ਬਰਨਾਲਾ: ਪੰਜਾਬ ਦੇ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੇ ਬਰਨਾਲਾ ਰਿਹਾਇਸ਼ ਅੱਗੇ ਈਟੀਟੀ ਅਧਿਆਪਕਾਂ ਵੱਲੋਂ ਆਪਣੀਆਂ ਡੈਪੂਟੇਸ਼ਨਾਂ ਰੱਦ ਕਰਨ ਦੀ ਮੰਗ ਨੂੰ ਲੈ ਕੇ ਵੀਰਵਾਰ ਨੂੰ ਦੂਜੀ ਵਾਰ ਧਰਨਾ ਲਗਾ ਦਿੱਤਾ ਗਿਆ ਸੀ। ਜੋ ਲਗਾਤਾਰ ਰਾਤ ਵੀ ਜਾਰੀ ਰਿਹਾ ਅਤੇ ਸ਼ੁੱਕਰਵਾਰ ਸਵੇਰ ਸਮੇਂ ਪ੍ਰਸ਼ਾਸਨਿਕ ਅਤੇ ਸਰਕਾਰ ਦੇ ਅਧਿਕਾਰੀਆਂ ਵੱਲੋਂ ਭਰੋਸਾ ਦਿੱਤੇ ਜਾਣ ਤੋਂ ਬਾਅਦ ਖ਼ਤਮ ਕੀਤਾ ਗਿਆ। ਇਸ ਧਰਨੇ ਨੂੰ ਖਤਮ ਕਰਨ ਲਈ ਸਿੱਖਿਆ ਮੰਤਰੀ ਨਾਲ ਪੈਨਲ ਮੀਟਿੰਗ ਕਰਵਾਏ ਜਾਣ ਦਾ ਭਰੋਸਾ ਦਿੱਤਾ ਗਿਆ ਅਤੇ ਇਸ ਮੀਟਿੰਗ ਵਿਚ ਅਧਿਆਪਕਾਂ ਦੀਆਂ ਮੰਗਾਂ ਮੰਨੇ ਜਾਣ ਦੀ ਵੀ ਗੱਲ ਆਖੀ ਗਈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਦਰਸ਼ਨਕਾਰੀ ਅਧਿਆਪਕਾਂ ਨੇ ਦੱਸਿਆ ਕਿ ਪੰਜਾਬ ਭਰ 'ਚ ਉਨ੍ਹਾਂ ਨੂੰ ਡੈਪੂਟੇਸ਼ਨ 'ਤੇ ਆਪਣੀ ਰਿਹਾਇਸ਼ ਤੋਂ ਦੋ ਸੌ ਕਿਲੋਮੀਟਰ ਦੂਰ ਸਕੂਲਾਂ ਵਿੱਚ ਲਗਾਇਆ ਗਿਆ ਹੈ। ਕਈ ਸਾਲਾਂ ਤੋਂ ਉਹ ਇਹ ਦੁੱਖ ਹੰਢਾ ਰਹੇ ਹਨ। ਜਿਸ ਕਰਕੇ ਹੁਣ ਨਵੇਂ ਵਿੱਦਿਅਕ ਸੈਸ਼ਨ ਦੌਰਾਨ ਉਨ੍ਹਾਂ ਦੀਆਂ ਡੈਪੂਟੇਸ਼ਨ ਰੱਦ ਕਰ ਦਿੱਤੀਆਂ ਗਈਆਂ ਸਨ, ਪ੍ਰੰਤੂ ਡੈਪੂਟੇਸ਼ਨਾਂ ਰੱਦ ਕਰਨ ਦੇ ਹੁਕਮ ਲਾਗੂ ਨਹੀਂ ਹੋਏ।
ਉਨ੍ਹਾਂ ਕਿਹਾ ਕਿ ਇਸ ਕਰਕੇ ਉਨ੍ਹਾਂ ਵੱਲੋਂ ਪਹਿਲਾਂ ਸਿੱਖਿਆ ਮੰਤਰੀ ਦੇ ਘਰ ਅੱਗੇ ਦੋ ਦਿਨ ਲਗਾਤਾਰ ਮੋਰਚਾ ਲਗਾਇਆ ਗਿਆ ਸੀ, ਜਿਸ ਉਪਰੰਤ ਉਨ੍ਹਾਂ ਦੀ ਇੱਕ ਮੀਟਿੰਗ ਸਿੱਖਿਆ ਮੰਤਰੀ ਨਾਲ ਹੋਈ ਜੋ ਬੇਸਿੱਟਾ ਰਹੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਮੁੜ ਸਿੱਖਿਆ ਮੰਤਰੀ ਦੀ ਬਰਨਾਲਾ ਰਿਹਾਇਸ਼ ਅੱਗੇ ਧਰਨਾ ਪ੍ਰਦਰਸ਼ਨ ਸ਼ੁਰੂ ਕਰਨਾ ਪਿਆ।
ਉਨ੍ਹਾਂ ਦੱਸਿਆ ਕਿ ਬਰਨਾਲਾ ਦੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਸਿੱਖਿਆ ਮੰਤਰੀ ਮੀਤ ਹੇਅਰ ਨਾਲ ਪੈਨਲ ਮੀਟਿੰਗ ਐਤਵਾਰ ਨੂੰ ਕਰਨ ਦਾ ਭਰੋਸਾ ਦਿੱਤਾ ਗਿਆ ਹੈ ਅਤੇ ਇਸ ਮੀਟਿੰਗ 'ਚ ਉਨ੍ਹਾਂ ਦੀਆਂ ਮੰਗਾਂ ਮੰਨੇ ਜਾਣ ਦਾ ਵੀ ਵਿਸ਼ਵਾਸ ਦਿਵਾਇਆ ਗਿਆ ਹੈ। ਜਿਸ ਤੋਂ ਬਾਅਦ ਉਹ ਆਪਣਾ ਧਰਨਾ ਸਮਾਪਤ ਕਰ ਰਹੇ ਹਨ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਆਉਣ ਵਾਲੇ ਦਿਨਾਂ ਵਿੱਚ ਆਪਣਾ ਸੰਘਰਸ਼ ਹੋਰ ਤੇਜ਼ ਕਰਨਗੇ।
ਇਹ ਵੀ ਪੜ੍ਹੋ: ਪੰਜਾਬ ਵਿੱਚ 18 ਅਪ੍ਰੈਲ ਤੋਂ ਲੱਗਣਗੇ ਬਲਾਕ ਸਿਹਤ ਮੇਲੇ: ਡਾ. ਵਿਜੇ ਸਿੰਗਲਾ