇਂ ਲਈ ਆਪਣਾ ਧਰਨਾ ਸ਼ੁਰੂ ਕੀਤਾ ਗਿਆ ਹੈ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਉੱਤੇ ਲਗਾਏ ਮੰਗਾ ਨੂੰ ਨਜ਼ਰਅੰਦਾਜ਼ ਕਰਨ ਦੇ ਦੋਸ਼ ਲਗਾਉਂਦਿਆਂ ਰੈਗੂਲਰ ਕਰਨ ਦੀ ਮੰਗ ਨਾ ਮੰਨੇ ਜਾਣ ਤੱਕ ਅਣਮਿੱਥੇ ਸਮੇਂ ਤੱਕ ਹੜਤਾਲ ਜਾਰੀ ਰੱਖਣ ਦਾ ਐਲਾਨ ਕੀਤਾ ਹੈ।
ਇਹ ਹਨ ਮੁੱਖ ਮੰਗਾਂ: ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਸਫ਼ਾਈ ਕਰਮਚਾਰੀ ਠੇਕੇਦਾਰੀ ਸਿਸਟਮ ਅਧੀਨ ਕੰਟਰੈਕਟ ਬੇਸ ਤੇ ਕੰਮ ਕਰ ਰਹੇ ਹਨ। ਸਰਕਾਰ ਨੂੰ ਵਾਰ ਵਾਰ ਬੇਨਤੀ ਕਰਨ ਦੇ ਬਾਵਜੂਦ ਉਹਨਾਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਹੀ ਨਗਰ ਕੌਂਸਲ ਬਰਨਾਲਾ ਦੇ ਸਮੂਹ ਕਰਮਚਾਰੀਆਂ ਵਲੋਂ ਅੱਜ ਤੋਂ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕੀਤੀ ਗਈ ਹੈ। ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਕਰਨ ਸਬੰਧੀ 2021 ਵਿੱਚ ਨੋਟੀਫਿਕੇਸ਼ਨ ਕੀਤਾ ਗਿਆ ਸੀ। ਪਰ ਅਜੇ ਤੱਕ ਬਰਨਾਲਾ ਦੇ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਾਡੀ ਮੁੱਖ ਮੰਗ ਰੈਗੂਲਰ ਕਰਕੇ ਪੱਕਾ ਕਰਕੇ ਨਿਯੁਕਤੀ ਪੱਤਰ ਦਿੱਤੇ ਜਾਣ ਦੀ ਮੰਗ ਕਰ ਹੈ, ਪਰ ਸਰਕਾਰ ਸਫ਼ਾਈ ਕਰਮਚਾਰੀਆਂ ਨੂੰ ਰੈਗੂਲਰ ਨਹੀਂ ਕਰਨਾ ਚਾਹੁੰਦੀ।
ਮੰਗਾਂ ਨਾ ਪੂਰੀਆਂ ਹੋਣ ਉੱਤੇ ਸੰਘਰਸ਼ ਤੇਜ਼ ਕੀਤਾ ਜਾਵੇਗਾ: ਸਥਾਨਕ ਪ੍ਰਸ਼ਾਸ਼ਨ ਨੇ ਮੁੜ ਜੁਲਾਈ ਮਹੀਨੇ ਵਿੱਚ ਸਫ਼ਾਈ ਕਰਮਚਾਰੀਆਂ ਦਾ ਮੁੜ ਕੰਟਰੈਕਟ ਦੇ ਦਿੱਤਾ ਹੈ। ਜਿਸ ਕਰਕੇ ਸਰਕਾਰ ਤੇ ਸਥਾਨਿਕ ਪ੍ਰਸ਼ਾਸ਼ਨ ਦੀ ਨੀਅਤ ਸਫ਼ਾਈ ਕਰਮਚਾਰੀਆਂ ਲਈ ਸਾਫ਼ ਨਹੀਂ ਹੈ। ਪਿਛਲੇ ਡੇਢ ਮਹੀਨੇ ਤੋਂ ਆਮ ਆਦਮੀ ਪਾਰਟੀ ਦੀ ਸਰਕਾਰ ਵੀ ਲਾਰੇ ਲਗਾ ਕੇ ਡੰਗ ਟਪਾ ਰਹੀ ਹੈ। ਉਹਨਾਂ ਕਿਹਾ ਕਿ ਉਹ ਲੰਬੇ ਸਮੇਂ ਤੋਂ ਠੇਕਾ ਸਿਸਟਮ ਅਧੀਨ ਆਪਣੀ ਨੌਕਰੀ ਕਰ ਰਹੇ ਹਨ। ਜਿਸਨੂੰ ਸਰਕਾਰ ਤੁਰੰਤ ਰੈਗੂਲਰ ਕਰੇ। ਉਹਨਾਂ ਕਿਹਾ ਕਿ ਸਰਕਾਰ ਨੇ ਜੇਕਰ ਆਊਟਸੋਰਸ ਉੱਤੇ ਕੰਮ ਕਰਦੇ ਮੁਲਾਜ਼ਮਾਂ ਨੂੰ ਜਲਦ ਰੈਗੂਲਰ ਨਾ ਕੀਤਾ, ਤਾਂ ਉਹ ਆਉਣ ਵਾਲੇ ਸਮੇਂ ਵਿੱਚ ਸੰਘਰਸ਼ ਹੋਰ ਤੇਜ਼ਅਤੇ ਤਿੱਖਾ ਕਰਨਗੇ ਅਤੇ ਲੋੜ ਪਈ ਤਾਂ ਸੜਕਾਂ ਜਾਮ ਕਰਕੇ ਮਰਨ ਵਰਤ ਉਪਰ ਵੀ ਬੈਠਣ ਤੋਂ ਪਿੱਛੇ ਨਹੀਂ ਹਟਣਗੇ।