ਬਰਨਾਲਾ:ਠੇਕੇਦਾਰੀ ਸਿਸਟਮ ਨੂੰ ਖਤਮ ਕਰਨ ਦੀ ਮੰਗ ਨੂੰ ਲੈ ਕੇ ਸਫ਼ਾਈ ਕਰਮਚਾਰੀ ਪੰਜਾਬ ਪੱਧਰ ਉੱਤੇ ਪਿਛਲੀ 13 ਮਈ ਤੋਂ ਲਗਾਤਾਰ ਹੜਤਾਲ ਉੱਤੇ ਚਲੇ ਆ ਰਹੇ ਹਨ। ਜ਼ਿਲ੍ਹਾ ਬਰਨਾਲਾ ਦੇ ਸਫ਼ਾਈ ਕਰਮਚਾਰੀਆਂ ਦੀ ਹੜਤਾਲ ਦੇ ਕਾਰਨ ਪੂਰਾ ਸ਼ਹਿਰ ਗੰਦਗੀ ਦੇ ਢੇਰ ਵਿੱਚ ਤਬਦੀਲ ਹੋ ਚੁੱਕਿਆ ਹੈ। ਇੱਕ ਪਾਸੇ ਸ਼ਹਿਰ ਬਰਨਾਲਾ ਗੰਦਗੀ ਵਿੱਚ ਤਬਦੀਲ ਹੋ ਰਿਹਾ ਹੈ, ਉਥੇ ਹੀ ਦੂਜੇ ਪਾਸੇ ਸਫ਼ਾਈ ਕਰਮਚਾਰੀਆਂ ਦਾ ਗੁੱਸਾ ਵੀ ਹੁਣ ਸੱਤਵੇਂ ਅਸਮਾਨ ਉੱਤੇ ਹੈ। ਅੱਜ 23ਵੇਂ ਦਿਨ ਵੀ ਲਗਾਤਾਰ ਹੜਤਾਲ ਉੱਤੇ ਬੈਠੇ ਸਫ਼ਾਈ ਕਰਮਚਾਰੀਆਂ ਵੱਲੋਂ 9 ਜੂਨ ਨੂੰ ਮੁੱਖ ਮੰਤਰੀ ਪੰਜਾਬ ਦੀ ਪਟਿਆਲਾ ਰਿਹਾਇਸ਼ ਦਾ ਘਿਰਾਉ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਗੱਲਬਾਤ ਕਰਦਿਆਂ ਸਫ਼ਾਈ ਕਰਚਾਰੀਆਂ ਨੇ ਕਿਹਾ ਕਿ ਉਹ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਕੋਰੋਨਾ ਮਹਾਮਾਰੀ ਦੇ ਦੌਰ ’ਚ ਮਜਬੂਰੀ ਵੱਸ ਹੜਤਾਲ ਕਰ ਰਹੇ ਹਨ। 23 ਦਿਨ ਹੜਤਾਲ ਦੇ ਹੋਣ ਦੇ ਬਾਵਜੂਦ ਪੰਜਾਬ ਸਰਕਾਰ ਦੇ ਸਿਰ ’ਤੇ ਕੋਈ ਅਸਰ ਨਹੀਂ ਪਿਆ। ਸਰਕਾਰ ਨੂੰ ਨਾ ਤਾਂ ਆਮ ਲੋਕਾਂ ਦੀ ਫ਼ਿਕਰ ਹੈ ਅਤੇ ਨਾ ਹੀ ਸਫ਼ਾਈ ਸੇਵਕਾਂ ਦੀ। ਜਿਸ ਕਰਕੇ ਉਹਨਾਂ ਦੀ ਕੋਈ ਸੁਣਵਾਈ ਨਾ ਹੋਣ ਕਰਕੇ ਉਹਨਾਂ ਦੀ ਪੰਜਾਬ ਪੱਧਰੀ ਜੱਥੇਬੰਦੀ ਵਲੋਂ 9 ਜੂਨ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਪਟਿਆਲਾ ਵਿਖੇ ਮਹਿਲ ਘੇਰਨ ਦਾ ਫ਼ੈਸਲਾ ਕੀਤਾ ਹੈ। ਇਸ ਘਿਰਾਉ ਪ੍ਰਦਰਸ਼ਨ ਵਿੱਚ ਪੰਜਾਬ ਭਰ ਤੋਂ ਸਫ਼ਾਈ ਕਰਮਚਾਰੀ ਆਪਣੇ ਪਰਿਵਾਰਾਂ ਅਤੇ ਬੱਚਿਆ ਸਮੇਤ ਸ਼ਾਮਲ ਹੋਣਗੇ। ਉਹ ਆਪਣੀਆਂ ਮੰਗਾਂ ਰੈਗੂਲਰ ਕਰਨ ਦੀ ਮੰਗ ਦੇ ਪੂਰਾ ਹੋਣ ਤੱਕ ਸੰਘਰਸ਼ ਕਰਦੇ ਰਹਿਣਗੇ।ਇਸ ਦੌਰਾਨ ਉਨ੍ਹਾਂ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ ਕਿ ਜੇ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਈਆਂ ਤਾਂ ਆਉਣ ਵਾਲੇ ਦਿਨ੍ਹਾਂ ਦੇ ਵਿੱਚ ਸੰਘਰਸ਼ ਹੋਰ ਵੀ ਤਿੱਖਾ ਵਿੱਢਿਆ ਜਾਵੇਗਾ।
ਇਹ ਵੀ ਪੜ੍ਹੋ:viral video:ਪੁਲਿਸ ਮੁਲਾਜ਼ਮ ਦੇ ਸ਼ਰਾਬੀ ਹੋਣ ਦੇ ਮਾਮਲੇ ਚ ਵੱਡਾ ਖੁਲਾਸਾ !