ਬਠਿੰਡਾ: ਜਿਉਂ ਜਿਉਂ ਬਸੰਤ ਪੰਚਮੀ ਦਾ ਤਿਉਹਾਰ ਨਜ਼ਦੀਕ ਆ ਰਿਹਾ ਹੈ, ਤਿਉਂ ਚਾਈਨਾ ਡੋਰ ਦਾ ਪੰਜਾਬ ਵਿੱਚ ਕਹਿਰ ਵੇਖਣ ਨੂੰ ਮਿਲ ਰਿਹਾ ਹੈ। ਆਏ ਦਿਨ ਵਾਪਰ ਰਹੇ ਹਾਦਸਿਆਂ ਨੂੰ ਵੇਖਦੇ ਹੋਏ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਬਠਿੰਡਾ ਦੇ ਪਰਸਰਾਮ ਨਗਰ ਚੌਂਕ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਡੋਰ ਨੂੰ ਗਲ ਵਿੱਚ ਪਾ ਕੇ ਹਾਦਸੇ ਦਾ ਸ਼ਿਕਾਰ ਹੋਈਆਂ ਤਸਵੀਰਾਂ ਪੇਸ਼ ਕੀਤੀਆਂ ਅਤੇ ਇਸ ਮੌਕੇ ਸਕੂਲਾਂ ਤੋਂ ਪਰਤ ਰਹੇ ਵਿਦਿਆਰਥੀਆਂ ਨੂੰ ਜਾਗਰੂਕ ਕਰਦੇ ਹੋਏ ਅਪੀਲ ਕੀਤੀ ਕਿ ਉਹ ਚਾਈਨਾ ਡੋਰ ਦਾ ਬਾਈਕਾਟ ਕਰਨ ਅਤੇ ਇਸ ਦੀ ਵਰਤੋਂ ਕਰਨ ਵਾਲਿਆਂ ਬਾਰੇ ਪੁਲਿਸ ਨੂੰ ਜਾਣਕਾਰੀ ਦੇਣ।
ਚਾਈਨਾ ਡੋਰ ਖਿਲਾਫ ਪ੍ਰਦਰਸ਼ਨ
ਸਾਬਕਾ ਕੌਂਸਲਰ ਵਿਜੇ ਕੁਮਾਰ ਨੇ ਦੱਸਿਆ ਕਿ ਆਏ ਦਿਨ ਪੰਜਾਬ ਵਿੱਚ ਚਾਈਨਾ ਡੋਰ ਕਾਰਨ ਹਾਦਸੇ ਵਾਪਰ ਰਹੇ ਹਨ। ਭਾਵੇਂ ਪੰਜਾਬ ਪੁਲਿਸ ਵੱਲੋਂ ਲਗਾਤਾਰ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ਼ ਸਖਤੀ ਕੀਤੀ ਜਾ ਰਹੀ ਹੈ ਅਤੇ ਵੱਡੀ ਗਿਣਤੀ ਵਿੱਚ ਚਾਈਨਾ ਡੋਰ ਬਰਾਮਦ ਕਰਕੇ ਮਾਮਲੇ ਦਰਜ ਕੀਤੇ ਜਾ ਰਹੇ ਹਨ, ਪਰ ਫਿਰ ਵੀ ਲੋਕਾਂ ਵੱਲੋਂ ਚਾਈਨਾ ਡੋਰ ਦੀ ਵਰਤੋਂ ਕੀਤੀ ਜਾ ਰਹੀ ਹੈ, ਜੋ ਕਿ ਮਨੁੱਖ ਅਤੇ ਆਮ ਪਸ਼ੂ ਪੰਛੀਆਂ ਲਈ ਘਾਤਕ ਹੈ। ਚਾਈਨਾ ਡੋਰ ਦੀ ਵਰਤੋਂ ਅਤੇ ਇਸ ਦੇ ਹੁੰਦੇ ਨੁਕਸਾਨ ਪ੍ਰਤੀ ਲੋਕਾਂ ਨੂੰ ਜਾਗਰੂਕ ਕਰਨ ਲਈ ਅੱਜ ਉਨ੍ਹਾਂ ਵੱਲੋਂ ਇਹ ਪ੍ਰਦਰਸ਼ਨ ਕੀਤਾ ਗਿਆ ਹੈ।
ਚਾਈਨਾ ਡੋਰ ਵਰਤਣ ਵਾਲਿਆਂ ਵਿਰੁਧ ਹੋਵੇ ਸਖ਼ਤ ਕਾਰਵਾਈ
ਸਕੂਲ ਦੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਬਸੰਤ ਪੰਚਮੀ ਦਾ ਤਿਉਹਾਰ ਪਾਂਡਾ ਡੋਰ ਨਾਲ ਮਨਾਉਣ ਅਤੇ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਲਿਆ ਕੇ ਦਿੰਦੇ ਹਨ, ਉਨ੍ਹਾਂ ਖਿਲਾਫ ਸਖਤ ਕਾਨੂੰਨੀ ਕਾਰਵਾਈ ਕਰਾਉਣ ਲਈ ਵੀ ਲੋਕਾਂ ਨੂੰ ਜਾਗਰੂਕ ਕਰ ਰਹੇ ਹਨ।
ਵਿਦਿਆਰਥੀਆਂ ਨੇ ਦੱਸਿਆ- ਕਿਹੜੀ ਡੋਰ ਦੀ ਵਰਤੋਂ ਕਰਨਾ ਸਹੀ?
ਇਸ ਮੌਕੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਵੀ ਸਾਬਕਾ ਕੌਂਸਲਰ ਵਿਜੇ ਕੁਮਾਰ ਦੇ ਇਸ ਉਪਰਾਲੇ ਦਾ ਜਿੱਥੇ ਸਮਰਥਨ ਕੀਤਾ ਗਿਆ, ਉੱਥੇ ਹੀ ਉਨ੍ਹਾਂ ਨੇ ਵੀ ਚਾਈਨਾ ਡੋਰ ਨੂੰ ਬੰਦ ਕਰਾਉਣ ਅਤੇ ਇਸ ਦਾ ਕਾਰੋਬਾਰ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਦੀ ਮੰਗ ਕੀਤੀ। ਵਿਦਿਆਰਥੀਆਂ ਨੇ ਕਿਹਾ ਕਿ ਜਿਹੜੇ ਮਾਪੇ ਆਪਣੇ ਬੱਚਿਆਂ ਨੂੰ ਚਾਈਨਾ ਡੋਰ ਉਡਾਉਣ ਤੋਂ ਨਹੀਂ ਰੋਕਦੇ ਜਾਂ ਬੱਚਿਆਂ ਨੂੰ ਚਾਈਨਾ ਡੋਰ ਲੈ ਕੇ ਦਿੰਦੇ ਹਨ, ਉਨ੍ਹਾਂ ਖਿਲਾਫ ਵੀ ਕਾਨੂੰਨੀ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਨੇ ਆਪਣੇ ਸਾਥੀਆਂ ਨੂੰ ਅਪੀਲ ਕੀਤੀ ਕਿ ਪਤੰਗ ਉਡਾਉਣ ਵੇਲ੍ਹੇ ਪਾਂਡਾ ਡੋਰ ਦੀ ਵਰਤੋ ਕਰਨ, ਜਿਸ ਦਾ ਕੋਈ ਨੁਕਸਾਨ ਨਹੀਂ ਹੈ।