ਬਰਨਾਲਾ:ਬਰਨਾਲਾ ਸ਼ਹਿਰ ਵਿਚ ਜਿੱਥੇ ਅਧੂਰੇ ਵਿਕਾਸ ਅਤੇ ਗੰਦਗੀ ਦੇ ਢੇਰਾਂ ਨੇ ਲੋਕਾਂ ਦੀ ਸਮੱਸਿਆ ਵਧਾ ਰੱਖੀ ਹੈ, ਉਥੇ ਸ਼ਹਿਰ ਵਿਚ ਇਕ ਵੱਡੀ ਸਮੱਸਿਆ ਆਵਾਰਾ ਕੁੱਤਿਆਂ ਦੀ ਭਰਮਾਰ ਵੀ ਹੈ। ਸ਼ਹਿਰ ਵਿੱਚ ਹਰ ਗਲੀ ਮੁਹੱਲੇ ਚ ਅਵਾਰਾ ਕੁੱਤਿਆਂ ਦੇ ਘੁੰਮ ਰਹੇ ਝੁੰਡਾਂ ਕਾਰਨ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਦੁੱਭਰ ਹੋ ਚੁੱਕਿਆ ਹੈ। ਕਿਉਂਕਿ ਇਹ ਆਵਾਰਾ ਕੁੱਤੇ ਆਉਣ ਜਾਣ ਵਾਲੇ ਲੋਕਾਂ ਨੂੰ ਵੱਢ ਲੈਂਦੇ ਹਨ। ਜਿਸ ਕਰਕੇ ਸ਼ਹਿਰ ਵਿੱਚ ਕੁੱਤਿਆਂ ਨੂੰ ਲੈ ਕੇ ਦਹਿਸ਼ਤ ਦਾ ਮਾਹੌਲ ਹੈ। ਰੋਜ਼ਾਨਾ ਪੰਜ ਤੋਂ ਦਸ ਵਿਅਕਤੀ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣ ਰਹੇ ਹਨ। ਪਿਛਲੇ ਦੋ ਮਹੀਨਿਆਂ ਵਿੱਚ 200 ਦੇ ਕਰੀਬ ਕੁੱਤਿਆਂ ਦੇ ਵੱਢਣ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਸਬੰਧੀ ਸ਼ਹਿਰ ਨਿਵਾਸੀਆਂ ਵਿਚ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ ਕਿ ਅਵਾਰਾ ਕੁੱਤਿਆਂ ਦਾ ਲੰਬੇ ਸਮੇਂ ਤੋਂ ਕੋਈ ਹੱਲ ਨਹੀਂ ਕੀਤਾ ਜਾ ਰਿਹਾ। ਉੱਥੇ ਹੀ ਪੀਡ਼ਤ ਲੋਕ ਸਰਕਾਰੀ ਹਸਪਤਾਲ ਵਿਚ ਇਸ ਦੇ ਇਲਾਜ ਪ੍ਰਤੀ ਤਸੱਲੀ ਪ੍ਰਗਟ ਕਰ ਰਹੇ ਹਨ।
ਇਸ ਸਬੰਧੀ ਗੱਲਬਾਤ ਕਰਦਿਆਂ ਅਵਾਰਾ ਕੁੱਤਿਆਂ ਦਾ ਸ਼ਿਕਾਰ ਬਣੇ ਦੋ ਨੌਜਵਾਨਾ ਅੰਕੁਸ਼ ਅਤੇ ਅਨੁਭਵ ਨੇ ਦੱਸਿਆ ਕਿ ਸ਼ਹਿਰ ਵਿਚ ਵੱਡੀ ਗਿਣਤੀ ਵਿਚ ਅਵਾਰਾ ਕੁੱਤਿਆਂ ਦੀ ਭਰਮਾਰ ਹੈ। ਉਹ ਆਪਣੇ ਨਿੱਜੀ ਕੰਮਾਂ ਲਈ ਘਰਾਂ ਤੋਂ ਬਾਹਰ ਨਿਕਲੇ ਸਨ। ਜਿੱਥੇ ਅਵਾਰਾ ਕੁੱਤਿਆਂ ਦੇ ਝੁੰਡ ਵਿੱਚ ਉਹ ਫਸ ਗਏ ਅਤੇ ਉਨ੍ਹਾਂ ਨੂੰ ਕੁੱਤਿਆਂ ਨੇ ਬਾਂਹ ਉੱਤੇ ਵੱਢ ਲਿਆ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਉਹ ਆਪਣਾ ਇਲਾਜ ਕਰਵਾਉਣ ਲਈ ਬਰਨਾਲਾ ਦੇ ਸਰਕਾਰੀ ਹਸਪਤਾਲ ਵਿੱਚ ਗਏ। ਜਿੱਥੇ ਉਨ੍ਹਾਂ ਨੂੰ ਐਂਟੀ ਰੈਬੀਜ਼ ਇੰਜੈਕਸ਼ਨ ਲਗਾ ਕੇ ਚੰਗਾ ਇਲਾਜ ਦਿੱਤਾ ਗਿਆ। ਜਿੱਥੇ ਉਨ੍ਹਾਂ ਕੁੱਤਿਆਂ ਦੀ ਸਮੱਸਿਆ ਨੂੰ ਲੈ ਕੇ ਨਗਰ ਕੌਂਸਲ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਰੋਸ ਜ਼ਾਹਰ ਕੀਤਾ। ਉਥੇ ਸਿਹਤ ਸਹੂਲਤ ਮਿਲਣ ਤੇ ਤਸੱਲੀ ਵੀ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਲੰਬੇ ਸਮੇਂ ਤੋਂ ਹਰ ਗਲੀ ਮੁਹੱਲੇ ਵਿੱਚ ਆਵਾਰਾ ਕੁੱਤੇ ਘੁੰਮ ਰਹੇ ਹਨ ਪਰ ਇਨ੍ਹਾਂ ਦਾ ਹੱਲ ਨਹੀਂ ਕੀਤਾ ਜਾ ਰਿਹਾ। ਇਹ ਅਵਾਰਾ ਕੁੱਤੇ ਛੋਟੇ ਬੱਚਿਆਂ ਲਈ ਬੇਹੱਦ ਖਤਰਨਾਕ ਹਨ। ਜਿਨ੍ਹਾਂ ਦਾ ਨਗਰ ਕੌਂਸਲ ਬਰਨਾਲਾ ਨੂੰ ਜਲਦ ਤੋਂ ਜਲਦ ਹੱਲ ਕਰਨਾ ਚਾਹੀਦਾ ਹੈ।
ਉੱਥੇ ਇਸ ਸਬੰਧੀ ਨਗਰ ਕੌਂਸਲ ਬਰਨਾਲਾ ਦੇ ਇੰਸਪੈਕਟਰ ਅੰਕੁਸ਼ ਸਿੰਗਲਾ ਨੇ ਦੱਸਿਆ ਕਿ ਅਵਾਰਾ ਕੁੱਤਿਆਂ ਦੇ ਹੱਲ ਲਈ ਨਗਰ ਕੌਂਸਲ ਵੱਲੋਂ 2018 ਵਿੱਚ 10ਲੱਖ ਰੁਪਏ ਪਾਸ ਕੀਤੇ ਹਨ। ਜਿਸ ਦੇ ਟੈਂਡਰ ਜਲਦੀ ਲਗਾਏ ਜਾਣਗੇ। ਇਨ੍ਹਾਂ ਦਸ ਲੱਖ ਰੁਪਇਆਂ ਨਾਲ ਕੁੱਤਿਆਂ ਦੀ ਨਸਬੰਦੀ ਕੀਤੀ ਜਾਵੇਗੀ। ਪ੍ਰਤੀ ਕੁੱਤੇ ਤੇ ਇੱਕ ਹਜ਼ਾਰ ਦੇ ਕਰੀਬ ਖਰਚ ਆਵੇਗਾ। ਉਨ੍ਹਾਂ ਕਿਹਾ ਕਿ ਜਲਦ ਹੀ ਇਨ੍ਹਾਂ ਅਵਾਰਾ ਕੁੱਤਿਆਂ ਦਾ ਹੱਲ ਕਰਾਂਗੇ।
