ਬਰਨਾਲਾ: ਪੰਜਾਬ ਵਿੱਚ ਸਕੂਲਾਂ ਦੇ ਵਿਦਿਆਰਥੀਆਂ ਨੂੰ ਜੂਨ ਮਹੀਨੇ ਵਿੱਚ ਗਰਮੀ ਦੀਆਂ ਛੁੱਟੀਆਂ ਸਨ। ਇਨ੍ਹਾਂ ਛੁੱਟੀਆਂ ਵਿੱਚ ਜਿਆਦਾਤਰ ਬੱਚੇ ਘੁੰਮਣ ਫਿ਼ਰਨ, ਰਿਸ਼ਤੇਦਾਰੀ ਵਿੱਚ ਜਾਂ ਘਰ ਗੇਮਜ਼ ਖੇਡ ਕੇ ਬਿਤਾਉਂਦੇ ਹਨ। ਪਰ, ਕੁੱਝ ਬੱਚੇ ਇਨ੍ਹਾਂ ਛੁੱਟੀਆਂ ਨੂੰ ਚੰਗੇ ਕੰਮ ਲਈ ਵਰਤਦੇ ਹਨ। ਬਰਨਾਲਾ ਦੀ ਵਿਦਿਆਰਥਣ ਨਿਹਾਰਿਕਾ ਸ਼ਰਮਾ ਨੇ ਵੀ ਆਪਣੀਆਂ ਗਰਮੀ ਦੀਆਂ ਛੁੱਟੀਆਂ ਆਰਟ ਕਲਾ ਚਮਕਾਉਣ ਵਿੱਚ ਬਿਤਾਈਆਂ ਹਨ।
ਸ਼ੌਂਕ ਪੂਰਾ ਕੀਤਾ, ਨਾਲੇ ਕਮਾਇਆ : ਨਿਹਾਰਿਕਾ ਨੂੰ ਆਰਟ ਕਲਾ ਦਾ ਸੌਕ ਹੈ ਅਤੇ ਉਸ ਨੇ ਛੁੱਟੀਆਂ ਵਿੱਚ ਇਸ ਸ਼ੌਕ ਨੂੰ ਪੂਰਾ ਕਰਨ ਦੇ ਨਾਲ-ਨਾਲ ਕਮਾਈ ਵੀ ਕੀਤੀ ਹੈ। ਨਿਹਾਰਿਕਾ ਨੇ ਆਪਣੀ ਮਾਤਾ ਦੇ ਸ਼ੋਸ਼ਲ ਮੀਡੀਆ ਅਕਾਉਂਟ ਉੱਤੇ ਆਰਟ ਨਾਲ ਸਬੰਧਤ ਪ੍ਰੋਜੈਕਟ ਬਣਵਾਉਣ ਦੀ ਪੋਸਟ ਸ਼ੇਅਰ ਕੀਤੀ ਸੀ ਜਿਸ ਤੋਂ ਬਾਅਦ ਨਿਹਾਰਿਕਾ ਨੂੰ ਸ਼ਹਿਰ ਵਿੱਚੋਂ ਬਹੁਤ ਸਾਰੇ ਪ੍ਰੋਜੈਕਟ, ਅਸਾਈਨਮੈਂਟ ਬਣਾਉਣ ਦੇ ਆਰਡਰ ਆਏ। ਨਿਹਾਰਿਕਾ ਦੇ ਇਸ ਕੰਮ ਵਿੱਚ ਉਸ ਦੇ ਪਰਿਵਾਰ ਨੇ ਵੀ ਖੂਬ ਸਾਥ ਦਿੱਤਾ ਹੈ।
ਇਸ ਮੌਕੇ ਵਿਦਿਆਰਥਣ ਨਿਹਾਰਿਕਾ ਸ਼ਰਮਾ ਨੇ ਦੱਸਿਆ ਕਿ ਉਸ ਨੂੰ ਵੈਸੇ ਤਾਂ ਸਾਰੇ ਹੀ ਵਿਸ਼ੇ ਵਧੀਆ ਲੱਗਦੇ ਹਨ। ਪਰ, ਆਰਟ ਕਲਾ ਵਿੱਚ ਬਹੁਤ ਦਿਲਚਸਪੀ ਹੈ। ਉਸ ਦੇ ਸਾਥੀ ਵਿਦਿਆਰਥੀਆਂ ਵਲੋਂ ਕੁੱਝ ਆਪਣੇ ਪ੍ਰੋਜੈਕਟ ਬਣਵਾਉਣ ਦੀ ਇੱਛਾ ਜ਼ਾਹਰ ਕੀਤੀ। ਇਸੇ ਦੌਰਾਨ ਉਸ ਨੇ ਆਪਣੀ ਮਾਤਾ ਦੇ ਸ਼ੋਸ਼ਲ ਮੀਡੀਆ ਅਕਾਊਂਟ ਉੱਤੇ ਪੋਸਟ ਸ਼ੇਅਰ ਕੀਤੀ ਕਿ ਮੇਰੇ ਤੋਂ ਕੋਈ ਵੀ ਕਿਸੇ ਵੀ ਤਰ੍ਹਾਂ ਦੇ ਪ੍ਰੋਜੈਕਟ ਬਣਵਾ ਸਕਦੇ ਹਨ।
ਇਨ੍ਹਾਂ ਆਰਟ ਕਲਾ ਵਿੱਚ ਦਿਲਚਸਪੀ: ਨਿਹਾਰਿਕਾ ਨੇ ਦੱਸਿਆ ਕਿ ਇਸ ਤੋਂ ਬਾਅਦ ਉਸ ਕੋਲ ਆਰਡਰ ਆਉਣ ਲੱਗੇ ਅਤੇ ਮੈਂ ਬਹੁਤ ਸਾਰੇ ਪ੍ਰੋਜੈਕਟ ਬਣਾਏ। ਹੋਮ ਵਰਕ ਪ੍ਰੋਜੈਕਟ, ਅਸਾਈਨਮੈਂਟਸ, ਪੈਂਸਿਲ ਚਾਰਟ, ਪੇਟਿੰਗਜ਼ ਆਦਿ ਬਣਾਏ, ਜਿਸ ਨਾਲ ਮੈਨੂੰ ਬਹੁਤ ਖੁਸ਼ੀ ਹੋਈ। ਨਿਹਾਰਿਕਾ ਨੇ ਕਿਹਾ ਕਿ ਗਰਮੀਆਂ ਦੀਆਂ ਛੁੱਟੀਆਂ ਦੌਰਾਨ ਉਹ ਕਿਤੇ ਵੀ ਘੁੰਮਣ ਨਹੀਂ ਗਈ ਅਤੇ ਸਾਰੀਆਂ ਛੁੱਟੀਆਂ ਵਿੱਚ ਆਪਣੀ ਮਿਹਨਤ ਨਾਲ ਕੁੱਝ ਨਾ ਕੁੱਝ ਸਿੱਖਣ ਦੀ ਕੋਸਿਸ਼ ਕੀਤੀ ਹੈ। ਇਸ ਕੰਮ ਵਿੱਚ ਪਰਿਵਾਰ ਵਲੋਂ ਮੇਰੀ ਮਾਤਾ ਅਤੇ ਭਰਾ ਨੇ ਵੀ ਮਦਦ ਕੀਤੀ। ਇਸ ਦੀ ਉਸ ਨੂੰ ਬਹੁਤ ਖੁਸ਼ੀ ਹੋਈ ਹੈ।
ਧੀ ਨੇ ਵਧੀਆ ਕੰਮ ਕੀਤਾ: ਉਥੇ ਨਿਹਾਰਿਕਾ ਦੀ ਮਾਤਾ ਗੀਤਾ ਸ਼ਰਮਾ ਨੇ ਦੱਸਿਆ ਕਿ ਗਰਮੀ ਦੀਆਂ ਛੁੱਟੀਆਂ ਵਿੱਚ ਮੇਰੀ ਬੇਟੀ ਨੇ ਸਭ ਤੋਂ ਪਹਿਲਾਂ ਸਕੂਲ ਦਾ ਕੰਮ ਪੂਰਾ ਕੀਤਾ। ਇਸ ਉਪਰੰਤ ਇਹ ਆਰਟ ਵਿੱਚ ਦਿਲਚਸਪੀ ਕਰਕੇ ਇਸ ਦਾ ਕੰਮ ਕਰਨ ਲੱਗੀ। ਇਸ ਦੇ ਨਾਲ ਹੀ, ਪ੍ਰੋਜੈਕਟ ਅਤੇ ਮਾਡਲ ਬਣਵਾਉਣ ਦੀ ਉਸ ਦੇ ਦੋਸਤਾਂ ਨੇ ਇੱਛਾ ਜ਼ਾਹਰ ਕੀਤੀ। ਇਸ ਉਪਰੰਤ ਨਿਹਾਰਿਕਾ ਨੇ ਮੇਰੇ ਸ਼ੋਸ਼ਲ ਮੀਡੀਆ ਅਕਾਊਂਟ 'ਤੇ ਪ੍ਰੋਜੈਕਟ ਬਣਾਉਣ ਦੀ ਪੋਸਟ ਸ਼ੇਅਰ ਕੀਤੀ ਜਿਸ ਤੋਂ ਬਾਅਦ ਬੇਟੀ ਨਿਹਾਰਿਕਾ ਨੂੰ ਲੋਕਾਂ ਵਲੋਂ ਆਰਡਰ ਆਉਣ ਲੱਗੇ।
