ਭਦੌੜ (ਬਰਨਾਲਾ): ਪੰਜਾਬ 'ਚ ਨਸ਼ੇ ਦਾ ਮੁੱਦਾ ਬੇਹੱਦ ਗੰਭੀਰ ਮੁੱਦਾ ਹੈ। ਪੰਜਾਬ ਦੀ ਜਵਾਨੀ ਦਿਨੋ ਦਿਨ ਨਸ਼ਿਆਂ 'ਚ ਗਰਕਦੀ ਜਾ ਰਹੀ ਹੈ। ਜਿਸ ਦੀ ਰੋਕਥਾਮ ਅੱਜ ਸਮੇਂ ਦੀ ਜ਼ਰੂਰਤ ਹੈ। ਇਸ ਦੁਖਾਂਤ ਨੂੰ ਰੋਕਣ ਲਈ ਸਖ਼ਤ ਕਾਨੂੰਨ ਬਣਨੇ ਚਾਹੀਦੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਮੰਤਰੀ ਬਲਵੰਤ ਸਿੰਘ ਰਾਮੂਵਾਲੀਆ ਨੇ ਕਸਬਾ ਭਦੌੜ ਵਿਖੇ ਸੀਨੀਅਰ ਆਗੂ ਬਾਘ ਸਿੰਘ ਮਾਨ ਦੇ ਗ੍ਰਹਿ ਵਿਖੇ ਗੱਲਬਾਤ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਨਸ਼ੇ ਨਾਲ ਪੰਜਾਬ ਦੇ ਮਾਪਿਆਂ ਦੇ ਨੌਜਵਾਨ ਪੁੱਤਰ ਜਹਾਨ ਛੱਡ ਰਹੇ ਹਨ। ਜਿਸ ਨਾਲ ਮਾਪਿਆਂ ਦਾ ਬੁਢਾਪਾ ਰੁਲ ਰਿਹਾ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਾਪੇ ਆਪਣੀ ਨੌਜਵਾਨ ਪੀੜ੍ਹੀ ਲਈ ਚਿੰਤਤ ਹਨ, ਕਿਉਂਕਿ ਡਰੱਗ ਮਾਫ਼ੀਏ ਨੇ ਪੰਜਾਬ 'ਚ ਇੰਨੇ ਪੈਰ ਪਸਾਰ ਰਹੇ ਹਨ ਕਿ ਮਾਪਿਆਂ ਨੂੰ ਆਪਣੀ ਔਲਾਦ ਦੀ ਚਿੰਤਾ ਵੱਢ ਵੱਢ ਖਾ ਰਹੀ ਹੈ।
ਜਿਸ ਕਾਰਨ ਮਾਪੇ ਅੱਜ ਆਪਣੀ ਨੌਜਵਾਨ ਪੀੜ੍ਹੀ ਨੂੰ ਬਾਹਰਲੇ ਦੇਸ਼ਾਂ 'ਚ ਭੇਜਣ ਨੂੰ ਤਰਜੀਹ ਦੇ ਰਹੇ ਹਨ ਅਤੇ ਸਾਡੇ ਦੇਸ਼ ਖਾਸਕਰ ਪੰਜਾਬ ਚੋਂ ਵੱਡੀ ਪੱਧਰ 'ਤੇ ਨੌਜਵਾਨ ਵਿਕਸਿਤ ਦੇਸ਼ਾਂ ਨੂੰ ਜਾ ਰਹੇ ਹਨ। ਜਿਸ ਦੇ ਨਤੀਜੇ ਪੰਜਾਬ ਲਈ ਆਉਣ ਵਾਲੇ ਸਮੇਂ 'ਚ ਬੜੇ ਭਿਆਨਕ ਨਿਕਲਣਗੇ।
ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਚ ਕੋਈ ਕਾਬਲ ਨੌਜਵਾਨ ਰਹੇਗਾ ਹੀ ਨਹੀਂ ਤਾਂ ਪੰਜਾਬ ਤਰੱਕੀ ਕਿੱਥੋਂ ਕਰੇਗਾ?ਰਾਮੂਵਾਲੀਆ ਨੇ ਕਿਹਾ ਕਿ ਡਰੱਗ ਮਾਫੀਏ ਤਾਂ ਹੀ ਖ਼ਤਮ ਹੋ ਸਕਦੇ ਹਨ ਜੇਕਰ ਸਖ਼ਤ ਕਾਨੂੰਨ ਬਣਨ, ਸਖ਼ਤ ਸਜ਼ਾਵਾਂ ਹੋਣ ਅਤੇ ਹਰੇਕ ਨਸ਼ੇ ਦੀ ਬਰਾਬਰ ਸਜ਼ਾ ਹੋਵੇ। ਜਿਸ ਨਾਲ ਨਸ਼ੇ ਦੇ ਤਸਕਰਾਂ ਚ ਇਹ ਖ਼ੌਫ ਪਾਇਆ ਜਾਵੇ ਕਿ ਜੇਕਰ ਅਸੀਂ ਫੜੇ ਗਏ ਤਾਂ ਸਾਰੀ ਜ਼ਿੰਦਗੀ ਜੇਲ੍ਹਾਂ ਚ ਹੀ ਰੁਲਾਗੇ।
ਇਸ ਸਮੇਂ ਸੀਨੀਅਰ ਆਗੂ ਅਤੇ ਸਮਾਜਸੇਵੀ ਬਾਘ ਸਿੰਘ ਮਾਨ, ਸਰਪੰਚ ਸੁਰਿੰਦਰਪਾਲ ਗਰਗ ਆੜ੍ਹਤੀਆ, ਸੁਰਜੀਤ ਸਿੰਘ ਸੰਘੇੜਾ,ਤੋਤਾ ਸਿੰਘ ਮਾਨ, ਇੰਦਰ ਸਿੰਘ ਭਿੰਦਾ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਕਾਂਗਰਸ ਉਮੀਦਵਾਰਾਂ ਨੂੰ ਰਾਜਸਥਾਨ ਜਾਂ ਛੱਤੀਸਗੜ੍ਹ ਭੇਜਣ ਦੀ ਤਿਆਰੀ ’ਚ !