ਉਧਰ ਇਸ ਸਬੰਧੀ ਬਰਨਾਲਾ ਦੇ ਸਰਕਾਰੀ ਹਸਪਤਾਲ ਦੇ ਐਸਐਮਓ ਡਾ.ਤਪਿੰਦਰਜੋਤ ਜੋਤੀ ਕੌਸ਼ਲ ਨੇ ਦੱਸਿਆ ਕਿ ਉਨ੍ਹਾਂ ਕੋਲ ਲਗਾਤਾਰ ਕੁੱਤਿਆਂ ਵੱਲੋਂ ਕੱਟਣ ਦੇ ਮਰੀਜ਼ਾਂ ਦੇ ਮਾਮਲੇ ਆ ਰਹੇ ਹਨ। ਕੁੱਤਿਆਂ ਵਲੋਂ ਕੱਟੇ ਜਾਣ ਦੇ ਅਪਰੈਲ ਮਹੀਨੇ ਵਿੱਚ 104 ਅਤੇ ਮਈ ਮਹੀਨੇ ਵਿੱਚ 77 ਮਾਮਲੇ ਉਨ੍ਹਾਂ ਕੋਲ ਪਹੁੰਚੇ ਸਨ। ਜਿਨ੍ਹਾਂ ਦੇ ਇਲਾਜ ਲਈ ਸਰਕਾਰੀ ਹਸਪਤਾਲ ਵਿਚ ਐਂਟੀ ਰੈਬੀਜ਼ ਵੈਕਸੀਨ ਬਿਲਕੁਲ ਮੁਫ਼ਤ ਲਗਾਈ ਜਾਂਦੀ ਹੈ। ਹਰ ਮਰੀਜ਼ ਨੂੰ ਪੰਜ ਇੰਜੈਕਸ਼ਨ ਇਸ ਵੈਕਸੀਨ ਦੇ ਲੱਗਦੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਕੋਲ ਪਹੁੰਚ ਰਹੇ ਮਾਮਲਿਆਂ ਵਿਚ ਘਰੇਲੂ ਕੁੱਤਿਆਂ ਵਲੋਂ ਕੱਟਣ ਦੇ 30 ਤੋਂ 35 ਪ੍ਰਤੀਸ਼ਤ ਅਤੇ 60 ਤੋਂ 65 ਪ੍ਰਤੀਸ਼ਤ ਮਾਮਲੇ ਆਵਾਰਾ ਕੁੱਤਿਆਂ ਵਲੋਂ ਕੱਟੇ ਜਾਣ ਦੇ ਆ ਰਹੇ ਹਨ।
ਉਧਰ ਨਗਰ ਕੌਂਸਲ ਬਰਨਾਲਾ ਵੱਲੋਂ ਅਵਾਰਾ ਕੁੱਤਿਆਂ ਦੇ ਹੱਲ ਲਈ ਕੋਈ ਉਪਰਾਲਾ ਨਾ ਕੀਤੇ ਜਾਣ ਤੇ ਸ਼ਿਕਾਇਤ ਨਿਵਾਰਨ ਕਮੇਟੀ ਦੇ ਮੈਂਬਰ ਅਤੇ ਅਕਾਲੀ ਆਗੂ ਜਤਿੰਦਰ ਜਿੰਮੀ ਵਲੋਂ ਰੋਸ ਜ਼ਾਹਰ ਕੀਤਾ ਗਿਆ ਹੈ। ਜਤਿੰਦਰ ਜਿੰਮੀ ਨੇ ਕਿਹਾ ਕਿ ਅਵਾਰਾ ਕੁੱਤਿਆਂ ਦੀ ਸਮੱਸਿਆ ਸ਼ਹਿਰ ਵਿਚ ਬਹੁਤ ਭਿਆਨਕ ਰੂਪ ਧਾਰਦੀ ਜਾ ਰਹੀ ਹੈ। ਜਿਸ ਦੇ ਹੱਲ ਲਈ ਜ਼ਿਲ੍ਹਾ ਪ੍ਰਸ਼ਾਸਨ ਅਤੇ ਨਗਰ ਕੌਂਸਲ ਵੱਲੋਂ ਕੋਈ ਉਪਰਾਲਾ ਨਹੀਂ ਕੀਤਾ ਜਾ ਰਿਹਾ। ਜਿਸ ਕਰਕੇ ਉਹ ਇਸ ਮਸਲੇ ਨੂੰ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿੱਚ ਕਮੇਟੀ ਚੇਅਰਮੈਨ ਕੈਬਨਿਟ ਮੰਤਰੀ ਸੁਖਬਿੰਦਰ ਸਿੰਘ ਸਰਕਾਰ ਅੱਗੇ ਉਠਾਉਣਗੇ।
ਇਹ ਵੀ ਪੜ੍ਹੋ:- Delta Plus Variant: ਲੁਧਿਆਣਾ ਤੋਂ ਸਾਹਮਣੇ ਆਇਆ ਪਹਿਲਾ ਕੇਸ