ਬਰਨਾਲਾ: ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਵੱਲੋਂ ਸਰਕਾਰੀ ਸਕੀਮਾਂ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਸਬੰਧੀ 'ਪਹੁੰਚ' ਪ੍ਰੋਜੈਕਟ ਰਿਲੀਜ਼ ਕੀਤਾ ਗਿਆ। ਇਸ ਕਿਤਾਬ ਜ਼ਰੀਏ ਸੂਬਾ ਅਤੇ ਕੇਂਦਰ ਸਰਕਾਰ ਦੀਆਂ ਸਾਰੀਆਂ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।ਬਰਨਾਲਾ ਦੇ ਨਿੱਜੀ ਕਾਲਜ ਵਿੱਚ ਰੱਖੇ ਸਮਾਗਮ ਦੌਰਾਨ ਇਸ ਕਿਤਾਬ ਨੂੰ ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਆਪ ਵਿਧਾਇਕ ਕੁਲਵੰਤ ਸਿੰਘ ਪੰਡੋਰੀ, ਵਿਧਾਇਕ ਲਾਭ ਸਿੰਘ ਉਗੋਕੇ, ਡੀਸੀ ਬਰਨਾਲਾ ਪੂਨਮਦੀਪ ਕੌਰ ਵਲੋਂ ਰਿਲੀਜ਼ ਕੀਤਾ ਗਿਆ। ਪੰਜਾਬ ਭਰ ਵਿੱਚ ਸਰਕਾਰੀ ਸਕੀਮਾਂ ਦਾ ਲਾਭ ਲੋਕਾਂ ਤੱਕ ਪਹੁੰਚਾਉਣ ਲਈ ਬਰਨਾਲਾ ਪ੍ਰਸ਼ਾਸ਼ਨ ਵਲੋਂ ਪਹਿਲਾ ਉਪਰਾਲਾ ਕੀਤਾ ਗਿਆ ਹੈ।
ਸਕੀਮਾਂ ਦੀ ਜਾਣਕਾਰੀ: ਇਸ ਕਿਤਾਬ ਵਿੱਚ ਹਰ ਸਰਕਾਰੀ ਸਕੀਮ ਦੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ ਹੈ। ਇਸ ਵਿੱਚ ਦੱਸਿਆ ਗਿਆ ਹੈ ਕਿ ਸਕੀਮ ਦੇ ਲਾਭ, ਸਕੀਮ ਤੱਕ ਪਹੁੰਚ ਕਰਨ ਦੀ ਡਿਟੇਲ ਅਤੇ ਕੌਣ ਸਕੀਮ ਦਾ ਲਾਭ ਲੈ ਸਕਦਾ ਹੈ, ਇਸ ਸਬੰਧੀ ਪੂਰੀ ਜਾਣਕਾਰੀ ਦਿੱਤੀ ਗਈ ਹੈ। ਮੰਤਰੀ ਮੀਤ ਹੇਅਰ ਨੇ ਜ਼ਿਲ੍ਹਾ ਪ੍ਰਸ਼ਾਸਨ ਦੇ ਇਸ ਉਪਰਾਲੇ ਦੀ ਖ਼ੂਬ ਸ਼ਲਾਘਾ ਕੀਤੀ ਹੈ।
ਕਿਤਾਬ ਬਾਰੇ ਮੰਤਰੀ ਮੀਤ ਹੇਅਰ ਕੀ ਬੋਲ੍ਹੇ: ਇਸ ਸਬੰਧੀ ਗੱਲਬਾਤ ਕਰਦਿਆਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਦੱਸਿਆ ਕਿ ਬਰਨਾਲਾ ਸੂਬੇ ਭਰ ਵਿੱਚੋਂ ਪਹਿਲਾਂ ਜ਼ਿਲ੍ਹਾ ਬਣਿਆ ਹੈ, ਜਿੱਥੇ ਸਰਕਾਰੀ ਸਕੀਮਾਂ ਬਾਰੇ ਜਾਗਰੂਕ ਕਰਨ ਲਈ ਇੱਕ ਕਿਤਾਬ ਬਣਾਈ ਗਈ ਹੈ। ਇਸ ਕਿਤਾਬ ਨਾਲ ਸਰਕਾਰੀ ਸਕੀਮਾਂ ਦੇ ਲਾਭਕਾਰੀ ਲੋਕਾਂ ਨੂੰ ਸਕੀਮਾਂ ਦਾ ਲਾਭ ਲੈਣ ਵਿੱਚ ਕਾਫ਼ੀ ਸੌਖ ਹੋਵੇਗੀ। ਉਹਨਾਂ ਕਿਹਾ ਕਿ ਸਰਕਾਰੀ ਯੋਜਨਾਵਾਂ ਨੂੰ ਘਰ-ਘਰ ਪਹੁੰਚਾਉਣ ਦਾ ਸਭ ਤੋਂ ਚੰਗਾ ਤਰੀਕਾ ਹੈ। ਇਸ ਨਾਲ ਲੋਕਾਂ ਦੀ ਖੱਜਲ-ਖੁਆਰੀ ਵੀ ਬੰਦ ਹੋ ਸਕੇਗੀ। ਉਹਨਾਂ ਦੱਸਿਆ ਕਿ ਮੈਂ ਦੋ ਵਾਰ ਦਾ ਵਿਧਾਇਕ ਅਤੇ ਕੈਬਨਿਟ ਮੰਤਰੀ ਹਾਂ, ਪਰ ਇਸਦੇ ਬਾਵਜੂਦ ਅਜੇ ਵੀ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਕਈ ਸਕੀਮਾਂ ਦੀ ਜਾਣਕਾਰੀ ਮੈਨੂੰ ਵੀ ਨਹੀਂ ਹੈ। ਇਸ ਕਰਕੇ ਇਹ ਕਿਤਾਬ ਸਾਡੇ ਸਮੇਤ ਲੋਕਾਂ ਲਈ ਬਹੁਤ ਲਾਹੇਵੰਦ ਹੋਵੇਗੀ।
ਡੀਸੀ ਦਾ ਬਿਆਨ: ਉੱਥੇ ਡੀਸੀ ਬਰਨਾਲਾ ਪੂਨਮਦੀਪ ਕੌਰ ਨੇ ਦੱਸਿਆ ਕਿ 50 ਹਜ਼ਾਰ ਕਿਤਾਬ ਛਪਵਾਈ ਗਈ ਹੈ। ਜਿਸ ਨੂੰ ਪੰਚਾਇਤਾਂ, ਯੂਥ ਕਲੱਬਾਂ, ਸਕੂਲਾਂ, ਸਾਂਝ ਕੇਂਦਰ, ਸੇਵਾ ਕੇਂਦਰਾਂ ਸਮੇਤ ਹਰ ਜਨਤਕ ਜਗ੍ਹਾ ਉੱਪਰ ਵੰਡਿਆ ਜਾਵੇਗਾ ਤਾਂ ਕਿ ਲੋਕਾਂ ਵਿੱਚ ਜਾਗਰੂਕਤਾ ਲਿਆਂਦੀ ਜਾ ਸਕੇ। ਉਹਨਾਂ ਕਿਹਾ ਕਿ ਇਸ ਕਿਤਾਬ ਨੂੰ ਜਾਰੀ ਕਰਨ ਦਾ ਮੁੱਖ ਮੰਤਵ ਇਹ ਹੈ ਕਿ ਹਰ ਵਿਅਕਤੀ ਸਰਕਾਰੀ ਸਕੀਮਾਂ ਦਾ ਲਾਭ ਲੈ ਸਕੇ। ਇਸ ਨਾਲ ਲੋਕਾਂ ਦੀ ਸਰਕਾਰੀ ਦਫ਼ਤਰਾਂ ਵਿੱਚ ਖੱਜਲ ਖੁਆਰੀ ਖ਼ਤਮ ਹੋਵੇਗੀ। ਲੋਕ ਇਸ ਕਿਤਾਬ ਨੂੰ ਪੜ੍ਹਨ ਅਤੇ ਹਰ ਸਕੀਮ ਬਾਰੇ ਵਿਸਥਾਰ ਵਿੱਚ ਜਾਣਕਾਰੀ ਹਾਸਿਲ ਕਰਨ ਤਾਂ ਜੋ ਕੋਈ ਵੀ ਸਰਕਾਰੀ ਸਕੀਮਾਂ ਤੋਂ ਵਾਂਝਾ ਨਾ ਰਹੇ। ਇਸ ਕਰਕੇ ਬਰਨਾਲਾ ਜ਼ਿਲ੍ਹੇ ਦੇ ਲੋਕਾਂ ਨੂੰ ਇਸ ਕਿਤਾਬ ਰਾਹੀਂ ਵੱਡੀ ਗਿਣਤੀ ਵਿੱਚ ਜਾਗਰੂਕ ਕੀਤਾ ਜਾਵੇਗਾ।
ਇਹ ਵੀ ਪੜ੍ਹੋ: Farmers Protest in Punjab: ਖ਼ਰਾਬ ਹੋਈ ਫ਼ਸਲ ਦੀ ਮੁਆਵਜ਼ਾ ਰਕਮ ਵਧਾਉਣ ਲਈ ਸੂਬੇ ਦੇ ਵੱਖ-ਵੱਖ ਸ਼ਹਿਰਾਂ 'ਚ ਕਿਸਾਨਾਂ ਦਾ ਪ੍ਰਦਰਸ਼ਨ