ਬਰਨਾਲਾ: ਇੱਥੋਂ ਦੇ ਬਰਨਾਲਾ-ਬਠਿੰਡਾ ਨੈਸ਼ਨਲ ਹਾਈਵੇ 'ਤੇ ਪਿੰਡ ਮਹਿਤਾ ਨੇੜੇ ਘੋੜਾ-ਟਰਾਲਾ ਅਤੇ ਥਾਰ ਜੀਪ 'ਚ ਭਿਆਨਕ ਟੱਕਰ ਹੋ ਗਈ, ਜਿਸ ਦੌਰਾਨ ਤਿੰਨ ਵਿਅਕਤੀ ਦੇ ਜ਼ਖ਼ਮੀ ਹੋ ਗਏ। ਹਾਦਸਾ ਏਨਾ ਭਿਆਨਕ ਹੋਇਆ ਕਿ ਥਾਰ ਗੱਡੀ ਦੇ ਪਰਖੱਚੇ ਉਡ ਗਏ ਅਤੇ ਟਰਾਲੇ ਦਾ ਵੀ ਮੂਹਰਲਾ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਹਾਦਸੇ ਵਿੱਚ ਜਖ਼ਮੀਆਂ ਅਨੁਸਾਰ ਕਾਰ ਅੱਗੇ ਕੁੱਤਾ ਆਉਣ ਕਾਰਨ ਇਹ ਹਾਦਸਾ ਵਾਪਰਿਆ ਹੈ।
ਸਰਕਾਰੀ ਹਸਪਤਾਲ ਤਪਾ 'ਚ ਜ਼ੇਰੇ ਇਲਾਜ ਦਾਖ਼ਲ ਜੀਪ ਸਵਾਰ ਦੋ ਜ਼ਖ਼ਮੀਆਂ ਨਵਪ੍ਰੀਤ ਸਿੰਘ ਤੇ ਜਗਸੀਰ ਸਿੰਘ ਪਿੰਡ ਚੋਗ, ਜ਼ਿਲ੍ਹਾ ਪਟਿਆਲਾ ਨੇ ਦੱਸਿਆ ਕਿ ਉਹ ਪਟਿਆਲਾ ਤੋਂ ਬਠਿੰਡਾ ਆਪਣੇ ਦੋਸਤਾਂ ਕੋਲ ਜਾ ਰਹੇ ਸਨ ਕਿ ਅਚਾਨਕ ਤੇ ਅਵਾਰਾ ਕੁੱਤਾ ਗੱਡੀ ਵਿੱਚ ਆ ਵੱਜਿਆ। ਜਿਸ ਤੋਂ ਬਾਅਦ ਗੱਡੀ ਦਾ ਸੰਤੁਲਨ ਵਿਗੜ ਗਿਆ ਤੇ ਗੱਡੀ ਨੂੰ ਬਚਾਉਂਦੇ ਸਮੇਂ ਗੱਡੀ ਡਿਵਾਈਡਰ ਨਾਲ ਜਾ ਟਕਰਾਈ ਅਤੇ ਸਾਹਮਣੇ ਆ ਰਹੇ ਘੋੜੇ ਟਰਾਲੇ ਵਿੱਚ ਜਾ ਵੱਜੀ।
ਦੂਜੇ ਪਾਸੇ ਘੋੜੇ ਟਰਾਲੇ ਦੇ ਚਾਲਕ ਜ਼ਖ਼ਮੀ ਬਲਜੀਤ ਸਿੰਘ ਪਿੰਡ ਢੁੱਡੀਕੇ ਜ਼ਿਲ੍ਹਾ ਮੋਗਾ ਨੇ ਦੱਸਿਆ ਕਿ ਉਹ ਰਾਮਪੁਰਾ ਤੋਂ ਬਰਨਾਲਾ ਸਾਈਡ ਵੱਲ ਜਾ ਰਹੇ ਸਨ ਕਿ ਅਚਾਨਕ ਉਨ੍ਹਾਂ ਨਾਲ ਇਹ ਹਾਦਸਾ ਹੋ ਗਿਆ।
ਘਟਣਾ ਦਾ ਪਤਾ ਲੱਗਣ 'ਤੇ ਪੁਲਿਸ ਥਾਣਾ ਤਪਾ ਦੇ ਏ.ਐਸ.ਆਈ ਗੁਰਦੀਪ ਸਿੰਘ ਆਪਣੀ ਟੀਮ ਸਮੇਤ ਘਟਨਾ ਵਾਲੇ ਸਥਾਨ 'ਤੇ ਪੁੱਜੇ ਅਤੇ ਉਨ੍ਹਾਂ ਨੇ ਜ਼ਖ਼ਮੀਆਂ ਦੇ ਬਿਆਨ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।