ਮੋਗਾ: ਜ਼ਿਲ੍ਹੇ ਦੇ ਥਾਣਾ ਸਿਟੀ ਸਾਊਥ ਦੀ ਪੁਲਿਸ ਨੇ ਇੱਕ ਸਰਕਾਰੀ ਸਕੂਲ ਦੇ ਅਧਿਆਪਕ ਨੂੰ ਵਿਦਿਆਰਥਣਾਂ ਨਾਲ ਛੇੜਛਾੜ ਕਰਨ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਮੁਲਜ਼ਮ ਵਿਦਿਆਰਥਣਾਂ ਨੂੰ ਸ਼ਿਕਾਇਤ ਕਰਨ 'ਤੇ ਧਮਕੀਆਂ ਦੇ ਰਿਹਾ ਸੀ। ਮੁਲਜ਼ਮ ਅਧਿਆਪਕ ਨੇ ਕਿਹਾ ਕਿ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਗਿਆ ਹੈ।
ਪੀੜਤ ਪਰਿਵਾਰ ਨੇ ਇਨਸਾਫ ਦੀ ਕੀਤੀ ਮੰਗ
ਥਾਣਾ ਸਦਰ ਦੇ ਇੰਚਾਰਜ ਗੁਲਜਿੰਦਰਪਾਲ ਸਿੰਘ ਸੇਖੋਂ ਅਨੁਸਾਰ ਮੁਲਜ਼ਮ ਅਧਿਆਪਕ ਪਿਛਲੇ ਕਾਫੀ ਸਮੇਂ ਤੋਂ ਵਿਦਿਆਰਥਣਾਂ ਨਾਲ ਗਲਤ ਵਿਵਹਾਰ ਕਰ ਰਿਹਾ ਸੀ। ਪੀੜਤ ਵਿਦਿਆਰਥਣ ਦੇ ਪਰਿਵਾਰਕ ਮੈਂਬਰਾਂ ਨੇ ਸਭ ਤੋਂ ਪਹਿਲਾਂ ਇਸ ਮਾਮਲੇ ਦੀ ਸ਼ਿਕਾਇਤ ਸਕੂਲ ਦੀ ਮਹਿਲਾ ਅਧਿਆਪਕਾਂ ਨੂੰ ਕੀਤੀ, ਪਰ ਉਥੋਂ ਕਾਰਵਾਈ ਨਾ ਹੋਣ ਕਾਰਨ ਪੀੜਤ ਪਰਿਵਾਰ ਨੇ ਇਸ ਦੀ ਲਿਖਤੀ ਸ਼ਿਕਾਇਤ ਐੱਸਐੱਸਪੀ ਨੂੰ ਦਿੱਤੀ, ਜਿਸ ਤੋਂ ਬਾਅਦ ਪੁਲਿਸ ਨੇ ਕਾਰਵਾਈ ਸ਼ੁਰੂ ਕੀਤੀ।
ਪਰਿਵਾਰ ਨੇ ਐੱਸਐੱਸਪੀ ਨੂੰ ਕੀਤੀ ਸ਼ਿਕਾਇਤ
ਪੀੜਤ ਪਰਿਵਾਰ ਨੇ ਕਿਹਾ ਕਿ ਅਸੀਂ ਇਸ ਸਬੰਧੀ ਕਈ ਵਾਰ ਸਕੂਲ ਪ੍ਰਿੰਸੀਪਲ ਨੂੰ ਦੱਸ ਚੁੱਕੇ ਹਾਂ, ਪਰ ਉਹਨਾਂ ਨੇ ਕੋਈ ਕਾਰਵਾਈ ਨਹੀਂ ਕੀਤੀ, ਜਿਸ ਤੋਂ ਬਾਅਦ ਅਸੀਂ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਥਾਣਾ ਸਿਟੀ ਸਾਊਥ ਵਿੱਚ ਕੇਸ ਦਰਜ ਕਰਕੇ ਮੁਲਜ਼ਮ ਅਧਿਆਪਕ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਫਿਲਹਾਲ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਮੁਲਜ਼ਮ ਨੇ ਨਕਾਰੇ ਇਲਜ਼ਾਮ
ਇਸ ਦੇ ਨਾਲ ਹੀ ਮੁਲਜ਼ਮ ਅਧਿਆਪਕ ਦਾ ਕਹਿਣਾ ਹੈ ਕਿ ਇਹ ਪੁਰਾਣਾ ਮਾਮਲਾ ਹੈ ਅਤੇ ਉਸ ਨੂੰ ਝੂਠੇ ਕੇਸ ਵਿੱਚ ਫਸਾਇਆ ਜਾ ਰਿਹਾ ਹੈ। ਉਸ ਦਾ ਦਾਅਵਾ ਹੈ ਕਿ ਉਸ ਨੂੰ ਬਿਨਾਂ ਕਿਸੇ ਜਾਂਚ ਦੇ ਗ੍ਰਿਫ਼ਤਾਰ ਕੀਤਾ ਗਿਆ ਹੈ।