ਇਸ ਨਾਲ ਉਸ ਨੇ ਆਪਣਾ ਸ਼ੌਕ ਵੀ ਪੂਰਾ ਕੀਤਾ ਅਤੇ ਆਪਣੀ ਮਿਹਨਤ ਦੀ ਕੁਝ ਕਮਾਈ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਹੋਰ ਬੱਚੇ ਛੁੱਟੀਆਂ ਦਾ ਸਮਾਂ ਗੇਮਜ਼ ਵਗੈਰਹ ਖੇਡ ਕੇ ਕੱਢਦੇ ਹਨ, ਪਰ ਸਾਡੀ ਬੇਟੀ ਨੇ ਪੜ੍ਹਾਈ ਵਾਲੇ ਪਾਸੇ ਆਪਣਾ ਸ਼ੌਕ ਪੂਰਾ ਕੀਤਾ ਹੈ। ਮਾਂ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਸਾਡੀ ਬੱਚੀ ਦਾ ਆਰਟ ਕਲਾ ਵਿੱਚ ਦਿਲਚਸਪੀ ਹੈ ਅਤੇ ਅਸੀਂ ਇਸ ਨੂੰ ਇਸ ਲਈ ਪੂਰਾ ਸਹਿਯੋਗ ਦੇਵਾਂਗੇ। ਸਾਨੂੰ ਪੂਰੀ ਉਮੀਦ ਹੈ ਕਿ ਸਾਡੀ ਬੇਟੀ ਆਰਟ ਕਲਾ ਵਿੱਚ ਚੰਗੇ ਪ੍ਰੋਜੈਕਟ ਬਣਾਵੇਗੀ ਅਤੇ ਨਾਮ ਕਮਾਏਗੀ।
ਨਿਹਾਰਿਕਾ ਦੀ ਕਲਾ ਦੇ ਚਰਚੇ: ਇਸ ਮੌਕੇ ਵਿਦਿਆਰਥਣ ਨੇਹਾ ਗੋਇਲ ਨੇ ਦੱਸਿਆ ਕਿ ਉਸ ਨੇ ਸ਼ੋਸ਼ਲ ਮੀਡੀਆ ਉੱਤੇ ਪੋਸਟ ਦੇਖਣ ਤੋਂ ਬਾਅਦ ਨਿਹਾਰਿਕਾ ਨਾਲ ਸੰਪਰਕ ਕੀਤਾ, ਕਿਉਂਕਿ ਉਸ ਦੇ ਬੱਚਿਆਂ ਦੇ ਕੁੱਝ ਸਕੂਲ ਦੇ ਪ੍ਰੋਜੈਕਟ ਅਧੂਰੇ ਸਨ। ਇਸ ਬੱਚੀ ਨੇ ਬਹੁਤ ਸੋਹਣੇ ਪ੍ਰੋਜੈਕਟ ਬਣਾਏ ਹਨ। ਸਾਰੇ ਬੱਚਿਆਂ ਨੂੰ ਇਸ ਬੇਟੀ ਤੋਂ ਸਿੱਖਣ ਦੀ ਲੋੜ ਹੈ। ਬੱਚਿਆਂ ਨੂੰ ਫ਼ੋਨ ਵਗੈਰਹ ਛੱਡ ਕੇ ਆਪਣੇ ਸ਼ੌਂਕ ਵਲ ਅਤੇ ਪੜ੍ਹਾਈ ਉਪਰ ਸਮਾਂ ਬਿਤਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਨਿਹਾਰਿਕਾ ਦੇ ਮਾਪਿਆਂ ਨੇ ਇਸ ਦਾ ਸਾਥ ਦਿੱਤਾ ਹੈ, ਉਸੇ ਤਰ੍ਹਾਂ ਹੋਰਨਾ ਮਾਪਿਆਂ ਨੂੰ ਵੀ ਆਪਣੇ ਬੱਚਿਆਂ ਦੇ ਸ਼ੌਕ ਸਬੰਧਤ ਹੋਰ ਹੁਨਰ ਸਿੱਖਣ ਵਿੱਚ ਸਾਥ ਦੇਣਾ ਚਾਹੀਦਾ ਹੈ।